ਇੰਗਲੈਂਡ ਦੇ ਅਧਿਕਾਰੀ ਨੇ ਗੁਰਦਵਾਰੇ ਨੂੰ ਕਿਹਾ ਮਸਜਿਦ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਵਿਵਾਦ ਤੋਂ ਬਾਅਦ ਮੰਗੀ ਮਾਫ਼ੀ

Darbar Sahib

ਇੰਗਲੈਂਡ ਦੇ ਇਕ ਸੀਨੀਅਰ ਅਧਿਕਾਰੀ ਨੇ ਅੰਮ੍ਰਿਤਸਰ ਸਥਿਤ ਗੋਲਡਨ ਟੈਂਪਲ (ਦਰਬਾਰ ਸਾਹਿਬ) ਨੂੰ ਗੋਲਡਨ ਮਸਜਿਦ ਕਿਹਾ ਦਿਤਾ ਅਤੇ ਸਿੱਖਾਂ ਵਲੋਂ ਕੀਤੇ ਵਿਰੋਧ ਤੋਂ ਬਾਅਦ ਉਨ੍ਹਾਂ ਇਸ ਗ਼ਲਤੀ ਦੀ ਮਾਫ਼ੀ ਮੰਗ ਲਈ। ਕਲ ਟਵੀਟ ਕਰਦਿਆਂ ਵਿਦੇਸ਼ ਤੇ ਕਾਮਨਵੈਲਥ ਦਫ਼ਤਰ ਦੇ ਸਕੱਤਰ ਸੀਮੋਨ ਮੈਕਡੋਨਾਲਡ ਨੇ ਗੋਲਡਨ ਟੈਂਪਲ ਨੂੰ ਗੋਲਡਨ ਮਸਜਿਦ ਕਹਿ ਦਿਤਾ ਸੀ। ਟਵੀਟ ਵਿਚ ਉਨ੍ਹਾਂ ਕਿਹਾ ਕਿ ਸਾਲ 1997 ਵਿਚ ਇੰਗਲੈਂਡ ਦੀ ਮਹਾਰਾਣੀ ਦੇ ਜਨਮ ਦਿਨ ਦੀ ਪਾਰਟੀ ਵਿਚ ਉਨ੍ਹਾਂ ਨੂੰ ਗੋਲਡਨ ਮਸਜਿਦ ਦੀ ਤਸਵੀਰ ਭੇਂਟ ਕੀਤੀ ਗਈ ਸੀ ਜੋ ਹਾਲੇ ਵੀ ਡਿਪਟੀ ਹਾਈ ਕਮਿਸ਼ਨ ਦੇ ਦਫ਼ਤਰ ਵਿਚ ਲੱਗੀ ਹੋਈ ਹੈ। ਅਧਿਕਾਰੀ ਵਲੋਂ ਇਹ ਕਹਿਣ ਤੋਂ ਬਾਅਦ ਹੀ ਸਿੱਖਾਂ ਨੇ ਰੋਸ ਪ੍ਰਗਟਾਇਆ ਜਿਸ ਤੋਂ ਬਾਅਦ ਉਨ੍ਹਾਂ ਮਾਫ਼ੀ ਮੰਗ ਲਈ। ਅੱਜ ਸਵੇਰੇ ਉਨ੍ਹਾਂ ਮਾਫ਼ੀ ਮੰਗਦਿਆਂ ਕਿਹਾ ਕਿ ਉਨ੍ਹਾਂ ਤੋਂ ਗ਼ਲਤੀ ਹੋ ਗਈ ਹੈ ਅਤੇ ਉਹ ਕਾਫ਼ੀ ਸ਼ਰਮਿੰਦਾ ਹਨ। ਉਨ੍ਹਾਂ ਕਿਹਾ ਕਿ ਗੋਲਡਨ ਟੈਂਪਲ ਨੂੰ ਸ੍ਰੀ ਹਰਿਮੰਦਰ ਸਾਹਿਬ ਕਹਿਣਾ ਜ਼ਿਆਦਾ ਚੰਗਾ ਰਹਿਣਾ ਸੀ।

ਸਿੱਖ ਫ਼ੈਡਰੇਸ਼ਨ ਦੇ ਚੇਅਰਮੈਨ ਭਾਈ ਅਮਰੀਕ ਸਿੰਘ ਨੇ ਕਿਹਾ ਕਿ ਇਹ ਇੰਗਲੈਂਡ ਦੇ ਕਿਸੇ ਸੀਨੀਅਰ ਅਧਿਕਾਰੀ ਵਲੋਂ ਕੀਤੀ ਗਈ ਸੱਭ ਤੋਂ ਵੱਡੀ ਗ਼ਲਤੀ ਹੈ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਇਸ ਗ਼ਲਤੀ ਲਈ ਮਾਫ਼ੀ ਮੰਗਣਾ ਹੀ ਕਾਫ਼ੀ ਨਹੀਂ ਹੋਵੇਗਾ। ਸਿੱਖ ਚਾਹੁੰਦੇ ਹਨ ਕਿ ਇੰਗਲੈਂਡ ਦੇ ਸੀਨੀਅਰ ਅਧਿਕਾਰੀਆਂ ਵਿਚ ਸਿੱਖ ਧਰਮ ਬਾਰੇ ਪੂਰੀ ਜਾਣਕਾਰੀ ਹੋਵੇ ਅਤੇ ਜੇ ਅਜਿਹਾ ਨਹੀਂ ਹੁੰਦਾ ਤਾਂ ਇੰਗਲੈਂਡ ਵਿਚ ਸਿੱਖਾਂ ਨੂੰ ਅਜਿਹੇ ਮਾੜੇ ਸਮੇਂ ਦਾ ਸਾਹਮਣਾ ਲਗਾਤਾਰ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਸਥਿਤ ਗੋਲਡਨ ਟੈਂਪਲ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਨਾਂ ਤੋਂ ਵੀ ਜਾਣਿਆ ਜਾਂਦਾ ਹੈ ਅਤੇ ਇਹ ਸਿੱਖ ਧਰਮ ਵਿਚ ਕਾਫ਼ੀ ਅਹਿਮ ਥਾਂ ਰਖਦਾ ਹੈ।  
(ਪੀ.ਟੀ.ਆਈ.)