Mastar Tara Singh: ਕੀ ਮਾਸਟਰ ਤਾਰਾ ਸਿੰਘ ਦੇ ਬੁਤ ਨੂੰ ਪਾਰਲੀਮੈਂਟ ’ਚ ਲੱਗਣ ਲਈ ਕਦੇ ਢੁਕਵੀਂ ਥਾਂ ਦਿਤੀ ਜਾਵੇਗੀ?
‘ਸਰਕਾਰੀ ਸਿੱਖ ਲੀਡਰ’ ਸਿੱਖਾਂ ਦੀ ਸ਼ਕਤੀ ਨੂੰ ਹੀ ਵੰਡਦੇ ਰਹਿਣਗੇ?
ਨਵੀਂ ਦਿੱਲੀ (ਅਮਨਦੀਪ ਸਿੰਘ): ਸਿੱਖਾਂ ਦੇ ‘ਸਟੇਟਸਮੈਨ’ ਵਜੋਂ ਪ੍ਰਸਿੱਧ ਮਾਸਟਰ ਤਾਰਾ ਸਿੰਘ ਦਾ ਅੱਜ 139ਵਾਂ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ ਤੇ ਸਿੱਖਾਂ ਵਿਚੋਂ ਹੀ ਸਮੇਂ-ਸਮੇਂ ’ਤੇ ਇਹ ਮੰਗ ਉੱਠਦੀ ਹੈ ਕਿ ਉਨ੍ਹਾਂ ਨੂੰ ਭਾਰਤ ਸਰਕਾਰ ‘ਭਾਰਤ ਰਤਨ’ ਦੇ ਕੇ, ਭਾਰਤ ਲਈ ਉਨ੍ਹਾਂ ਦੇ ਸੰਘਰਸ਼ ਨੂੰ ਯਾਦ ਕਰੇ। ਪੰਜਾਬੀ ਸੂਬਾ ਮੋਰਚਾ ਦੇ ਸੰਘਰਸ਼ ਦੀ ਅਗਵਾਈ ਕਰਨ ਤੋਂ ਲੈ ਕੇ, ਅੱਧੇ ਪੰਜਾਬ ਤੋਂ ਗੁੜਗਾਉਂ ਤਕ ਨੂੰ ਪਾਕਿਸਤਾਨ ਵਿਚੋਂ ਜਾਣ ਤੋਂ ਰੋਕਣ ਲਈ ਮਾਸਟਰ ਤਾਰਾ ਸਿੰਘ ਨੂੰ ਯਾਦ ਕੀਤਾ ਜਾਂਦਾ ਹੈ, ਪਰ ਅੱਜ ਤੋਂ ਦੋ ਦਹਾਕੇ ਪਹਿਲਾਂ ਇਸੇ ਮਾਸਟਰ ਤਾਰਾ ਸਿੰਘ ਦੇ ਬੁਤ ਨੂੰ ਪਾਰਲੀਮੈਂਟ ਵਿਚ ਲਾਉਣ ਤੋਂ ਰੋਕਣ ਲਈ ਕਈ ਤਾਕਤਾਂ ਸਰਗਰਮ ਰਹੀਆਂ ਤੇ ਅਖ਼ੀਰ ਪਾਰਲੀਮੈਂਟ ਦੇ ਸਾਹਮਣੇ ਇਤਿਹਾਸਕ ਗੁਰਦਵਾਰਾ ਰਕਾਬ ਗੰਜ ਸਾਹਿਬ ਦੇ ਬਾਹਰ ਇਕ ਕੋਨੇ ਵਿਚ 8 ਜਨਵਰੀ ਸੰਨ 2003 ਨੂੰ ਮਾਸਟਰ ਤਾਰਾ ਸਿੰਘ ਦਾ ਬੁਤ ਲਾਉਣ ਲਈ ਥੋੜ੍ਹੀ ਕੁ ਥਾਂ ਮਿਲ ਸਕੀ।
ਇਹ ਵੀ ਹੈਰਾਨੀ ਭਰਿਆ ਪਹਿਲੂ ਹੈ ਕਿ ਹਰ ਸਾਲ 24 ਜੂਨ ਦੇ ਦਿਨ ਇਸੇ ਬੁਤ ਦੀ ਸਾਫ਼ ਸਫ਼ਾਈ ਕਰਵਾ ਕੇ ਤੇ ਫੁੱਲ ਚੜ੍ਹਾ ਕੇ, ਮਿੱਠੇ-ਮਿੱਠੇ ਬੋਲਾਂ ਨਾਲ ਮਾਸਟਰ ਤਾਰਾ ਸਿੰਘ ਦੇ ਸੰਘਰਸ਼ ਨੂੰ ਯਾਦ ਕਰ ਲਿਆ ਜਾਂਦਾ ਹੈ ਅਤੇ ਮੀਡੀਆ ਵਿਚ ਸੁਰਖੀਆਂ ਬਟੌਰ ਲਈਆਂ ਜਾਂਦੀਆਂ ਹਨ, ਪਰ ‘ਸਟੇਟ’ ਨਾਲ ਇਕਮਿਕ ‘ਵੱਡੀਆਂ ਗੱਡੀਆਂ ਵਾਲੇ ਸਰਕਾਰੀ ਸਿੱਖ ਲੀਡਰ’ ਇਹ ਆਵਾਜ਼ ਬੁਲੰਦ ਕਰਨ ਦੀ ਹਿੰਮਤ ਹੀ ਨਹੀਂ ਕਰਦੇ ਕਿ ਅੱਜ ਤਕ ਮਾਸਟਰ ਤਾਰਾ ਸਿੰਘ ਦੇ ਬੁਤ ਨੂੰ ਪਾਰਲੀਮੈਂਟ ਦੇ ਅੰਦਰ ਢੁਕਵੀਂ ਥਾਂ ਕਿਉਂ ਨਹੀਂ ਦਿਤੀ ਗਈ? ਇਸ ਬੁਤ ਹੇਠਾਂ ਦਿਤੇ ਹੋਏ ਅੱਖਰ ਵੀ ਧੁੰਦਲੇ ਪੈ ਰਹੇ ਹਨ
ਜਿਸ ਨੂੰ ਠੀਕ ਕਰਵਾਉਣ ਦਾ ਵੀ ਕਿਸੇ ‘ਸਿੱਖ ਹਾਕਮ’ ਕੋਲ ਸਮਾਂ ਨਹੀਂ ਜਿਸ ਸ਼ਿੱਦਤ ਤੇ ਸਿਰੜ ਨਾਲ ਹਜ਼ਾਰਾਂ ਸਿੱਖਾਂ ਨੇ 12 ਜੂਨ 1960 ਨੂੰ ਦਿੱਲੀ ਦੇ ਗਾਂਧੀ ਗਰਾਊਂਡ, ਚਾਂਦਨੀ ਚੌਕ, ਗੁਰਦਵਾਰਾ ਸੀਸ ਗੰਜ ਸਾਹਿਬ ਕੋਲ ‘ਪੰਜਾਬੀ ਸੂਬਾ ਜ਼ਿੰਦਾਬਾਦ’ ਦੇ ਹੱਕ ਵਿਚ ਨਾਹਰਾ ਲਾਉਣ ਲਈ ਪੁਲਸੀਆਂ ਜਬਰ ਸਹਾਰਿਆ, ਅੱਜ ‘ਸਰਕਾਰਾਂ ਦੇ ਕੰਧਾੜੇ ਚੜ੍ਹ ਕੇ’ ਸਿੱਖਾਂ ਦੀ ਅਗਵਾਈ ਕਰਨ ਦਾ ਦਾਅਵਾ ਕਰਨ ਵਾਲੇ ‘ਸਿੱਖ ਲੀਡਰ’ ਉਸੇ ਪੰਜਾਬੀ ਸੂਬਾ ਮੋਰਚਾ ਦੇ ਸੰਘਰਸ਼ ਨੂੰ ਯਾਦ ਕਰ ਕੇ, ਪੰਜਾਬੀ ਬੋਲੀ ਨੂੰ ਦਿੱਲੀ ਵਿਚ ਉਸ ਦੀ ਬਣਦੀ ਥਾਂ ਦਿਵਾਉਣ ਲਈ ‘ਚੀਚੀ’ ਹਿਲਾਉਣ ਲਈ ਤਿਆਰ ਵੀ ਹੋ ਸਕਣਗੇ?
ਭਾਵੇਂ ਕਿ ਜਿਸ ਦਿੱਲੀ ਸਿੱਖ ਗੁਰਦਵਾਰਾ ਐਕਟ 1971 ਸਹਾਰੇ ਇਹ ਅਪਣੇ ‘ਡੌਲਿਆਂ ਦੀ ਤਾਕਤ’ ਵਿਖਾਉਣ ਤਕ ਜਾਂਦੇ ਹਨ, ਉਹੀ ਐਕਟ, ਇਨ੍ਹਾਂ ਲੀਡਰ ਕਹਾਉਣ ਵਾਲਿਆਂ ਦੀ ਪੰਜਾਬੀ ਦੇ ਪ੍ਰਚਾਰ ਪ੍ਰਸਾਰ ਦੀ ਜ਼ਿੰਮੇਵਾਰੀ ਲਈ ਇਨ੍ਹਾਂ ਨੂੰ ਪਾਬੰਦ ਕਰਦਾ ਹੈ। ਦਿਲਚਸਪ ਗੱਲ ਹੈ ਕਿ ‘ਨਹਿਰੂ- ਤਾਰਾ ਸਿੰਘ ਸਮਝੌਤੇ’ ਰਾਹੀਂ ਇਹ ਗੱਲ ਯਕੀਨੀ ਬਣਾਈ ਗਈ ਹੋਈ ਹੈ ਕਿ ਸਿੱਖਾਂ ਦੇ ਧਾਰਮਕ ਅਸਥਾਨਾਂ ਵਿਚ ਸਰਕਾਰੀ ਦਖ਼ਲਅੰਦਾਜ਼ੀ ਨਹੀਂ ਕੀਤੀ ਜਾਵੇਗੀ, ਪਰ ਸਿੱਖਾਂ ਵਿਚ ਹੀ ਵਾਰ ਵਾਰ ਇਹ ਵਿਰੋਧ ਪ੍ਰਗਟ ਹੁੰਦਾ ਹੈ ਕਿ ਕਦੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਐਕਟ ਵਿਚ ਮਨਮਰਜ਼ੀ ਦੀ ਸੋਧ ਕਰ ਕੇ ਅਤੇ ਕਦੇ ਤਖ਼ਤ ਪਟਨਾ ਸਾਹਿਬ ਐਕਟ ਦੀਆਂ ‘ਚੋਰ ਮੋਰੀਆਂ’ ਰਾਹੀਂ ਸਰਕਾਰ ਸਿੱਖਾਂ ਦੇ ਧਾਰਮਕ ਮਾਮਲਿਆਂ ਵਿਚ ਦਖ਼ਲਅੰਦਾਜ਼ੀ ਕਰ ਕੇ, ਸ਼ਰਾਰਤ ਕਰ ਰਹੀ ਹੈ
ਪਰ ਮਜ਼ਾਲ ਹੈ ਕਿ ‘ਨਹਿਰੂ ਤਾਰਾ ਸਿੰਘ ਸਮਝੌਤੇ’ ਦਾ ਹਵਾਲਾ ਦੇ ਕੇ, ਦਿੱਲੀ ਵਿਚ ਬੈਠੇ ਕਿਸੇ ਸਰਕਾਰ ਪ੍ਰਸਤ ਸਿੱਖ ਲੀਡਰ ਨੇ ਇਸ ਵਿਰੁਧ ਸਰਕਾਰ ਨੂੰ ਵੰਗਾਰ ਪਾ ਕੇ, ਮਾਸਟਰ ਤਾਰਾ ਸਿੰਘ ਵਾਂਗ ‘ ਮੈਂ ਮਰਾਂ ਪੰਥ ਜੀਵੇ’ ਦਾ ਹੋਕਾ ਦੇ ਕੇ, ‘ਪੰਥ ਦੀ ਸ਼ਕਤੀ’ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੋਵੇ ਜਾਂ ‘ਵੋਟ ਤੰਤਰ’ ਨਾਲ ਪੰਥ ਨੂੰ ਮੁੱਠੀ ਵਿਚ ਕਰਨ ਦੀ ਹਮਾਕਤ ਕਰਨਾ ਹੀ ‘ਧਰਮ’ ਬਣਾ ਲਿਆ ਹੋਇਆ ਹੈ?