ਸਿੱਖ ਸਾਈਕਲ ਦੌੜਾਕ ਨੂੰ ਦਸਤਾਰ ਬੰਨ੍ਹ ਕੇ ਹਿੱਸਾ ਲੈਣ ਤੋਂ ਰੋਕਣ ਦਾ ਮਾਮਲਾ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

'ਮਾਮਲੇ 'ਚ ਸਾਈਕਲ ਫ਼ੈਡਰੇਸ਼ਨ ਆਫ਼ ਇੰਡੀਆ ਦਾ ਕੋਈ ਰੋਲ ਨਹੀਂ'

Manjit Singh GK

24 ਅਪ੍ਰੈਲ (ਅਮਨਦੀਪ ਸਿੰਘ) ਸਿੱਖ ਸਾਈਕਲ ਦੌੜਾਕ ਹਰਦੀਪ ਸਿੰਘ ਪੁਰੀ ਨੂੰ ਪੱਗ ਬੰਨ੍ਹ ਕੇ, ਸਾਈਕਲ ਮੁਕਾਬਲਿਆਂ ਵਿਚ ਹਿੱਸਾ ਨਾ ਲੈਣ ਦੇਣ ਲਈ 'ਸੋਸ਼ਲ ਮੀਡੀਆ' ਤੇ ਸਾਈਕਲ ਫ਼ੈਡਰੇਸ਼ਨ ਆਫ਼ ਇੰਡੀਆ ਨੂੰ ਦੋਸ਼ੀ ਠਹਿਰਾਏ ਜਾਣ 'ਤੇ ਟਿੱਪਣੀ ਕਰਦਿਆਂ ਸਾਈਕਲ ਫ਼ੈਡਰੇਸ਼ਨ ਆਫ਼ ਇੰਡੀਆ ਦੇ ਕੌਮੀ ਮੀਤ ਪ੍ਰਧਾਨ ਤੇ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ.ਮਨਜੀਤ ਸਿੰਘ ਜੀ.ਕੇ. ਨੇ ਸਪਸ਼ਟ ਕੀਤਾ ਹੈ ਕਿ ਇਸ ਮਾਮਲੇ ਵਿਚ ਸਾਈਕਲ ਫ਼ੈਡੇਸ਼ਨ ਆਫ਼ ਇੰਡੀਆ ਦਾ ਕੋਈ ਰੋਲ ਨਹੀਂ।ਸ.ਜੀ.ਕੇ. ਨੇ ਕਿਹਾ ਹੈ ਕਿ ਸਿੱਖ ਸਾਈਲ ਦੌੜਾਕ ਸ.ਹਰਦੀਪ ਸਿੰਘ ਪੁਰੀ ਫ਼ਰਾਂਸ ਦੇ ਸਾਈਕਲ ਕਲੱਬ ਓਡੇਕਸ ਕਲੱਬ ਪੈਰੀਸ਼ੀਅਨ ਦੇ ਭਾਰਤੀ ਸਹਿਯੋਗੀ ਓਡੇਕਸ ਇੰਡੀਆ ਰੈਨਡੋਨਰਸ ਨੇ ਪੱਗ ਬੰਨ੍ਹ ਕੇ, ਸਾਈਕਲ ਮੁਕਾਬਲੇ ਵਿਚ ਹਿੱਸਾ ਲੈਣ ਤੋਂ ਰੋਕਿਆ ਹੈ ਤੇ ਪੈਰਿਸ ਕਲੱਬ ਵਲੋਂ ਓਡੇਕਸ ਇੰਡੀਆ ਨੂੰ ਮਾਨਤਾ ਦਿਤੀ ਗਈ ਹੈ, ਇਸ ਵਿਚ ਸਾਈਕਲ ਫ਼ੈਡਰੇਸ਼ਨ ਆਫ਼ ਇੰਡੀਆ ਦੀ ਕੋਈ ਭੂਮਿਕਾ ਨਹੀਂ,

ਪਰ 'ਸੋਸ਼ਲ ਮੀਡੀਆ'ਤੇ ਜਾਣਬੁੱਝ ਕੇ, ਸਿਆਸੀ ਮਕਸਦ ਲਈ ਸਾਈਕਲ ਫ਼ੈਡਰੇਸ਼ਨ ਆਫ਼ ਇੰਡੀਆ ਨੂੰ ਦੋਸ਼ੀ ਠਹਿਰਾਇਆ ਜਾ ਰਿਹਾ ਹੈ, ਜੋਕਿ ਅਸਲ ਤੱਥਾਂ ਤੋਂ ਉਲਟ ਹੈ। ਉਨ੍ਹਾਂ ਹੈਰਾਨੀ ਪ੍ਰਗਟਾਈ ਕਿ ਭਾਰਤ 'ਚ  1200 ਸੀ.ਸੀ. ਦੀ ਬਾਈਕ ਚਲਾਉਣ ਲਈ ਸਿੱਖ ਨੂੰ ਹੈਲਮੇਟ ਦੀ ਲੋੜ ਨਹੀਂ, ਪਰ ਸਾਈਕਲ ਮੁਕਾਬਲੇ ਲਈ ਹੈਲਮੇਟ ਲਾਜ਼ਮੀ ਕਰਨਾ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਗੁਰਦਵਾਰਾ ਕਮੇਟੀ ਤੇ ਸ਼੍ਰੋਮਣੀ ਕਮੇਟੀ ਦੋਹਾਂ ਨੇ ਇਸ ਮਾਮਲੇ ਵਿਚ ਸਿੱਖਾਂ ਦਾ ਪੱਖ ਸੁਪਰੀਮ ਕੋਰਟ ਵਿਚ ਰੱਖਣ ਦਾ ਫ਼ੈਸਲਾ ਕੀਤਾ ਹੈ।ਉਨਾਂ੍ਹ ਕਿਹਾ ਕਿ ਜੇ ਕੋਈ ਸਿੱਖ ਖਿਡਾਰੀ ਪੱਗ ਬੰਨ੍ਹ ਕੇ, ਸਾਈਕਲ ਮੁਕਾਬਲੇ ਵਿਚ ਹਿੱਸਾ ਲੈਣ ਲਈ ਸਾਈਕਲ ਫ਼ੈਡਰੇਸ਼ਨ ਆਫ਼ ਇੰਡੀਆ ਕੋਲ ਇੱਛਾ ਪ੍ਰਗਟਾਉਂਦਾ ਹੈ ਤਾਂ  ਉਸਨੂੰ ਕੁੱਝ ਸ਼ਰਤਾਂ ਨਾਲ ਮੁਕਾਬਲੇ ਵਿਚ ਹਿੱਸਾ ਲੈਣ ਦੀ ਮਨਜ਼ੂਰੀ ਦੇ ਦਿਤੀ ਜਾਂਦੀ ਹੈ ਤੇ ਨਾਲ ਹੀ ਇਹ ਹਲਫ਼ਨਾਮਾ ਲਿਆ ਜਾਂਦਾ ਹੈ ਕਿ ਹੈਲਮੇਟ ਨਾ ਪਾਉਣ ਕਾਰਨ ਜੇ ਕੋਈ ਹਾਦਸਾ ਵਾਪਰਦਾ ਹੈ ਤਾਂ ਇਸ ਲਈ ਫ਼ੈਡਰੇਸ਼ਨ ਦੀ ਕੋਈ ਜ਼ਿੰਮੇਵਾਰੀ ਨਹੀਂ ਹੋਵੇਗੀ।