ਸ਼ਤਾਬਦੀ ਸਮਾਗਮਾਂ ਦੌਰਾਨ ਸੰਗਤ ਲਈ ਲੰਗਰ ਦੇ ਲਾਮਿਸਾਲ ਪ੍ਰਬੰਧ, 66 ਲੰਗਰਾਂ ਲਈ ਥਾਂ ਅਲਾਟ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਤਿੰਨ ਟੈਂਟ ਸਿਟੀਜ਼, 19 ਪਾਰਕਿੰਗਾਂ ਤੇ ਸਾਰੀਆਂ ਮੁੱਖ ਸੜਕਾਂ 'ਤੇ ਲੰਗਰਾਂ ਦੀ ਵਿਵਸਥਾ

Langar

ਸੁਲਤਾਨਪੁਰ ਲੋਧੀ(ਲਖਵੀਰ ਸਿੰਘ ਲੱਖੀ): ਇਤਿਹਾਸਕ ਨਗਰੀ ਸੁਲਤਾਨਪੁਰ ਲੋਧੀ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ 550ਵੇਂ ਸ਼ਤਾਬਦੀ ਸਮਾਗਮਾਂ ਦੌਰਾਨ 60 ਲੱਖ ਤੋਂ ਜ਼ਿਆਦਾ ਸੰਗਤ ਦੀ ਆਮਦ ਦੇ ਮੱਦੇਨਜ਼ਰ ਪੰਜਾਬ ਸਰਕਾਰ ਅਤੇ ਵੱਖ-ਵੱਖ ਧਾਰਮਕ ਤੇ ਸਮਾਜਕ ਜਥੇਬੰਦੀਆਂ ਤੇ ਵਿਸ਼ੇਸ਼ ਕਰ ਕੇ ਸੰਤਾਂ-ਮਹਾਂਪੁਰਸ਼ਾਂ ਵਲੋਂ ਲੰਗਰ ਦੇ ਲਾਮਿਸਾਲ ਪ੍ਰਬੰਧ ਕੀਤੇ ਗਏ ਹਨ। ਦੁਨੀਆਂ ਦੇ ਕੋਨੇ-ਕੋਨੇ ਤੋਂ ਆਉਣ ਵਾਲੀ ਨਾਨਕ ਨਾਮ ਲੇਵਾ ਸੰਗਤ ਜਿਥੇ ਇਸ ਮੁਕਦਸ ਮੌਕੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਅਤੇ ਹੋਰ ਗੁਰਧਾਮਾਂ ਵਿਖੇ ਨਤਮਸਤਕ ਹੋਣ ਦਾ ਸੁਭਾਗ ਪ੍ਰਾਪਤ ਕਰਨਗੀਆਂ

ਉਥੇ ਹੀ ਉਹ ਸੁਲਤਾਨਪੁਰ ਲੋਧੀ ਅਤੇ ਇਸ ਦੇ ਆਲੇ-ਦੁਆਲੇ 15 ਕਿਲੋਮੀਟਰ ਦੇ ਖੇਤਰ ਵਿਚ ਲਗਾਏ ਜਾ ਰਹੇ ਲੰਗਰਾਂ ਵਿਚ ਵੰਨ-ਸੁਵੰਨੇ ਪਕਵਾਨਾਂ ਦਾ ਆਨੰਦ ਮਾਣ ਕੇ ਅਪਣੇ ਮਨ ਨੂੰ ਤ੍ਰਿਪਤ ਕਰ ਸਕਣਗੀਆਂ। ਜ਼ਿਲ੍ਹਾ ਪ੍ਰਸ਼ਾਸਨ ਕਪੂਰਥਲਾ ਵਲੋਂ ਕੁਲ 66 ਲੰਗਰ ਲਗਾਉਣ ਲਈ ਵੱਖ-ਵੱਖ ਧਾਰਮਕ ਜਥੇਬੰਦੀਆਂ ਤੇ ਸੰਪਰਦਾਵਾਂ ਨੂੰ ਥਾਂ ਅਲਾਟ ਕੀਤੀ ਗਈ ਹੈ, ਜਿਨ੍ਹਾਂ ਵਿਚੋਂ 16 ਲੰਗਰ ਨਗਰ ਕੌਂਸਲ ਸੁਲਤਾਨਪੁਰ ਲੋਧੀ ਦੀ ਹਦੂਦ ਅੰਦਰ ਜਦਕਿ ਬਾਕੀ ਸੁਲਤਾਨਪੁਰ ਲੋਧੀ ਨੂੰ ਆਉਣ ਵਾਲੀਆਂ ਸੜਕਾਂ ਉਪਰ ਸ਼ਹਿਰ ਦੇ ਬਾਹਰਵਾਰ ਸਥਿਤ ਹਨ।

ਸੰਗਤ ਦੀ ਸੱਭ ਤੋਂ ਜਿਆਦਾ ਆਮਦ ਲੋਹੀਆਂ ਤੋਂ ਸੁਲਤਾਨਪੁਰ, ਕਪੂਰਥਲਾ ਤੋਂ ਸੁਲਤਾਨਪੁਰ ਬਰਾਸਤਾ ਰੇਲ ਕੋਚ ਫ਼ੈਕਟਰੀ ਅਤੇ ਫੱਤੂਢੀਂਗਾ ਰਾਹੀਂ ਹੋਣੀ ਹੈ, ਜਿਸ ਕਰ ਕੇ ਇਨ੍ਹਾਂ ਤਿੰਨਾਂ ਮੁੱਖ ਸੜਕਾਂ ਉਪਰ ਵੱਡੇ ਲੰਗਰ ਲਗਾਏ ਗਏ ਹਨ, ਜਿਨ੍ਹਾਂ ਵਿਚ ਇਕੋ ਸਮੇਂ 20 ਹਜ਼ਾਰ ਤੋਂ ਵੱਧ ਸੰਗਤ ਲੰਗਰ ਛਕ ਸਕਦੀ ਹੈ। ਇਸ ਤੋਂ ਇਲਾਵਾ ਰੇਲਵੇ ਸਟੇਸ਼ਨ ਉਪਰ ਵੀ 2 ਏਕੜ ਵਿਚ ਲੰਗਰ ਦਾ ਪ੍ਰਬੰਧ ਕੀਤਾ ਗਿਆ ਹੈ, ਜਿਥੇ ਲਗਭਗ 20 ਹਜ਼ਾਰ ਸ਼ਰਧਾਲੂ ਲੰਗਰ ਛਕ ਸਕਣਗੇ।

ਪੰਜਾਬ ਸਰਕਾਰ ਵਲੋਂ ਸੰਗਤ ਦੇ ਠਹਿਰਣ ਲਈ ਬਣਾਈਆਂ ਗਈਆਂ ਤਿੰਨ ਟੈਂਟ ਸਿਟੀਜ਼, ਸਾਰੀਆਂ 19 ਪਾਰਕਿੰਗਾਂ ਵਿਚ ਵੀ ਲੰਗਰ ਦੀ ਵਿਵਸਥਾ ਹੈ ਤਾਂ ਜੋ ਕਿਸੇ ਇਕ ਸਥਾਨ ਉਪਰ ਸੰਗਤ ਨੂੰ ਜ਼ਿਆਦਾ ਦੇਰ ਇੰਤਜ਼ਾਰ ਨਾ ਕਰਨਾ ਪਵੇ। ਸ਼ਰਧਾਲੂਆਂ ਲਈ ਜਿਥੇ ਲਗਭਗ ਹਰ ਲੰਗਰ ਵਿਚ ਪ੍ਰਸ਼ਾਦੇ ਦਾ ਪ੍ਰਬੰਧ ਹੈ ਉਥੇ ਹੀ ਸੰਗਤ ਵੱਖ-ਵੱਖ ਲੰਗਰਾਂ ਵਿਚ ਸਮੋਸੇ, ਚਾਹ- ਪਕੋੜੇ, ਅਨੇਕਾਂ ਪ੍ਰਕਾਰ ਦੀਆਂ ਮਠਿਆਈਆਂ, ਪੀਜ਼ੇ, ਮੱਕੀ ਦੀ ਰੋਟੀ, ਮਾਲ੍ਹ ਪੂੜੇ, ਦੇਸੀ ਘਿਉ ਦੀਆਂ ਜਲੇਬੀਆਂ, ਲੱਸੀ, ਸਾਗ, ਬਰਫ਼ੀ, ਸ਼ੱਕਰਪਾਰੇ, ਖੀਰ, ਸ਼ਰਦਈ ਦਾ ਆਨੰਦ ਵੀ ਮਾਣ ਸਕੇਗੀ। ਪੰਜਾਬ ਸਰਕਾਰ ਵਲੋਂ ਲੰਗਰ ਲਗਾ ਰਹੀਆਂ ਸੰਸਥਾਵਾਂ ਨਾਲ ਬਿਹਤਰੀਨ ਤਾਲਮੇਲ ਸਥਾਪਤ ਕੀਤਾ ਗਿਆ ਹੈ।

ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸੰਗਤ ਦੀ ਸੁਰੱਖਿਆ ਨੂੰ ਸੱਭ ਤੋਂ ਵੱਡੀ ਪਹਿਲ ਦਿਤੀ ਗਈ ਹੈ ਅਤੇ ਕੇਵਲ ਖੁਲ੍ਹੀਆਂ ਥਾਵਾਂ ਉਪਰ ਹੀ ਲੰਗਰ ਲਗਾਏ ਜਾ ਰਹੇ ਹਨ। ਵਿਧਾਇਕ ਸ. ਨਵਤੇਜ ਸਿੰਘ ਚੀਮਾ ਤੇ ਡਿਪਟੀ ਕਮਿਸ਼ਨਰ ਇੰਜ. ਡੀ.ਪੀ.ਐਸ ਖਰਬੰਦਾ ਵਲੋਂ ਸਾਰੇ ਲੰਗਰ ਸਥਾਨਾਂ ਦਾ ਦੌਰਾ ਕਰ ਕੇ ਲੰਗਰ ਪ੍ਰਬੰਧਕਾਂ ਨੂੰ ਦਰਪੇਸ਼ ਕਿਸੇ ਵੀ ਦਿੱਕਤ ਨੂੰ ਦੂਰ ਕਰਨ ਦੇ ਹੁਕਮ ਦਿਤੇ ਗਏ ਹਨ। ਇਸ ਤੋਂ ਇਲਾਵਾ ਗੁਰਵਿੰਦਰ ਸਿੰਘ ਜੌਹਲ ਸੰਯੁਕਤ ਕਮਿਸ਼ਨਰ ਨਗਰ ਨਿਗਮ ਜਲੰਧਰ ਨੂੰ ਲੰਗਰ ਸਬੰਧੀ ਵੱਖ-ਵੱਖ ਪ੍ਰਬੰਧਾਂ ਦੀ ਜ਼ਿੰਮੇਵਾਰੀ ਸੌਪੀ ਗਈ ਹੈ ਜੋ ਕਿ ਲੰਗਰ ਲਗਾ ਰਹੀਆਂ ਸੰਸਥਾਵਾਂ ਨਾਲ ਲਗਾਤਾਰ ਰਾਬਤਾ ਰੱਖਣਗੇ।