ਭਾਈ ਸ਼ਮਸ਼ੇਰ ਸਿੰਘ ਦੇ ਘਰ ਦੀ ਉਸਾਰੀ 'ਸਿੱਖ ਰਿਲੀਫ਼ ਯੂ.ਕੇ.' ਵਲੋਂ ਸ਼ੁਰੂ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਅਜੇ ਕੁੱਝ ਦਿਨ ਪਹਿਲਾਂ ਜੰਮੂ ਦੇ ਇਕ ਪੰਥ ਹਿਤਾਂ ਲਈ ਕੁਰਬਾਨੀ ਕਰਨ ਵਾਲੇ ਪਰਵਾਰ ਦਾ ਗੁਜ਼ਾਰਾ ਚਲਾਉਣ ਲਈ ਸਿੱਖ ਰਿਲੀਫ਼ ਯੂ ਕੇ ਨੇ ਟਰੱਕ ਲੈ ਕੇ ਦਿਤਾ ਸੀ ...

Opening Of Bhai Shamsher Singh's house

ਕੋਟਕਪੂਰਾ : ਅਜੇ ਕੁੱਝ ਦਿਨ ਪਹਿਲਾਂ ਜੰਮੂ ਦੇ ਇਕ ਪੰਥ ਹਿਤਾਂ ਲਈ ਕੁਰਬਾਨੀ ਕਰਨ ਵਾਲੇ ਪਰਵਾਰ ਦਾ ਗੁਜ਼ਾਰਾ ਚਲਾਉਣ ਲਈ ਸਿੱਖ ਰਿਲੀਫ਼ ਯੂ ਕੇ ਨੇ ਟਰੱਕ ਲੈ ਕੇ ਦਿਤਾ ਸੀ ਤੇ ਹੁਣ ਉਨ੍ਹਾਂ ਚੰਡੀਗੜ੍ਹ ਦੀ ਬੁੜੈਲ ਜੇਲ 'ਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਭਾਈ ਸ਼ਮਸ਼ੇਰ ਸਿੰਘ ਦੇ ਘਰ ਦੀ ਉਸਾਰੀ ਦਾ ਕੰਮ ਆਰੰਭ ਦਿਤਾ ਹੈ। ਭਾਈ ਸ਼ਮਸ਼ੇਰ ਸਿੰਘ ਦੇ ਜੱਦੀ ਪਿੰਡ ਉਕਸੀ ਜੱਟਾਂ ਨੇੜੇ ਰਾਜਪੁਰਾ ਵਿਖੇ ਅਕਾਲ ਤਖ਼ਤ ਸਾਹਿਬ ਤੋਂ ਜਬਰੀ ਲਾਂਭੇ ਕੀਤੇ ਗਏ ਪੰਜ ਪਿਆਰਿਆਂ ਨੇ ਅਰਦਾਸ ਕਰ ਕੇ ਘਰ ਦੀ ਨੀਂਹ ਰੱਖਦਿਆਂ ਉਸਾਰੀ ਦੀ ਸ਼ੁਰੂਆਤ ਕੀਤੀ।

ਸਿੱਖ ਰਿਲੀਫ਼ ਯੂ ਕੇ ਦੇ ਆਗੂ ਅਮਨਦੀਪ ਸਿੰਘ ਬਾਜਾਖ਼ਾਨਾ ਨੇ ਦਸਿਆ ਕਿ ਸਿੱਖ ਕੌਮ ਲਈ ਘਰ ਬਣਾਉਣ ਵਾਸਤੇ ਅਪਣਾ ਸੱਭ ਕੁੱਝ ਦਾਅ 'ਤੇ ਲਾ ਕੇ ਤੁਰੇ ਭਾਈ ਸ਼ਮਸ਼ੇਰ ਸਿੰਘ 1995 ਤੋਂ ਬੇਅੰਤ ਸਿੰਘ ਕਤਲ ਕਾਂਡ 'ਚ ਚੰਡੀਗੜ੍ਹ ਦੀ ਬੁੜੈਲ ਜੇਲ 'ਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਹਨ। ਉਨ੍ਹਾਂ ਦਸਿਆ ਕਿ ਸਿੱਖ ਰਿਲੀਫ਼ ਯੂ ਕੇ ਸੰਸਥਾ ਪਿਛਲੇ ਲੰਮੇ ਸਮੇਂ ਤੋਂ ਬੰਦੀ ਸਿੰਘਾਂ ਦੀ ਰਿਹਾਈ ਅਤੇ ਭਲਾਈ ਲਈ ਯਤਨਸ਼ੀਲ ਹੈ।

ਸੰਸਥਾ ਦੇ ਆਗੂਆਂ ਨੇ ਖ਼ੁਦ ਜਾ ਕੇ ਦੇਖਿਆ ਕਿ 1995 ਤੋਂ ਜੇਲ 'ਚ ਹੋਣ ਕਰ ਕੇ ਸਿੱਖ ਕੌਮ ਦੀ ਆਨ ਸ਼ਾਨ ਅਤੇ ਕੌਮੀ ਘਰ ਦੀ ਪ੍ਰਾਪਤੀ ਲਈ ਤੁਰੇ ਭਾਈ ਸ਼ਮਸ਼ੇਰ ਸਿੰਘ ਦਾ ਅਪਣਾ ਘਰ ਖੰਡਰ ਬਣ ਗਿਆ ਸੀ ਅਤੇ ਸਿੱਖ ਰਿਲੀਫ਼ ਨੇ ਅਪਣਾ ਮੁਢਲਾ ਫ਼ਰਜ਼ ਸਮਝਦਿਆਂ ਸਮੁੱਚੀ ਸਿੱਖ ਕੌਮ ਦੇ ਸਹਿਯੋਗ ਨਾਲ ਉਨ੍ਹਾਂ ਦੇ ਘਰ ਦੀ ਮੁੜ ਉਸਾਰੀ ਦਾ ਕੰਮ ਆਰੰਭਿਆ ਹੈ। 

ਸਿੱਖ ਰਿਲੀਫ਼ ਵਲੋਂ ਭਾਈ ਸ਼ਮਸ਼ੇਰ ਸਿੰਘ ਦੀ ਰਿਹਾਈ ਲਈ ਯਤਨ ਵੀ ਜਾਰੀ ਹਨ ਅਤੇ ਸਿੱਖ ਰਿਲੀਫ਼ ਦੇ ਯਤਨਾਂ ਸਦਕਾ ਭਾਈ ਸ਼ਮਸ਼ੇਰ ਸਿੰਘ ਹੁਣ ਥੋੜੇ ਸਮੇਂ ਲਈ ਛੁੱਟੀ ਆ ਰਹੇ ਹਨ। ਉਨ੍ਹਾਂ ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਸਿੱਖਾਂ ਦਾ ਇਹ ਮੁਢਲਾ ਫ਼ਰਜ਼ ਬਣਦਾ ਹੈ ਕਿ ਸਿੱਖ ਕੌਮ ਦੀ ਆਨਸ਼ਾਨ ਅਤੇ ਕੌਮੀ ਘਰ ਦੀ ਪ੍ਰਾਪਤੀ ਲਈ ਅਪਣਾ ਘਰ ਤਬਾਹ ਕਰਨ ਵਾਲੇ ਜੁਝਾਰੂਆਂ ਦੇ ਘਰਾਂ ਦੀ ਉਸਾਰੀ ਕੀਤੀ ਜਾਵੇ।

ਉਨ੍ਹਾਂ ਦਸਿਆ ਕਿ ਸੰਸਥਾ ਜਿਥੇ ਕੌਮੀ ਹਿਤਾਂ ਲਈ ਕੁਰਬਾਨ ਅਤੇ ਨਜ਼ਰਬੰਦ ਸਿੰਘਾਂ ਦੀ ਕੇਸਾਂ ਦੀ ਪੈਰਵਾਈ ਕਰ ਰਹੀ ਹੈ, ਉਸ ਨਾਲ ਨਾਲ ਬੱਚਿਆਂ ਦੀ ਪੜ੍ਹਾਈ, ਪਰਵਾਰਾਂ ਨੂੰ ਡਾਕਟਰੀ ਸਹੂਲਤ, ਮਹੀਨਾਵਾਰੀ ਖ਼ਰਚੇ, ਬੱਚਿਆਂ ਦੇ ਅਨੰਦ ਕਾਰਜਾਂ 'ਚ ਸਹਾਇਤਾ, ਘਰ ਬਣਾਉਣੇ ਅਤੇ ਮੁੜ ਵਸੇਬਾ ਯੋਜਨਾ ਅਧੀਨ ਰੁਜ਼ਗਾਰ ਖੋਲ੍ਹਣ 'ਚ ਵੀ ਮਦਦ ਕੀਤੀ ਜਾਂਦੀ ਹੈ।