ਮੁਸਲਿਮ ਪਰਿਵਾਰ ਨੇ 110 ਸਾਲ ਪੁਰਾਣੇ ਦੋ ਪਾਵਨ ਸਰੂਪ ਸਿੱਖਾਂ ਨੂੰ ਸੌਂਪੇ

ਏਜੰਸੀ

ਪੰਥਕ, ਪੰਥਕ/ਗੁਰਬਾਣੀ

ਗੁਰੂ ਨਾਨਕ ਪਾਤਸ਼ਾਹ ਜੀ ਦੀ ਯਾਦ ਵਿਚ ਬੇਰੀ ਹੋਣ ਕਰ ਕੇ ਗੁਰਦੁਆਰਾ ਸਾਹਿਬ ਦਾ ਨਾਮ ਰੱਖਿਆ ਗਿਆ ਬਾਬੇ ਦੀ ਬੇਰ

Pakistan Sufi organisation transfers Sikh manuscripts to gurdwara

ਸਿਆਲਕੋਟ - ਪਾਕਿਸਤਾਨ ਸਥਿਤ ਗੁਜਰਾਤ ਦੇ ਇਕ ਮੁਸਲਿਮ ਪਰਿਵਾਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 110 ਸਾਲ ਪੁਰਾਣੇ ਦੋ ਪਾਵਨ ਸਰੂਪ ਇਤਿਹਾਸਕ ਗੁਰਦੁਆਰਾ ਬਾਬੇ ਦੀ ਬੇਰ ਸਾਹਿਬ (ਸਿਆਲਕੋਟ) ਪ੍ਰਬੰਥਕਾਂ ਦੇ ਹਵਾਲੇ ਕਰ ਦਿੱਤੇ ਜਿਸ ਉਪਰੰਤ ਉਹਨਾਂ ਨੂੰ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਸਨਮਾਨ ਚਿੰਨ੍ਹ ਵਜੋਂ ਸਮਾਰਕ ਭੇਂਟ ਕੀਤੇ ਗਏ।

ਦੱਸ ਦਈਏ ਕਿ ਇਹ ਮੁਸਲਿਮ ਪਰਿਵਾਰ ਪਾਕਿਸਤਾਨ ਦੇ ਸ਼ਹਿਰ ਗੁਜਰਾਤ ਦਾ ਰਹਿਣ ਵਾਲਾ ਹੈ ਜੋ ਪਿਛਲੇ 73 ਸਾਲ ਤੋਂ ਇਹਨਾਂ ਸਰੂਪਾਂ ਦੀ ਸਾਂਭ ਸੰਭਾਲ ਕਰ ਰਿਹਾ ਸੀ ਦਰਅਸਲ 1947 ਦੀ ਵੰਡ ਸਮੇਂ ਇਹ ਸਰੂਪ ਉਸ ਸਮੇਂ ਉਹਨਾਂ ਦੇ ਦਾਦਾ ਜੀ ਘਰ ਲੈ ਕੇ ਆਏ ਸਨ। ਵੰਡ ਵਿਚ ਹੋਏ ਉਜਾੜੇ ਦੌਰਾਨ ਮੁਸਲਿਮ ਅਤੇ ਸਿੱਖਾਂ 'ਤੇ ਤਸ਼ੱਦਦ ਹੋਏ ਸੀ ਪਰ ਗੁਜਰਾਤ ਦੇ ਇਸ ਪਿੰਡ ਦੇ ਸਿੱਖਾਂ ਅਤੇ ਮੁਸਲਿਮ ਭਾਈਚਾਰੇ ਵਿਚ ਬਹੁਤ ਚੰਗੀ ਸਾਂਝ ਸੀ। ਵੰਡ ਵੇਲੇ ਇੱਥੋਂ ਦੇ ਸਿੱਖਾਂ ਨੂੰ ਪੰਜਾਬ ਵੱਲ ਤੋਰ ਦਿੱਤਾ ਗਿਆ ਅਤੇ ਗੁਰੂ ਘਰਾਂ 'ਤੇ ਕਬਜ਼ੇ ਕਰ ਲਏ ਗਏ।

ਇਸ ਦੇ ਚੱਲਦੇ ਇਸ ਗੁਰਦੁਆਰਾ ਸਾਹਿਬ ਨੂੰ ਵੀ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਅੱਗ ਦੇ ਹਵਾਲੇ ਕਰ ਦਿੱਤਾ ਗਿਆ ਪਰ ਇਸ ਸੂਫੀ ਬਜ਼ੁਰਗ ਨੇ ਆਪਣੀ ਸਾਂਝ ਨੂੰ ਨਿਭਾਉਂਦੇ ਹੋਏ ਗੁਰੂ ਸਾਹਿਬ ਦੇ ਪਾਵਨ ਸਰੂਪ ਚੁੱਕ ਕੇ ਆਪਣੇ ਘਰ ਲਿਆਂਦੇ। ਹਾਲਾਂਕਿ ਪਰਿਵਾਰ ਨੂੰ ਪਤਾ ਨਹੀਂ ਸੀ ਕਿ ਇਹ ਸਿੱਖਾਂ ਦੇ ਗਿਆਂਰਵੇਂ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਹਨ ਅਤੇ ਉਹਨਾਂ ਨੇ ਇਹ ਪਾਵਨ ਸਰੂਪਾਂ ਨੂੰ ਇੱਕ ਸਧਾਰਨ ਕਿਤਾਬ ਵਾਂਗ ਹੀ ਰੱਖਿਆ ਸੀ।

ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹਨਾਂ ਸਰੂਪਾਂ ਬਾਰੇ ਪਤਾ ਲੱਗਣ 'ਤੇ ਪਰਿਵਾਰ ਨਾਲ ਰਾਬਤਾ ਕੀਤਾ ਗਿਆ ਤਾਂ ਇਸ ਸੂਫੀ ਪਰਿਵਾਰ ਨੇ ਕਿਹਾ ਕਿ ਉਹ ਆਪ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਖੁਦ ਇਤਿਹਾਸਕ ਗੁਰਦੁਆਰਾ ਬਾਬੇ ਦੀ ਬੇਰ ਲੈ ਕੇ ਜਾਣਗੇ। ਫਿਰ ਪਰਿਵਾਰ ਦੇ ਮੈਂਬਰ ਪੀਰ ਸਈਯਦ ਮੁਨੀਰ ਨਕਸ਼ਬੰਦੀ ਅਤੇ ਉਹਨਾਂ ਦੇ ਭਰਾ, ਮਿੱਤਰ ਸਾਂਝ ਪੰਜਾਬ ਦੇ ਮੈਂਬਰ ਸਥਾਨਕ ਮੁਸਲਿਮ ਸੰਸਥਾ ਮੁਖੀ ਇਫ਼ਤਿਖਾਰ ਵੜੈਚ ਕਲਰਾਵੀ ਆਦਿ ਇਹ ਸਰੂਪ ਗੁਰਦੁਆਰਾ ਸਾਹਿਬ ਵਿਖੇ ਭੇਂਟ ਕਰਨ ਆਏ।

ਇਸ ਮੌਕੇ ਪਾਕਿਸਤਾਨ ਮਨੁੱਖੀ ਅਧਿਕਾਰ ਦੇ ਚੇਅਰਮੈਨ ਨੇ ਬੋਲਦੇ ਹੋਏ ਦੱਸਿਆ ਕਿ ਜਦੋਂ ਸੂਫੀ ਪਰਿਵਾਰ ਦਾ ਵਡੇਰਾ ਅਕਾਲ ਚਲਾਣਾ ਕਰ ਗਿਆ ਸੀ ਤਾਂ ਵੀ ਪਰਿਵਾਰ ਨੇ ਇਹਨਾਂ ਸਰੂਪਾਂ ਦੀ ਸਾਂਭ ਸੰਭਾਲ ਉਸੇ ਤਰ੍ਹਾਂ ਕੀਤੀ ਇਹੋ ਜਿਹੀਆਂ ਮਿਸਾਲਾਂ ਸਾਡੇ ਸਮਾਜ ਲਈ ਬਹੁਤ ਜਰੂਰੀ ਹਨ ਜਿਹਨਾਂ ਨਾਲ ਭਾਈਚਾਰਕ ਸਾਂਝ ਦਾ ਪੈਗਾਮ ਜਾਂਦਾ ਹੈ। ਇਸ ਲਈ ਅਸੀਂ ਮੁਸਲਿਮ ਸਿੱਖ ਵੀਰਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਾਂ ਸਾਡੀ ਏਕਤਾ ਵਿਚ ਕੋਈ ਨਹੀਂ ਆ ਸਕਦਾ। ਸੋ ਹੁਣ ਇਹ ਸਰੂਪ ਗੁਰੂ ਨਾਨਕ ਚਰਨ ਛੋਹ ਪ੍ਰਾਪਤ 500 ਸਾਲ ਪੁਰਾਣੇ ਗੁਰਦੁਆਰਾ ਸਾਹਿਬ ਬਾਬੇ ਦੀ ਬੇਰ ਵਿਖੇ ਸੰਗਤ ਦਰਸ਼ਨ ਲਈ ਸੁਸ਼ੋਭਿਤ ਕਰ ਦਿੱਤੇ ਗਏ ਹਨ।

ਇਹਨਾਂ ਸਰੂਪਾਂ ਦੀ ਹਾਲਤ ਬਹੁਤ ਚੰਗੀ ਹੈ। ਸਥਾਪਿਤ ਕਰਨ ਉਪਰੰਤ ਹੈੱਡ ਗ੍ਰੰਥੀ ਭਾਈ ਜਸਕਰਨ ਸਿੰਘ ਨੇ ਇਹਨਾਂ ਸਰੂਪਾਂ ਤੋਂ ਹੀ ਹੁਕਮਨਾਮਾ ਲਿਆ ਸੀ। ਇਸ ਸਮੇਂ ਸਾਰੀਆਂ ਸੰਗਤਾਂ ਸਤਨਾਮ ਵਾਹਿਗੁਰੂ ਦਾ ਜਾਪ ਕਰਦੀਆਂ ਰਹੀਆਂ ਜਿਸ ਕਰ ਕੇ ਗੁਰੂ ਘਰ ਅੰਦਰ ਅਲੌਕਿਕ ਮਾਹੌਲ ਸੀ। ਬਾਬੇ ਦੀ ਬੇਰ ਗੁਰਦੁਆਰਾ ਸਾਹਿਬ ਲਾਹੌਰ ਤੋਂ 140 ਕਿਲੋਮੀਟਰ ਦੂਰ ਹੈ। ਇਸ ਇਤਿਹਾਸਕ ਗੁਰਦੁਆਰਾ ਸਾਹਿਬ ਨੂੰ ਜੁਲਾਈ ਵਿਚ ਹੀ ਸੰਗਤ ਦਰਸ਼ਨ ਲਈ ਖੋਲ੍ਹਿਆ ਗਿਆ ਹੈ। ਇਸ ਧਰਤੀ 'ਤੇ ਸਿੱਖ ਧਰਮ ਦੇ ਬਾਨੀ ਸ਼੍ਰੀ ਗੁਰੂ ਨਾਨਕ ਦੇਵ ਜੀ 16ਵੀਂ ਸਦੀ ਵਿਚ ਉਦਾਸੀਆਂ ਦੌਰਾਨ ਕਸ਼ਮੀਰ ਤੋਂ ਸਿਆਲਕੋਟ ਆਉਂਦੇ ਹੋਏ ਠਹਿਰੇ ਸਨ।

ਗੁਰੂ ਸਾਹਿਬ ਨੇ ਬੇਰੀ ਦੇ ਰੁੱਖ ਹੇਠ ਵਿਸ਼ਰਾਮ ਕੀਤਾ ਸੀ। ਜਦੋਂ ਸਰਦਾਰ ਨੱਥਾ ਸਿੰਘ ਨੇ ਇਹ ਗੁਰਦੁਆਰਾ ਸਾਹਿਬ ਬਣਵਾਇਆ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਦੀ ਯਾਦ ਵਿਚ ਬੇਰੀ ਹੋਣ ਕਰ ਕੇ ਗੁਰਦੁਆਰਾ ਸਾਹਿਬ ਦਾ ਨਾਮ ਬਾਬੇ ਦੀ ਬੇਰ ਰੱਖ ਦਿੱਤਾ। ਹੁਣ ਗੁਰਦੁਆਰਾ ਸਾਹਿਬ ਆ ਕੇ ਸੰਗਤਾਂ ਇਤਿਹਾਸਕ ਬੇਰੀ ਦੇ ਨਾਲ-ਨਾਲ ਸਿੱਖ ਮੁਸਲਿਮ ਭਾਈਚਾਰੇ ਦੀ ਏਕਤਾ ਦਾ ਪੈਗਾਮ ਦਿੰਦੇ ਹੋਏ ਇਹਨਾਂ 110 ਪੁਰਾਣੇ ਸਰੂਪਾਂ ਦੇ ਵੀ ਦਰਸ਼ਨ ਕਰ ਸਕਣਗੀਆਂ।