ਦਿੱਲੀ ਕਮੇਟੀ ਨਫ਼ਰਤੀ ਭਾਸ਼ਣ ਦੇਣ ਵਾਲੇ ਪ੍ਰਧਾਨ ਮੰਤਰੀ ਦੀ ਹਮਾਇਤ ਕਿਉਂ ਕਰ ਰਹੀ ਹੈ? : ਰਣਜੀਤ ਕੌਰ 

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

‘ਕੀ ਦਿੱਲੀ ਕਮੇਟੀ ਨੇ ਸਿੱਖ ਬੰਦੀਆਂ ਦੀ ਰਿਹਾਈ ਅਤੇ ਕਿਸਾਨਾਂ ਦੇ ਮਸਲੇ ਹੱਲ ਕਰਵਾ ਲਏ ਹਨ, ਜੋ ਭਾਜਪਾ ਨੂੰ ਸਿੱਖਾਂ ਦੀ ਵੋਟਾਂ ਪਵਾਉਣ ਲਈ ਤਰਲੋਮੱਛੀ ਹੋ ਰਹੀ ਹੈ’

Bibi Ranjit Kaur

ਨਵੀਂ ਦਿੱਲੀ  (ਅਮਨਦੀਪ ਸਿੰਘ): ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ (ਦਿੱਲੀ ਸਟੇਟ) ਦੀ ਪ੍ਰਧਾਨ ਤੇ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰਨੀ ਮੈਂਬਰ ਰਣਜੀਤ ਕੌਰ ਨੇ ਸਵਾਲ ਕੀਤਾ ਹੈ ਕਿ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਪ੍ਰਬੰਧਕ ਤੇ ਉਨ੍ਹਾਂ ਦਾ ਸ਼੍ਰੋਮਣੀ ਅਕਾਲੀ ਦਲ (ਦਿੱਲੀ ਸਟੇਟ) ਕਿਸ ਆਧਾਰ ’ਤੇ ਲੋਕ ਸਭਾ ਚੋਣਾਂ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਦੀ ਹਮਾਇਤ ਵਿਚ ਵੋਟਾਂ ਪਾਉਣ ਲਈ ਤਰਲੋਮੱਛੀ ਹੋ ਰਹੇ ਹਨ,  ਕੀ ਸਰਕਾਰ ਨੇ ਸਿੱਖ ਬੰਦੀਆਂ ਦੀ ਰਿਹਾਈ ਕਰ ਦਿਤੀ ਹੈ ਜਾਂ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਨੂੰ ਉਮਰ ਕੈਦ ਵਿਚ ਬਦਲ ਦਿਤਾ ਹੈ?

ਇਥੇ ਜਾਰੀ ਇਕ ਬਿਆਨ ਵਿਚ ਉਨ੍ਹਾਂ ਕਿਹਾ ਕਿ ਅਪ੍ਰੈਲ ਮਹੀਨੇ ਦੇ ਅਖ਼ੀਰ 27-28 ਅਪ੍ਰੈਲ ਨੂੰ ਦਿੱਲੀ ਕਮੇਟੀ ਦੇ ਪ੍ਰਬੰਧਕ ਸਿਰਫ਼ ਇਸ ਲਈ ਫ਼ਤਿਹ ਦਿਹਾੜਾ ਮਨਾਉਣ ਜਾ ਰਹੇ ਹਨ ਤਾਕਿ ਭਾਜਪਾ ਨੂੰ ਚੋਣਾਂ ਵਿਚ ਫ਼ਾਇਦਾ ਮਿਲ ਸਕੇ। ਜਦ ਕਿ ਅਦਾਲਤ ਨੇ ਕਮੇਟੀ ਦੇ ਖ਼ਰਚੇ ਕਰਨ ’ਤੇ ਰੋਕ ਲਾਈ ਹੋਈ ਹੈ। ਰਣਜੀਤ ਕੌਰ ਨੇ ਕਿਹਾ,“ਦਿੱਲੀ ਕਮੇਟੀ ਪ੍ਰਧਾਨ ਤੇ ਜਨਰਲ ਸਕੱਤਰ ਸਿੱਖਾਂ ਨੂੰ ਕੋਈ ਇਕ ਮਸਲਾ ਦਸ ਦੇਣ ਜਿਸ ਦਾ ਹੱਲ ਉਨ੍ਹਾਂ ਮੋਦੀ ਸਰਕਾਰ ਕੋਲੋਂ ਕਰਵਾ ਦਿਤਾ ਹੋਵੇ। 

30-30 ਸਾਲ ਤੋਂ ਜੇਲਾਂ ਵਿਚ ਡੱਕੇ ਹੋਏ ਸਿੱਖਾਂ ਦੀ ਰਿਹਾਈ ਨਹੀਂ ਕੀਤੀ ਗਈ ਅਤੇ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਮਾਫ਼ੀ ਤੋਂ ਵੀ ਕੇਂਦਰ ਸਰਕਾਰ ਮੁਕਰ ਗਈ ਹੈ। ਕਿਸਾਨਾਂ ਦਾ ਵੀ ਕੋਈ ਮਸਲਾ ਹੱਲ ਨਹੀਂ ਹੋਇਆ ਤੇ ਉਹ ਮੁੜ ਸੰਘਰਸ਼ ਕਰ ਰਹੇ ਹਨ। ਜਿਹੜੇ ਪ੍ਰਧਾਨ ਮੰਤਰੀ ਮੋਦੀ ਇਕ ਧਰਮ ਵਿਸ਼ੇਸ਼ ਦੇ ਵਿਰੁਧ ਨਫ਼ਰਤੀ ਭਾਸ਼ਣ ਦੇ ਕੇ ਮੁੜ ਸੱਤਾ ਵਿਚ ਆਉਣਾ ਚਾਹੁੰਦੇ ਹਨ, ਉਨ੍ਹਾਂ ਦੀ ਹਮਾਇਤ ਦਿੱਲੀ ਕਮੇਟੀ ਕਿਉਂ ਕਰ ਰਹੀ ਹੈ, ਸਿੱਖਾਂ ਨੂੰ ਜ਼ਰੂਰ ਦਸਣ।”