ਅੱਜ ਦਾ ਹੁਕਮਨਾਮਾ (25 ਸਤੰਬਰ 2021)

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਵਡਹੰਸੁ ਮਹਲਾ ੩ ਮਹਲਾ ਤੀਜਾ

Sri Darbar Sahib

ਵਡਹੰਸੁ ਮਹਲਾ ੩ ਮਹਲਾ ਤੀਜਾ

ੴ ਸਤਿਗੁਰ ਪ੍ਰਸਾਦਿ ॥

ਪ੍ਰਭੁ ਸਚੜਾ ਹਰਿ ਸਾਲਾਹੀਐ ਕਾਰਜੁ ਸਭੁ ਕਿਛੁ ਕਰਣੈ ਜੋਗੁ ॥

ਸਾ ਧਨ ਰੰਡ ਨ ਕਬਹੂ ਬੈਸਈ ਨਾ ਕਦੇ ਹੋਵੈ ਸੋਗੁ ॥

ਨਾ ਕਦੇ ਹੋਵੈ ਸੋਗੁ ਅਨਦਿਨੁ ਰਸ ਭੋਗ ਸਾ ਧਨ ਮਹਲਿ ਸਮਾਣੀ ॥

ਜਿਨਿ ਪ੍ਰਿਉ ਜਾਤਾ ਕਰਮ ਬਿਧਾਤਾ ਬੋਲੇ ਅੰਮ੍ਰਿਤ ਬਾਣੀ ॥

ਗੁਣਵੰਤੀਆ ਗੁਣ ਸਾਰਹਿ ਅਪਣੇ ਕੰਤ ਸਮਾਲਹਿ ਨਾ ਕਦੇ ਲਗੈ ਵਿਜੋਗੋ ॥

ਸਚੜਾ ਪਿਰੁ ਸਾਲਾਹੀਐ ਸਭੁ ਕਿਛੁ ਕਰਣੈ ਜੋਗੋ ॥੧॥

ਸਚੜਾ ਸਾਹਿਬੁ ਸਬਦਿ ਪਛਾਣੀਐ ਆਪੇ ਲਏ ਮਿਲਾਏ ॥

ਸਾ ਧਨ ਪ੍ਰਿਅ ਕੈ ਰੰਗਿ ਰਤੀ ਵਿਚਹੁ ਆਪੁ ਗਵਾਏ ॥

ਵਿਚਹੁ ਆਪੁ ਗਵਾਏ ਫਿਰਿ ਕਾਲੁ ਨ ਖਾਏ ਗੁਰਮੁਖਿ ਏਕੋ ਜਾਤਾ ॥

ਕਾਮਣਿ ਇਛ ਪੁੰਨੀ ਅੰਤਰਿ ਭਿੰਨੀ ਮਿਲਿਆ ਜਗਜੀਵਨੁ ਦਾਤਾ ॥

ਸਬਦ ਰੰਗਿ ਰਾਤੀ ਜੋਬਨਿ ਮਾਤੀ ਪਿਰ ਕੈ ਅੰਕਿ ਸਮਾਏ ॥

ਸਚੜਾ ਸਾਹਿਬੁ ਸਬਦਿ ਪਛਾਣੀਐ ਆਪੇ ਲਏ ਮਿਲਾਏ ॥੨॥

ਜਿਨੀ ਆਪਣਾ ਕੰਤੁ ਪਛਾਣਿਆ ਹਉ ਤਿਨ ਪੂਛਉ ਸੰਤਾ ਜਾਏ ॥

ਆਪੁ ਛੋਡਿ ਸੇਵਾ ਕਰੀ ਪਿਰੁ ਸਚੜਾ ਮਿਲੈ ਸਹਜਿ ਸੁਭਾਏ ॥

ਪਿਰੁ ਸਚਾ ਮਿਲੈ ਆਏ ਸਾਚੁ ਕਮਾਏ ਸਾਚਿ ਸਬਦਿ ਧਨ ਰਾਤੀ ॥

ਕਦੇ ਨ ਰਾਂਡ ਸਦਾ ਸੋਹਾਗਣਿ ਅੰਤਰਿ ਸਹਜ ਸਮਾਧੀ ॥

ਪਿਰੁ ਰਹਿਆ ਭਰਪੂਰੇ ਵੇਖੁ ਹਦੂਰੇ ਰੰਗੁ ਮਾਣੇ ਸਹਜਿ ਸੁਭਾਏ ॥

ਜਿਨੀ ਆਪਣਾ ਕੰਤੁ ਪਛਾਣਿਆ ਹਉ ਤਿਨ ਪੂਛਉ ਸੰਤਾ ਜਾਏ ॥੩॥

ਪਿਰਹੁ ਵਿਛੁੰਨੀਆ ਭੀ ਮਿਲਹ ਜੇ ਸਤਿਗੁਰ ਲਾਗਹ ਸਾਚੇ ਪਾਏ ॥

ਸਤਿਗੁਰੁ ਸਦਾ ਦਇਆਲੁ ਹੈ ਅਵਗੁਣ ਸਬਦਿ ਜਲਾਏ ॥

ਅਉਗੁਣ ਸਬਦਿ ਜਲਾਏ ਦੂਜਾ ਭਾਉ ਗਵਾਏ ਸਚੇ ਹੀ ਸਚਿ ਰਾਤੀ ॥

ਸਚੈ ਸਬਦਿ ਸਦਾ ਸੁਖੁ ਪਾਇਆ ਹਉਮੈ ਗਈ ਭਰਾਤੀ ॥

ਪਿਰੁ ਨਿਰਮਾਇਲੁ ਸਦਾ ਸੁਖਦਾਤਾ ਨਾਨਕ ਸਬਦਿ ਮਿਲਾਏ ॥

ਪਿਰਹੁ ਵਿਛੁੰਨੀਆ ਭੀ ਮਿਲਹ ਜੇ ਸਤਿਗੁਰ ਲਾਗਹ ਸਾਚੇ ਪਾਏ ॥੪॥੧॥

ਸ਼ਨਿਚਰਵਾਰ, ੧੦ ਅੱਸੂ (ਸੰਮਤ ੫੫੩ ਨਾਨਕਸ਼ਾਹੀ) ੨੫ ਸਤੰਬਰ, ੨੦੨੧ (ਅੰਗ: ੫੮੨)

ਪੰਜਾਬੀ ਵਿਆਖਿਆ:

ਵਡਹੰਸੁ ਮਹਲਾ ੩ ਮਹਲਾ ਤੀਜਾ

ੴ ਸਤਿਗੁਰ ਪ੍ਰਸਾਦਿ ॥

ਹੇ ਭਾਈ! ਸਦਾ ਕਾਇਮ ਰਹਿਣ ਵਾਲੇ ਹਰਿ-ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ, ਉਹ ਸਭ ਕੁਝ ਹਰੇਕ ਕੰਮ ਕਰਨ ਦੀ ਸਮਰਥਾ ਰੱਖਣ ਵਾਲਾ ਹੈ । ਹੇ ਭਾਈ! ਜਿਸ ਜੀਵ-ਇਸਤ੍ਰੀ ਨੇ ਸਿਰਜਣਹਾਰ ਪ੍ਰੀਤਮ-ਪ੍ਰਭੂ ਨਾਲ ਡੂੰਘੀ ਸਾਂਝ ਪਾ ਲਈ, ਜੇਹੜੀ ਜੀਵ ਇਸਤ੍ਰੀ ਉਸ ਪ੍ਰਭੂ ਦੀ ਆਤਮਕ ਜੀਵਨ ਦੇਣ ਵਾਲੀ ਬਾਣੀ ਉਚਾਰਦੀ ਹੈ, ਉਹ ਜੀਵ-ਇਸਤ੍ਰੀ ਕਦੇ ਨਿ-ਖਸਮੀ ਨਹੀਂ ਹੁੰਦੀ, ਨਾਹ ਹੀ ਕਦੇ ਉਸ ਨੂੰ ਕੋਈ ਚਿੰਤਾ ਵਿਆਪਦੀ ਹੈ, ਉਸ ਨੂੰ ਕਦੇ ਕੋਈ ਗ਼ਮ ਨਹੀਂ ਵਿਆਪਦਾ, ਉਹ ਹਰ ਵੇਲੇ ਪਰਮਾਤਮਾ ਦਾ ਨਾਮ-ਰਸ ਮਾਣਦੀ ਹੈ, ਤੇ ਸਦਾ ਪ੍ਰਭੂ ਦੇ ਚਰਨਾਂ ਵਿਚ ਲੀਨ ਰਹਿੰਦੀ ਹੈ । ਹੇ ਭਾਈ! ਗੁਣਾਂ ਵਾਲੀਆਂ ਜੀਵ-ਇਸਤ੍ਰੀਆਂ ਪਰਮਾਤਮਾ ਦੇ ਗੁਣ ਚੇਤੇ ਕਰਦੀਆਂ ਰਹਿੰਦੀਆਂ ਹਨ, ਪ੍ਰਭੂ-ਖਸਮ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖਦੀਆਂ ਹਨ, ਉਹਨਾਂ ਨੂੰ ਪਰਮਾਤਮਾ ਨਾਲੋਂ ਕਦੇ ਵਿਛੋੜਾ ਨਹੀਂ ਹੁੰਦਾ ।

ਹੇ ਭਾਈ! ਉਸ ਸਦਾ-ਥਿਰ ਰਹਿਣ ਵਾਲੇ ਪ੍ਰਭੂ-ਪਤੀ ਦੀ ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ, ਉਹ ਪ੍ਰਭੂ ਸਭ ਕੁਝ ਕਰਨ ਦੀ ਤਾਕਤ ਰੱਖਦਾ ਹੈ ।੧। ਹੇ ਭਾਈ! ਗੁਰੂ ਦੇ ਸ਼ਬਦ ਵਿਚ ਜੁੜ ਕੇ ਸਦਾ ਕਾਇਮ ਰਹਿਣ ਵਾਲੇ ਮਾਲਕ-ਪ੍ਰਭੂ ਨਾਲ ਸਾਂਝ ਪੈ ਸਕਦੀ ਹੈ, ਪ੍ਰਭੂ ਆਪ ਹੀ (ਜੀਵ ਨੂੰ) ਆਪਣੇ ਨਾਲ ਮਿਲਾ ਲੈਂਦਾ ਹੈ । ਹੇ ਭਾਈ! ਜੇਹੜੀ ਜੀਵ-ਇਸਤ੍ਰੀ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਲੈਂਦੀ ਹੈ ਉਹ ਪ੍ਰਭੂ-ਪਤੀ ਦੇ ਪ੍ਰੇਮ-ਰੰਗ ਵਿਚ ਰੰਗੀ ਜਾਂਦੀ ਹੈ । ਜੇਹੜੀ ਜੀਵ-ਇਸਤ੍ਰੀ ਆਪਣੇ ਅੰਦਰੋਂ ਆਪਾ-ਭਾਵ ਗਵਾਂਦੀ ਹੈ, ਉਸ ਨੂੰ ਮੁੜ ਕਦੇ ਆਤਮਕ ਮੌਤ ਨਹੀਂ ਵਾਪਰਦੀ, ਗੁਰੂ ਦੀ ਸਰਨ ਪੈ ਕੇ ਉਹ ਜੀਵ-ਇਸਤ੍ਰੀ ਇਕ ਪਰਮਾਤਮਾ ਨਾਲ ਹੀ ਡੂੰਘੀ ਸਾਂਝ ਪਾਈ ਰੱਖਦੀ ਹੈ, ਉਸ ਜੀਵ-ਇਸਤ੍ਰੀ ਦੀ (ਚਿਰਾਂ ਦੀ ਪ੍ਰਭੂ-ਮਿਲਾਪ ਦੀ) ਇੱਛਾ ਪੂਰੀ ਹੋ ਜਾਂਦੀ ਹੈ, ਉਹ ਅੰਦਰੋਂ (ਨਾਮ-ਰਸ ਨਾਲ) ਭਿੱਜ ਜਾਂਦੀ ਹੈ, ਉਸ ਨੂੰ ਜਗਤ ਦਾ ਜੀਵਨ ਦਾਤਾਰ ਪ੍ਰਭੂ ਮਿਲ ਪੈਂਦਾ ਹੈ । ਹੇ ਭਾਈ! ਜੇਹੜੀ ਜੀਵ-ਇਸਤ੍ਰੀ ਗੁਰ-ਸ਼ਬਦ ਦੇ ਰੰਗ ਵਿਚ ਰੰਗੀ ਜਾਂਦੀ ਹੈ, ਉਹ ਨਾਮ ਦੀ ਚੜ੍ਹਦੀ ਜਵਾਨੀ ਵਿਚ ਮਸਤ ਰਹਿੰਦੀ ਹੈ, ਉਹ ਪ੍ਰਭੂ-ਪਤੀ ਦੀ ਗੋਦ ਵਿਚ ਲੀਨ ਰਹਿੰਦੀ ਹੈ । ਹੇ ਭਾਈ! ਗੁਰੂ ਦੇ ਸ਼ਬਦ ਦੀ ਰਾਹੀਂ ਹੀ ਸਦਾ-ਥਿਰ ਮਾਲਕ-ਪ੍ਰਭੂ ਨਾਲ ਜਾਣ-ਪਛਾਣ ਬਣਦੀ ਹੈ । ਪ੍ਰਭੂ ਆਪ ਹੀ ਆਪਣੇ ਨਾਲ ਮਿਲਾ ਲੈਂਦਾ ਹੈ ।੨।

ਹੇ ਸਖੀ! ਜਿਨ੍ਹਾਂ ਸੰਤ ਜਨਾਂ ਨੇ ਆਪਣੇ ਖਸਮ-ਪ੍ਰਭੂ ਨਾਲ ਸਾਂਝ ਪਾ ਲਈ ਹੈ, ਮੈਂ ਜਾ ਕੇ ਉਹਨਾਂ ਨੂੰ ਪੁੱਛਦੀ ਹਾਂ । ਆਪਾ-ਭਾਵ ਤਿਆਗ ਕੇ ਮੈਂ ਉਹਨਾਂ ਦੀ ਸੇਵਾ ਕਰਦੀ ਹਾਂ । ਹੇ ਸਖੀ! ਸਦਾ ਕਾਇਮ ਰਹਿਣ ਵਾਲਾ ਪ੍ਰਭੂ-ਪਤੀ ਆਤਮਕ ਅਡੋਲਤਾ ਵਿਚ ਟਿਕਿਆਂ ਪ੍ਰੇਮ ਵਿਚ ਜੁੜਿਆਂ ਹੀ ਮਿਲਦਾ ਹੈ । ਸਦਾ-ਥਿਰ ਪ੍ਰਭੂ ਆ ਕੇ ਉਸ ਜੀਵ-ਇਸਤ੍ਰੀ ਨੂੰ ਮਿਲ ਪੈਂਦਾ ਹੈ, ਜੇਹੜੀ ਸਦਾ-ਥਿਰ ਹਰਿ-ਨਾਮ ਸਿਮਰਨ ਦੀ ਕਮਾਈ ਕਰਦੀ ਹੈ, ਜੇਹੜੀ ਸਦਾ-ਥਿਰ ਹਰਿ-ਨਾਮ ਵਿਚ ਜੁੜੀ ਰਹਿੰਦੀ ਹੈ, ਜੇਹੜੀ ਗੁਰੂ ਦੇ ਸ਼ਬਦ ਵਿਚ ਰੰਗੀ ਰਹਿੰਦੀ ਹੈ । ਉਹ ਜੀਵ-ਇਸਤ੍ਰੀ ਸਦਾ ਸੁਹਾਗ-ਵਾਲੀ ਰਹਿੰਦੀ ਹੈ, ਉਹ ਕਦੇ ਨਿ-ਖਸਮੀ ਨਹੀਂ ਹੁੰਦੀ, ਉਸ ਦੇ ਅੰਦਰ ਆਤਮਕ ਅਡੋਲਤਾ ਦੀ ਸਮਾਧੀ ਲੱਗੀ ਰਹਿੰਦੀ ਹੈ । ਹੇ ਸਖੀ! ਪ੍ਰਭੂ-ਪਤੀ ਹਰ ਥਾਂ ਮੌਜੂਦ ਹੈ, ਉਸ ਨੂੰ ਤੂੰ ਆਪਣੇ ਅੰਗ-ਸੰਗ ਵੱਸਦਾ ਵੇਖ, ਆਤਮਕ ਅਡੋਲਤਾ ਵਿਚ ਟਿਕ ਕੇ, ਪ੍ਰੇਮ ਵਿਚ ਜੁੜ ਕੇ ਉਸ ਦੇ ਮਿਲਾਪ ਦਾ ਆਨੰਦ ਮਾਣ ।

ਹੇ ਸਖੀ! ਜਿਨ੍ਹਾਂ ਸੰਤ ਜਨਾਂ ਨੇ ਆਪਣੇ ਖਸਮ-ਪ੍ਰਭੂ ਨਾਲ ਸਾਂਝ ਪਾ ਲਈ ਹੈ, ਮੈਂ ਜਾ ਕੇ ਉਹਨਾਂ ਨੂੰ ਪੁੱਛਦੀ ਹਾਂ (ਕਿ ਉਸ ਨਾਲ ਮਿਲਾਪ ਕਿਸ ਤਰ੍ਹਾਂ ਹੋ ਸਕਦਾ ਹੈ) ।੩। ਹੇ ਸਖੀ! ਅਸੀ ਜੀਵ-ਇਸਤ੍ਰੀਆਂ ਪ੍ਰਭੂ-ਪਤੀ ਤੋਂ ਵਿਛੁੜੀਆਂ ਹੋਈਆਂ ਫਿਰ ਭੀ ਉਸ ਨੂੰ ਮਿਲ ਸਕਦੀਆਂ ਹਾਂ ਜੇ ਅਸੀ ਸੱਚੇ ਸਤਿਗੁਰੂ ਦੀ ਚਰਨੀਂ ਲੱਗੀਏ । ਹੇ ਸਖੀ! ਗੁਰੂ ਸਦਾ ਦਇਆਵਾਨ ਹੈ, ਉਹ (ਸਰਨ ਪਿਆਂ ਦੇ) ਅਵਗਣ (ਆਪਣੇ) ਸ਼ਬਦ ਵਿਚ (ਜੋੜ ਕੇ) ਸਾੜ ਦੇਂਦਾ ਹੈ । (ਹੇ ਸਖੀ! ਗੁਰੂ ਸਰਨ ਪਿਆਂ ਦੇ ਔਗੁਣ ਸ਼ਬਦ ਦੀ ਰਾਹੀਂ ਸਾੜ ਦੇਂਦਾ ਹੈ, ਮਾਇਆ ਦਾ ਪਿਆਰ ਦੂਰ ਕਰ ਦੇਂਦਾ ਹੈ । (ਗੁਰੂ ਦੀ ਚਰਨੀਂ ਲੱਗੀ ਹੋਈ ਜੀਵ-ਇਸਤ੍ਰੀ) ਸਦਾ-ਥਿਰ ਰਹਿਣ ਵਾਲੇ ਪਰਮਾਤਮਾ (ਦੀ ਯਾਦ) ਵਿਚ ਹੀ ਰੱਤੀ ਰਹਿੰਦੀ ਹੈ । ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਸ਼ਬਦ ਵਿਚ ਜੁੜ ਕੇ ਉਹ ਸਦਾ ਆਨੰਦ ਮਾਣਦੀ ਹੈ, ਉਸ ਦੀ ਹਉਮੈ ਉਸ ਦੀ ਭਟਕਣਾ ਦੂਰ ਹੋ ਜਾਂਦੀ ਹੈ । ਹੇ ਨਾਨਕ! ਪ੍ਰਭੂ-ਪਤੀ ਪਵਿਤ੍ਰ ਕਰਨ ਵਾਲਾ ਹੈ, ਸਦਾ ਸੁਖ ਦੇਣ ਵਾਲਾ ਹੈ, (ਗੁਰੂ ਆਪਣੇ) ਸ਼ਬਦ ਦੀ ਰਾਹੀਂ ਉਸ ਨਾਲ ਮਿਲਾ ਦੇਂਦਾ ਹੈ । ਹੇ ਸਖੀ! ਅਸੀ ਜੀਵ-ਇਸਤ੍ਰੀਆਂ ਪ੍ਰਭੂ-ਪਤੀ ਤੋਂ ਵਿਛੁੜੀਆਂ ਹੋਈਆਂ ਫਿਰ ਭੀ ਉਸ ਨੂੰ ਮਿਲ ਸਕਦੀਆਂ ਹਾਂ, ਜੇ ਅਸੀ ਸੱਚੇ ਸਤਿਗੁਰੂ ਦੀ ਚਰਨੀਂ ਲੱਗੀਏ ।੪।੧।