ਨਾਨਕ ਸ਼ਾਹ ਫ਼ਕੀਰ ਫ਼ਿਲਮ ਦਾ ਮਾਮਲਾ - ਸਬ-ਕਮੇਟੀ ਵਿਰੁਧ ਕਢਿਆ ਰੋਸ ਮਾਰਚ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਵਿਵਾਦਤ ਫ਼ਿਲਮ ਨੂੰ ਹਰੀ ਝੰਡੀ ਦਿਵਾਉਣ ਪਿੱਛੇ ਬਾਦਲ ਪਰਵਾਰ ਦਾ ਹੱਥ: ਸਿੱਖ ਯੂਥ ਸੰਗਠਨਾਂ ਦਾ ਦੋਸ਼

Protest

ਸਿੱਖ ਯੂਥ ਆਫ਼ ਪੰਜਾਬ, ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਅਤੇ ਜਥਾ ਸਿਰਲੱਥ ਖ਼ਾਲਸਾ ਨੇ 'ਨਾਨਕ ਸ਼ਾਹ ਫ਼ਕੀਰ' ਫ਼ਿਲਮ ਨੂੰ ਪ੍ਰਵਾਨਗੀ ਦੇਣ ਵਾਲੀ ਸ਼੍ਰੋਮਣੀ ਕਮੇਟੀ ਦੀ ਸਬ-ਕਮੇਟੀ ਦੇ ਮੈਂਬਰਾਂ ਵਿਰੁਧ ਅੱਜ ਭੰਡਾਰੀ ਪੁੱਲ ਤੋਂ ਅਕਾਲ ਤਖ਼ਤ ਤਕ ਰੋਸ ਮਾਰਚ ਕੀਤਾ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਨਾਂ ਯਾਦ-ਪੱਤਰ ਦੇ ਕੇ ਮੰਗ ਕੀਤੀ ਕਿ ਇਨ੍ਹਾਂ ਮੈਂਬਰਾਂ ਨੂੰ ਪੰਥ ਨੂੰ ਧੋਖਾ ਦੇਣ ਦੇ ਦੋਸ਼ ਹੇਠ ਧਾਰਮਕ ਅਹੁਦਿਆਂ ਅਤੇ ਜ਼ਿੰਮੇਵਾਰੀਆਂ ਤੋਂ ਫ਼ਾਰਗ ਕੀਤਾ ਜਾਵੇ। ਨੌਜਵਾਨ ਜਥੇਬੰਦੀਆਂ ਦੇ ਆਗੂਆਂ ਪਰਮਜੀਤ ਸਿੰਘ ਮੰਡ, ਸੁਖਰਾਜ ਸਿੰਘ, ਪਰਮਜੀਤ ਸਿੰਘ ਅਕਾਲੀ, ਜਥੇ. ਦਿਲਬਾਗ ਸਿੰਘ, ਬਲਵੰਤ ਸਿੰਘ ਗੋਪਾਲਾ, ਰਣਜੀਤ ਸਿੰਘ ਦਮਦਮੀ ਟਕਸਾਲ, ਗੁਰਨਾਮ ਸਿੰਘ, ਪੰਜਾਬ ਸਿੰਘ ਅਤੇ ਜਗਜੋਤ ਸਿੰਘ ਨੇ ਵਿਵਾਦਤ ਫ਼ਿਲਮ ਦੇ ਬਨਣ ਤੋਂ ਲੈ ਕੇ ਇਸ ਦੀ ਰਿਲੀਜ਼ ਹੋਣ ਤਕ ਸਾਰੀ ਸਥਿਤੀ ਬਾਰੇ ਪ੍ਰਗਟਾਵਾ ਕਰਦਿਆਂ ਕਿਹਾ ਕਿ ਫ਼ਿਲਮ ਨੂੰ ਸਬ-ਕਮੇਟੀ ਤੋਂ ਹਰੀ-ਝੰਡੀ ਦਿਵਾਉਣ ਪਿੱਛੇ ਬਾਦਲਕਿਆਂ ਦਾ ਲੁਕਵਾਂ ਹੱਥ ਹੈ।

ਉਨ੍ਹਾਂ ਇਸ ਸਬੰਧ ਵਿਚ ਤਖ਼ਤੀਆਂ ਫੜੀਆਂ ਹੋਈਆਂ ਸਨ ਜਿਨ੍ਹਾਂ ਉਤੇ ਲਿਖਿਆ ਸੀ ਕਿ ਬਾਦਲਕਿਆਂ ਨੇ ਹੀ ਫ਼ਿਲਮ ਨੂੰ ਸਬ-ਕਮੇਟੀ ਪਾਸੋਂ ਅਪਣਾ ਸਿਆਸੀ ਦਬਦਬਾ ਵਰਤਦਿਆਂ ਹਰੀ-ਝੰਡੀ ਦਿਵਾਈ ਹੈ। ਪ੍ਰਵਾਨਗੀ ਦੇਣ ਵਾਲੀ ਸਬ-ਕਮੇਟੀ ਦੇ ਮੈਂਬਰਾਂ ਨੂੰ ਕਰੜੇ ਹੱਥੀ ਲੈਂਦਿਆਂ ਆਗੂਆਂ ਨੇ ਕਿਹਾ ਕਿ ਇਨ੍ਹਾਂ ਕਮਜ਼ੋਰ ਅਤੇ ਸਿਧਾਂਤਹੀਣ ਲੋਕਾਂ ਵਲੋਂ ਜ਼ਿੰਮੇਵਾਰ ਅਹੁਦਿਆਂ 'ਤੇ ਬੈਠ ਕੇ ਲਏ ਜਾ ਰਹੇ ਗ਼ਲਤ ਫ਼ੈਸਲਿਆਂ ਨਾਲ ਸਮੁੱਚੇ ਪੰਥ ਨੂੰ ਦੁਨੀਆਂ ਸਾਹਮਣੇ ਸ਼ਰਮਸਾਰ ਵੀ ਹੋਣਾ ਪਿਆ ਹੈ। ਜਥੇਬੰਦੀਆਂ ਨੇ ਸੁਝਾਅ ਦਿਤਾ ਕਿ ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਹੈ ਕਿ ਉਹ ਮਾਹਰਾਂ ਅਤੇ ਵਿਦਵਾਨਾਂ ਦੀ ਇਕ ਕਮੇਟੀ ਬਣਾਏ ਜੋ 2003 ਦੇ ਮਤੇ ਦੀ ਰੌਸ਼ਨੀ ਵਿਚ ਬਹੁ-ਭਾਸ਼ਾਈ ਸਾਹਿਤ ਤਿਆਰ ਕਰ ਕੇ ਵੱਡੇ ਅਤੇ ਛੋਟੇ ਪਰਦੇ (ਫ਼ਿਲਮਾਂ ਅਤੇ ਨਾਟਕਾਂ) ਦੇ ਨਿਰਦੇਸ਼ਕਾਂ, ਅਦਾਕਾਰਾਂ ਅਤੇ ਨਿਰਮਾਤਾਵਾਂ ਨਾਲ ਸੰਪਰਕ ਸਾਧ ਕੇ ਉਨ੍ਹਾਂ ਤਕ ਇਹ ਸਾਹਿਤ ਪਹੁੰਚਦਾ ਕਰੇ ਅਤੇ ਇਸ ਸਾਹਿਤ ਦੀਆਂ ਕਾਪੀਆਂ ਸੂਚਨਾ ਮੰਤਰਾਲੇ ਅਤੇ ਫ਼ਿਲਮ ਸੈਂਸਰ ਬੋਰਡ ਦੇ ਸਮੂਹ ਮੈਂਬਰਾਂ ਤਕ ਵੀ ਪਹੁੰਚਦੀਆਂ ਕੀਤੀਆਂ ਜਾਣ ਤਾਕਿ ਇਸ ਮਸਲੇ ਨੂੰ ਜੜ ਤੋਂ ਖ਼ਤਮ ਕੀਤਾ ਜਾ ਸਕੇ।