ਝੋਨੇ ਦੀ ਫ਼ਸਲ ਲੁਹਾਉਣ ਵਿਚ ਬਰਗਾੜੀ ਦਾ ਇਨਸਾਫ਼ ਮੋਰਚਾ ਬਣਿਆ ਅੜਿੱਕਾ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਬਰਗਾੜੀ ਵਿਖੇ ਲੱਗਾ ਇਨਸਾਫ਼ ਮੋਰਚਾ ਜਿਥੇ ਅਕਾਲੀ ਦਲ ਬਾਦਲ ਅਤੇ ਕਾਂਗਰਸ ਸਰਕਾਰ ਲਈ ਚੁਨੌਤੀ ਬਣਿਆ ਹੋਇਆ ਹੈ...........

Bargari Justice Morcha

ਕੋਟਕਪੂਰਾ : ਬਰਗਾੜੀ ਵਿਖੇ ਲੱਗਾ ਇਨਸਾਫ਼ ਮੋਰਚਾ ਜਿਥੇ ਅਕਾਲੀ ਦਲ ਬਾਦਲ ਅਤੇ ਕਾਂਗਰਸ ਸਰਕਾਰ ਲਈ ਚੁਨੌਤੀ ਬਣਿਆ ਹੋਇਆ ਹੈ, ਉੱਥੇ ਹੁਣ ਝੋਨੇ ਦੇ ਸੀਜ਼ਨ ਕਰ ਕੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਪ੍ਰੇਸ਼ਾਨੀਆਂ 'ਚ ਵਾਧਾ ਹੋਣਾ ਸੁਭਾਵਕ ਹੈ। ਮਾਰਕੀਟ ਕਮੇਟੀ ਕੋਟਕਪੂਰਾ ਦੇ ਅਧੀਨ ਆਉਂਦੀ ਬਰਗਾੜੀ ਦੀ ਅਨਾਜ ਮੰਡੀ 'ਚ ਝੋਨੇ ਦੀ ਫ਼ਸਲ ਲਾਹੁਣ ਦੇ ਮਾਮਲੇ 'ਚ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਕਈ ਵਾਰ ਮੁਤਵਾਜ਼ੀ ਜਥੇਦਾਰਾਂ ਨਾਲ ਗੱਲਬਾਤ ਕਰ ਕੇ ਸਮੱਸਿਆ ਦਾ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਪਰ ਮੁਤਵਾਜ਼ੀ ਜਥੇਦਾਰ ਟੱਸ ਤੋਂ ਮੱਸ ਨਾ ਹੋਏ।

ਉਨ੍ਹਾਂ ਦੀ ਇਕੋ ਇਕ ਜ਼ਿੱਦ ਕਿ ਜਦੋਂ ਤਕ ਤਿੰਨ ਮੁੱਖ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਉਦੋਂ ਤਕ ਇਹ ਮੋਰਚਾ ਸ਼ਾਂਤਮਈ ਢੰਗ ਨਾਲ ਜਾਰੀ ਰਹੇਗਾ। ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨੇ ਅਗਾਮੀ ਦਿਨਾਂ 'ਚ ਉਕਤ ਦਾਣਾ ਮੰਡੀ 'ਚ ਕਿਸਾਨਾਂ ਵਲੋਂ ਝੋਨੇ ਦੀ ਫ਼ਸਲ ਲਿਆਉਣ ਸਬੰਧੀ ਜਾਣੂ ਕਰਾਉਂਦਿਆਂ ਮਿੰਨਤਾਂ-ਤਰਲੇ ਵੀ ਕੀਤੇ ਜਿਸ ਦਾ ਇਨਸਾਫ਼ ਮੋਰਚੇ ਦੇ ਆਗੂਆਂ 'ਤੇ ਕੋਈ ਅਸਰ ਨਾ ਹੋਇਆ। ਪਤਾ ਲੱਗਾ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਬਦਲਵੇਂ ਪ੍ਰਬੰਧ ਕਰਦਿਆਂ ਬਰਗਾੜੀ ਦੇ ਰਾਸ਼ਟਰੀ ਰਾਜ ਮਾਰਗ 'ਤੇ ਸਥਿਤ ਸਟੇਡੀਅਮ 'ਚ ਝੋਨੇ ਦੀ ਫ਼ਸਲ ਲੁਹਾਉਣ ਦਾ ਫ਼ੈਸਲਾ ਕੀਤਾ ਹੈ,

ਕਿਉਂਕਿ ਹਰ ਸੀਜ਼ਨ ਦੀ ਤਰ੍ਹਾਂ ਇਸ ਵਾਰ ਵੀ 1 ਅਕਤੂਬਰ ਤੋਂ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਹੋ ਜਾਣੀ ਹੈ। ਭਾਈ ਬਲਜੀਤ ਸਿੰਘ ਦਾਦੂਵਾਲ ਅਤੇ ਧਿਆਨ ਸਿੰਘ ਮੰਡ ਨੇ ਆਖਿਆ ਕਿ ਉਹ ਨਹੀਂ ਚਾਹੁੰਦੇ ਕਿ ਇਸ ਮੋਰਚੇ ਨਾਲ ਕਿਸਾਨਾਂ ਨੂੰ ਕੋਈ ਸਮੱਸਿਆ ਆਵੇ, ਕਿਉਂਕਿ ਮੋਰਚੇ ਦੀ ਸ਼ੁਰੂਆਤ ਦੇ ਮਹਿਜ 6ਵੇਂ ਦਿਨ ਕੈਪਟਨ ਸਰਕਾਰ ਵਲੋਂ ਇਕ ਕੈਬਨਿਟ ਮੰਤਰੀ ਦੀ ਅਗਵਾਈ ਵਿਚ ਆਈ ਟੀਮ ਨੇ ਉਕਤ ਮੰਗਾਂ ਮੰਨੇ ਜਾਣ ਦੀ ਭਰੋਸਾ ਦਿਵਾਇਆ ਸੀ ਪਰ ਹੁਣ ਕਰੀਬ 4 ਮਹੀਨਿਆਂ ਦਾ ਸਮਾਂ ਬੀਤਣ ਉਪਰੰਤ ਵੀ ਜੇਕਰ ਕੈਪਟਨ ਸਰਕਾਰ ਉਕਤ ਮੰਗਾਂ ਨਹੀਂ ਮੰਨਦੀ ਤਾਂ ਇਹ ਸਮਝ ਲੈਣਾ ਚਾਹੀਦਾ ਹੈ

ਕਿ ਸਰਕਾਰ ਉਕਤ ਸਮੱਸਿਆ ਦੇ ਹੱਲ ਲਈ ਸੁਹਿਰਦ ਨਹੀਂ। ਸੰਪਰਕ ਕਰਨ 'ਤੇ ਕੁਲਬੀਰ ਸਿੰਘ ਮੱਤਾ ਜ਼ਿਲ੍ਹਾ ਮੰਡੀ ਅਫ਼ਸਰ ਫ਼ਰੀਦਕੋਟ ਨੇ ਆਖਿਆ ਕਿ ਰਾਜੀਵ ਪਰਾਸ਼ਰ ਡਿਪਟੀ ਕਮਿਸ਼ਨਰ ਫ਼ਰੀਦਕੋਟ ਸਮੇਤ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਸਹਿਮਤੀ ਨਾਲ ਬਦਲਵੇਂ ਪ੍ਰਬੰਧ ਕਰਦਿਆਂ ਝੋਨੇ ਦੀ ਫ਼ਸਲ ਸਟੇਡੀਅਮ 'ਚ ਲੁਹਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਉਨ੍ਹਾਂ ਮੰਨਿਆ ਕਿ ਇਸ ਨਾਲ ਪ੍ਰਸ਼ਾਸਨ ਅਤੇ ਕਿਸਾਨਾਂ ਨੂੰ ਦਿੱਕਤ ਤਾਂ ਜ਼ਰੂਰ ਆਵੇਗੀ ਪਰ ਹੋਰ ਕੋਈ ਹੱਲ ਵੀ ਤਾਂ ਨਹੀਂ।