ਜੰਮੂ-ਕਸ਼ਮੀਰ 'ਚ ਸਿੱਖਾਂ ਨੂੰ ਜਲਦ ਮਿਲੇਗਾ ਘੱਟ ਗਿਣਤੀ ਦਾ ਦਰਜਾ : ਹਰਦੀਪ ਸਿੰਘ ਪੁਰੀ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸੀ.ਈ.ਓ. ਬਲਦੇਵ ਸਿੰਘ ਨੇ ਹਰਦੀਪ ਸਿੰਘ ਪੁਰੀ ਨਾਲ ਕੀਤੀ ਮੁਲਾਕਾਤ

Sikhs to get minority status in Jammu and Kashmir soon: Hardeep Singh Puri

ਨਵੀਂ ਦਿੱਲੀ (ਸੁਖਰਾਜ ਸਿੰਘ): ਜੰਮੂ-ਕਸ਼ਮੀਰ ਦੇ ਸਿੱਖਾਂ ਨੂੰ ਜਲਦ ਹੀ ਘੱਟ ਗਿਣਤੀ ਦਾ ਦਰਜਾ ਮਿਲੇਗਾ, ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਇਹ ਵਿਸ਼ਵਾਸ ਦਿਵਾਇਆ ਹੈ। ਇਹ ਜਾਣਕਾਰੀ ਪੀਕਸ ਸ੍ਰੀ ਨਗਰ ਦੇ ਸੀ.ਈ.ਓ. ਬਲਦੇਵ ਸਿੰਘ ਨੇ ਦਿਤੀ। ਉਨ੍ਹਾਂ ਦਸਿਆ ਕਿ ਉਹ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੂੰ ਉਨ੍ਹਾਂ ਦੇ ਦਫ਼ਤਰ ਵਿਚ ਮਿਲੇ ਅਤੇ ਉਨ੍ਹਾਂ ਤੋਂ ਇਹ ਮੰਗ ਕੀਤੀ ਗਈ ਕਿ ਜੰਮੂ-ਕਸ਼ਮੀਰ 'ਚ ਪੰਜਾਬੀ ਭਾਸ਼ਾ ਨੂੰ ਸੂਬੇ ਦੀਆਂ ਭਾਸ਼ਾਵਾਂ ਵਿਚ ਪਵਾਇਆ ਜਾਵੇ।

ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਸਰਕਾਰ ਨੇ ਪੰਜਾਬੀ ਭਾਸ਼ਾ ਨੂੰ ਸੂਬੇ ਦੀਆਂ ਭਾਸ਼ਾਵਾਂ 'ਚੋਂ ਬਾਹਰ ਕੱਢ ਦਿਤਾ ਸੀ। ਬਲਦੇਵ ਸਿੰਘ ਨੇ ਦਸਿਆ ਕਿ ਉਨ੍ਹਾਂ ਇਹ ਮੰਗ ਕੀਤੀ ਕਿ ਜੰਮੂ-ਕਸ਼ਮੀਰ ਵਿਚ ਸਿੱਖਾਂ ਨੂੰ ਘੱਟ ਗਿਣਤੀ ਦਾ ਦਰਜਾ ਦਿਤਾ ਜਾਵੇ ਅਤੇ ਸ. ਪੁਰੀ ਨੇ ਉਸੇ ਵੇਲੇ ਗ੍ਰਹਿ ਸਕੱਤਰ ਨੂੰ ਫ਼ੋਨ ਕਰ ਕੇ ਕਿਹਾ ਕਿ ਇਸ ਸਬੰਧੀ ਜਲਦ ਕਾਰਵਾਈ ਕੀਤੀ ਜਾਵੇ।

ਉਨ੍ਹਾਂ ਨੇ ਸ. ਪੁਰੀ ਨੂੰ ਇਹ ਵੀ ਕਿਹਾ ਕਿ ਦੇਸ਼ ਦੀ ਵੰਡ ਸਮੇਂ ਹਜ਼ਾਰਾਂ ਸਿੱਖ ਜੰਮੂ ਕਸ਼ਮੀਰ ਦੇ ਸ਼ਹੀਦ ਹੋਏ ਹਨ ਪਰ ਸਿੱਖਾਂ ਨੂੰ ਅਣਗੌਲਿਆਂ ਕੀਤਾ ਜਾ ਰਿਹਾ ਹੈ। ਬਲਦੇਵ ਸਿੰਘ ਨੇ ਅਪਣੀਆਂ ਮੰਗਾਂ ਵਿਚ ਸਿੱਖਾਂ ਨੂੰ ਸਰਕਾਰੀ ਨੌਕਰੀਆਂ 'ਚ ਰਾਖਵਾਂਕਰਨ ਦੇਣ ਬਾਰੇ ਅਤੇ ਵੰਡ ਤੋਂ ਪਹਿਲਾਂ ਜੋ ਦੋ ਸੀਟਾਂ ਬਾਰਾਮੂਲਾ ਤੇ ਤਰਾਲ ਸਿੱਖਾਂ ਲਈ ਰਾਖਵੀਆਂ ਸਨ, ਉਨ੍ਹਾਂ ਨੂੰ ਮੁੜ ਸਿੱਖਾਂ ਲਈ ਰਾਖਵਾਂ ਕੀਤਾ ਜਾਵੇ। ਇਸ ਮੌਕੇ ਹਰਦੀਪ ਸਿੰਘ ਪੁਰੀ ਨੇ ਬਲਦੇਵ ਸਿੰਘ ਨੂੰ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਜਲਦ ਹੀ ਹੱਲ ਕਢਿਆ ਜਾਵੇਗਾ।