’84 ਸਿੱਖ ਕਤਲੇਆਮ : ਉਪਰਾਜਪਾਲ ਨੇ ਸਿਖਰਲੀ ਅਦਾਲਤ ’ਚ ਅਪੀਲ ਦਾਇਰ ਕਰਨ ਨੂੰ ਮਨਜ਼ੂਰੀ ਦਿਤੀ
‘ਸੰਵੇਦਨਹੀਣ ਦੇਰੀ’ ਲਈ ਜ਼ਿੰਮੇਵਾਰ ਅਧਿਕਾਰੀਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਦੀ ਜਵਾਬਦੇਹੀ ਤੈਅ ਕਰਨ ਦਾ ਹੁਕਮ ਦਿਤਾ
ਨਵੀਂ ਦਿੱਲੀ: ਦਿੱਲੀ ਦੇ ਉਪਰਾਜਪਾਲ ਵੀ.ਕੇ. ਸਕਸੇਨਾ ਨੇ 1984 ’ਚ ਹੋਏ ਸਿੱਖ ਕਤਲੇਆਮ ਨਾਲ ਜੁੜੇ ਇਕ ਮਾਮਲੇ ’ਚ ਛੇ ਮੁਲਜ਼ਮਾਂ ਨੂੰ ਬਰੀ ਕਰਨ ਦੇ ਦਿੱਲੀ ਹਾਈ ਕੋਰਟ ਦੇ 10 ਜੁਲਾਈ ਦੇ ਹੁਕਮ ਵਿਰੁਧ ਸੁਪਰੀਮ ਕੋਰਟ ’ਚ ਵਿਸ਼ੇਸ਼ ਇਜਾਜ਼ਤ ਅਪੀਲ ਦਾਇਰ ਕਰਨ ਨੂੰ ਅਪਣੀ ਮਨਜ਼ੂਰੀ ਦੇ ਦਿਤੀ ਹੈ।
ਅਧਿਕਾਰੀਆਂ ਨੇ ਸਨਿਚਰਵਾਰ ਨੂੰ ਇਹ ਜਾਣਕਾਰੀ ਦਿਤੀ। ਉਪਰਾਜਪਾਲ ਦਫ਼ਤਰ ਦੇ ਅਧਿਕਾਰੀਆਂ ਨੇ ਕਿਹਾ ਕਿ ਸਕਸੇਨਾ ਨੇ ਮਾਮਲੇ ’ਚ ਕਥਿਤ ‘ਸੰਵੇਦਨਹੀਣ ਦੇਰੀ’ ਲਈ ਦਿੱਲੀ ਸਰਕਾਰ ਦੇ ਪਾਸਿਕਿਊਸ਼ਨ ਵਿਭਾਗ ਦੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਉਪ ਰਾਜਪਾਲ ਨੇ ਗ੍ਰਹਿ ਵਿਭਾਗ ਨੂੰ ਦੇਰੀ ਲਈ ਜ਼ਿੰਮੇਵਾਰ ਅਧਿਕਾਰੀਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਦੀ ਜਵਾਬਦੇਹੀ ਤੈਅ ਕਰਨ ਦਾ ਹੁਕਮ ਦਿਤਾ ਅਤੇ ਸੱਤ ਦਿਨਾਂ ਅੰਦਰ ਰੀਪੋਰਟ ਮੰਗੀ।
ਇਹ ਮਾਮਲਾ ਉੱਤਰ-ਪਛਮੀ ਦਿੱਲੀ ਦੇ ਸਰਸਵਤੀ ਵਿਹਾਰ ਥਾਣਾ (ਹੁਣ ਸੁਭਾਸ਼ ਪਲੇਸ) ਇਲਾਕੇ ’ਚ ਸਿੱਖ ਕਤਲੇਆਮ ਦੌਰਾਨ ਲੁੱਟਮਾਰ ਅਤੇ ਹਿੰਸਾ ਨਾਲ ਸਬੰਧਤ ਹੈ, ਜਿਸ ’ਚ ਛੇ ਮੁਲਜ਼ਮ- ਹਰੀਲਾਲ, ਮੰਗਲ, ਧਰਮਪਾਲ, ਆਜ਼ਾਦ, ਓਮ ਪ੍ਰਕਾਸ਼ ਅਤੇ ਅਬਦੁਲ ਹਬੀਬ ਸ਼ਾਮਲ ਸਨ।