ਸਾਧ ਯੂਨੀਅਨ ਦੀ ਪ੍ਰਕਾਸ਼ਤ ਹੋਈ ਖ਼ਬਰ ਨੇ ਪੰਥਕ ਹਲਕਿਆਂ ਵਿਚ ਮਚਾਈ ਤਰਥੱਲੀ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਪੰਥਦਰਦੀਆਂ ਵਲੋਂ ਤਖ਼ਤਾਂ ਦੇ ਜਥੇਦਾਰਾਂ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਨਸੀਅਤ

ਸਾਧ ਯੂਨੀਅਨ ਦੀ ਪ੍ਰਕਾਸ਼ਤ ਹੋਈ ਖ਼ਬਰ ਨੇ ਪੰਥਕ ਹਲਕਿਆਂ ਵਿਚ ਮਚਾਈ ਤਰਥੱਲੀ

ਕੋਟਕਪੂਰਾ (ਗੁਰਿੰਦਰ ਸਿੰਘ) : ਰੋਜ਼ਾਨਾ ਸਪੋਕਸਮੈਨ ਦੇ ਪੰਥਕ ਪੰਨੇ 'ਤੇ ਪ੍ਰਕਾਸ਼ਤ ਹੋਈ 'ਪ੍ਰਕਾਸ਼ ਪੁਰਬ ਸਮਾਗਮਾਂ ਲਈ ਸਾਧ ਯੂਨੀਅਨ ਨੇ ਵੀ ਖਿੱਚੀ ਤਿਆਰੀ' ਵਾਲੀ ਖ਼ਬਰ ਨੇ ਪੰਥਕ ਹਲਕਿਆਂ 'ਚ ਤਰਥੱਲੀ ਮਚਾ ਕੇ ਰੱਖ ਦਿਤੀ ਹੈ। ਪੰਥਦਰਦੀਆਂ ਦਾ ਦਾਅਵਾ ਹੈ ਕਿ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਲਗਾਤਾਰ 7 ਸਾਲ ਤਕ ਤਖ਼ਤਾਂ ਦੇ ਜਥੇਦਾਰਾਂ ਸਮੇਤ ਦੇਸ਼ ਵਿਦੇਸ਼ ਦੀਆਂ ਸਮੂਹ ਸਿੱਖ ਸੰਸਥਾਵਾਂ ਅਤੇ ਪੰਥਕ ਜਥੇਬੰਦੀਆਂ ਵਲੋਂ ਪ੍ਰਵਾਨਗੀ ਮਿਲਣ ਅਤੇ ਉਕਤ ਕੈਲੰਡਰ ਮੁਤਾਬਕ ਸਾਰੇ ਇਤਿਹਾਸਕ ਦਿਹਾੜੇ ਮਨਾਉਣ ਦੀ ਸਹਿਮਤੀ ਬਣਨ ਦੇ ਬਾਵਜੂਦ ਜਿਸ ਢੰਗ ਨਾਲ ਸਾਧ ਯੂਨੀਅਨ ਨੇ ਮੂਲ ਨਾਨਕਸ਼ਾਹੀ ਕੈਲੰਡਰ ਦਾ ਸੋਧ ਦੇ ਨਾਮ 'ਤੇ ਭੋਗ ਪਾ ਦਿਤਾ

ਉਸੇ ਤਰਜ਼ 'ਤੇ ਜੇਕਰ ਹੁਣ ਪ੍ਰਕਾਸ਼ ਪੁਰਬ ਸਮਾਗਮਾਂ ਦੀ ਆੜ 'ਚ ਸਾਧ ਯੂਨੀਅਨ ਤਖ਼ਤਾਂ ਦੇ ਜਥੇਦਾਰਾਂ ਅਤੇ ਸ਼੍ਰੋਮਣੀ ਕਮੇਟੀ 'ਤੇ ਭਾਰੂ ਪੈ ਗਈ ਤਾਂ ਆਉਣ ਵਾਲੇ ਸਮੇਂ 'ਚ ਸਮੁੱਚੀ ਸਿੱਖ ਸੰਗਤ ਤੇ ਖ਼ਾਸ ਕਰ ਕੇ ਨਵੀਂ ਪੀੜ੍ਹੀ ਨੂੰ ਇਸ ਦਾ ਖ਼ਮਿਆਜ਼ਾ ਭੁਗਤਣਾ ਪਵੇਗਾ। ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੇ ਪ੍ਰਚਾਰਕਾਂ ਪ੍ਰਿੰਸੀਪਲ ਗੁਰਬਚਨ ਸਿੰਘ ਪੰਨਵਾਂ, ਪ੍ਰੋ. ਸਰਬਜੀਤ ਸਿੰਘ ਧੁੰਦਾ, ਹਰਜਿੰਦਰ ਸਿੰਘ ਸਭਰਾ, ਸੁਖਵਿੰਦਰ ਸਿੰਘ ਦਦੇਹਰ, ਗੁਰਜੰਟ ਸਿੰਘ ਰੂਪੋਵਾਲੀ ਨੇ ਰੋਜ਼ਾਨਾ ਸਪੋਕਸਮੈਨ ਦਾ ਖੋਜ ਖ਼ਬਰ ਪ੍ਰਕਾਸ਼ਤ ਕਰਨ ਅਤੇ ਸਾਧ ਯੂਨੀਅਨ ਦੀ ਮਨਸ਼ਾ ਜਨਤਕ ਕਰਨ ਬਦਲੇ ਧਨਵਾਦ ਕਰਦਿਆਂ ਆਖਿਆ

ਕਿ ਗੁਰੂ ਸਾਹਿਬਾਨ ਨੇ ਤਾਂ ਨਿਰੋਲ ਖ਼ਾਲਸਾ ਪੰਥ ਬਣਾਇਆ ਸੀ ਪਰ ਡੇਰੇਦਾਰਾਂ ਅਤੇ ਸੰਪਰਦਾਈਆਂ ਨੇ ਹਮੇਸ਼ਾ ਇਸ ਨੂੰ ਖੇਰੂੰ ਖੇਰੂੰ ਕਰਨ ਦੀਆਂ ਚਾਲਾਂ ਚਲੀਆਂ। ਉਨ੍ਹਾਂ ਹੈਰਾਨੀ ਪ੍ਰਗਟਾਈ ਕਿ ਅੱਜ ਜਦੋਂ ਬਾਬੇ ਨਾਨਕ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਦੀ ਖ਼ੁਸ਼ੀ 'ਚ ਦੇਸ਼-ਵਿਦੇਸ਼ ਦੀਆਂ ਸੰਗਤਾਂ ਵਲੋਂ ਤਰ੍ਹਾਂ ਤਰ੍ਹਾਂ ਦੇ ਪ੍ਰੋਗਰਾਮ ਕੀਤੇ ਜਾ ਰਹੇ ਹਨ ਤਾਂ ਸਾਧ ਯੂਨੀਅਨ ਸਿੱਖ ਰਹਿਤ ਮਰਿਆਦਾ ਨੂੰ ਬਦਲਣ ਲਈ ਵਿਉਂਤਬੰਦੀ ਕਰਨ 'ਚ ਰੁਝ ਗਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਉਕਤ ਸਾਧਾਂ ਤੇ ਸੰਪਰਦਾਈਆਂ ਦੀ ਅਪਣੀ ਮਰਿਆਦਾ ਵੀ ਇਕ ਦੂਜੇ ਨਾਲ ਮੇਲ ਨਹੀਂ ਖਾਂਦੀ ਕਿਉਂਕਿ ਮੂਲ ਮੰਤਰ ੴ ਤੋਂ ਲੈ ਕੇ ਗੁਰਪ੍ਰਸਾਦਿ ਤਕ ਹੀ ਹੈ।

ਗੁਰੂ ਗ੍ਰੰਥ ਸਾਹਿਬ ਵਿਚ ਸੰਪੂਰਨ ਰੂਪ 'ਚ 33 ਵਾਰ ਆਇਆ ਹੈ। ਉਨ੍ਹਾਂ ਦਸਿਆ ਕਿ ਸ਼੍ਰੋਮਣੀ ਕਮੇਟੀ ਵਲੋਂ ਹੀ ਪ੍ਰਕਾਸ਼ਤ ਮੂਲ ਮੰਤਰ ਦਾ ਪ੍ਰਮਾਣਤ ਸਰੂਪ ਡਾ. ਵਿਕਰਮ ਸਿੰਘ ਦਾ ਲਿਖਿਆ ਹੋਇਆ ਇਹ ਸਾਬਤ ਕਰਦਾ ਹੈ ਕਿ ਮੂਲ ਮੰਤਰ ੴ ਤੋਂ ਲੈ ਕੇ ਗੁਰਪ੍ਰਸਾਦਿ ਤਕ ਹੀ ਸੰਪੂਰਨ ਹੈ। ਉਨ੍ਹਾਂ ਤਖ਼ਤਾਂ ਦੇ ਜਥੇਦਾਰਾਂ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਮੇਤ ਸਮੂਹ ਅਹੁਦੇਦਾਰਾਂ ਨੂੰ ਨਸੀਅਤ ਦਿਤੀ ਕਿ ਸਿੱਖ ਸ਼ਕਲਾਂ ਵਾਲੇ ਡੇਰੇਦਾਰਾਂ ਦੇ ਡੇਰਿਆਂ 'ਚ ਵੀ ਸਿੱਖ ਰਹਿਤ ਮਰਿਆਦਾ ਲਾਗੂ ਕਰਨੀ ਯਕੀਨੀ ਬਣਾਈ ਜਾਵੇ ਅਤੇ ਸੰਤ ਸਮਾਜ ਦਾ ਮੁਕੰਮਲ ਖ਼ਾਤਮਾ ਕੀਤਾ ਜਾਵੇ।