ਮਹਾਨ ਕੀਰਤਨ ਸਮਾਗਮ 'ਚ ਵੱਡੀ ਗਿਣਤੀ ਸੰਗਤ ਨੇ ਗੁਰਬਾਣੀ ਸਰਵਣ ਕਰਕੇ ਗੁਰੂ ਸਾਹਿਬ ਦੀ ਲਾਸਾਨੀ ਸ਼ਹਾਦਤ ਨੂੰ ਸਿਜਦਾ ਕੀਤਾ
ਲਾਸਾਨੀ ਸ਼ਹਾਦਤ ਦੀ ਕਥਾ ਤੇ ਗੁਰਬਾਣੀ ਕੀਰਤਨ ਨੇ ਸੰਗਤਾਂ ਨੂੰ ਗੌਰਵਮਈ ਇਤਿਹਾਸ ਨਾਲ ਜੋੜਿਆ
ਸ੍ਰੀ ਅਨੰਦਪੁਰ ਸਾਹਿਬ : ਹਿੰਦ ਦੀ ਚਾਦਰ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਸਮਾਗਮਾਂ ਦੀ ਲੜੀ ਤਹਿਤ ਅੱਜ ਛਾਉਣੀ ਬੁੱਢਾ ਦਲ ਵਿਖੇ ਸਜਾਏ ਗਏ ਵਿਸ਼ਾਲ ਪੰਡਾਲ ਵਿੱਚ ਕੀਰਤਨ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਪੰਥ ਪ੍ਰਸਿੱਧ ਰਾਗੀ ਜਥਿਆਂ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦੇ ਕੀਰਤਨ ਨਾਲ ਸੰਗਤ ਨੂੰ ਨਿਹਾਲ ਕੀਤਾ ਅਤੇ ਇਸ ਮੌਕੇ ਵੱਡੀ ਗਿਣਤੀ ਸੰਗਤ ਨੇ ਗੁਰਬਾਣੀ ਕੀਰਤਨ ਸਰਵਣ ਕਰਕੇ ਗੁਰੂ ਸਾਹਿਬ ਦੀ ਲਾਸਾਨੀ ਸ਼ਹਾਦਤ ਨੂੰ ਸਿਜਦਾ ਕੀਤਾ। ਇਸ ਮੌਕੇ ਸਿੱਖ ਚਿੰਤਕ ਤੇ ਪੰਥਕ ਬੁਲਾਰੇ ਭਗਵਾਨ ਸਿੰਘ ਜੌਹਲ ਨੇ ਮੰਚ ਸੰਚਲਾਨ ਕਰਦਿਆਂ ਸੰਗਤ ਨੂੰ ਗੁਰੂ ਸਾਹਿਬ ਦੇ ਜੀਵਨ ਤੋਂ ਪ੍ਰੇਰਨਾ ਲੈਣ ਲਈ ਪ੍ਰੇਰਿਆ।
ਪੰਥ ਪ੍ਰਸਿੱਧ ਭਾਈ ਸਾਹਿਬ ਬਲਵਿੰਦਰ ਸਿੰਘ ਰੰਗੀਲਾ ਤੇ ਰਾਗੀ ਜੱਥੇ ਨੇ ਸ਼ਬਦ ਗਾਇਨ ਤੇ ਗੁਰੂ ਇਤਿਹਾਸ ਨਾਲ ਸੰਗਤ ਨੂੰ ਨਿਹਾਲ ਕੀਤਾ। ਕਥਾ ਵਾਚਕ ਗਿਆਨੀ ਹਰਜੀਤ ਸਿੰਘ ਹਰਮਨ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ, ਭਾਈ ਸਤੀ ਦਾਸ ਜੀ, ਭਾਈ ਮਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੀ ਲਾਸਾਨੀ ਸ਼ਹਾਦਤ ਦੇ ਇਤਿਹਾਸ ਤੇ ਬਿਰਤਾਂਤ ਦੀ ਕਥਾ ਦਾ ਵਰਣਨ ਬੜਾ ਬਾਖੂਬੀ ਕੀਤਾ।
ਭਾਈ ਸਾਹਿਬ ਸੁਖਦੀਪ ਸਿੰਘ ਸਮੇਤ ਭਾਈ ਸਾਹਿਬ ਅਮਰਜੀਤ ਸਿੰਘ ਤਾਨ ਅਤੇ ਭਾਈ ਸਾਹਿਬ ਜਸਬੀਰ ਸਿੰਘ ਪਾਉਂਟਾ ਸਾਹਿਬ ਵਾਲਿਆਂ ਨੇ ਵੀ ਗੁਰਬਾਣੀ ਰਸਭਿਨਾ ਗਾਇਨ ਕੀਤਾ। ਜਦਕਿ ਬਾਬਾ ਸੁੱਚਾ ਸਿੰਘ ਗੁਰਮਤਿ ਸੰਗੀਤ ਵਿਦਿਆਲਿਆ ਦੇ ਪ੍ਰਿੰਸੀਪਲ ਭਾਈ ਸੁਖਵੰਤ ਸਿੰਘ ਤੇ ਭਾਈ ਈਸ਼ਵਰ ਸਿੰਘ ਲੁਧਿਆਣਾ ਦੇ ਜੱਥੇ ਤੇ ਵਿਦਿਆਰਥੀਆਂ ਨੇ ਗੁਰਮਤਿ ਸੰਗੀਤ ਤੇ ਤੰਤੀ ਸਾਜਾਂ ਨਾਲ ਰਾਗਾਂ ਵਿੱਚ ਨੌਵੇਂ ਪਾਤਸ਼ਾਹ ਦੀ ਗੁਰਬਾਣੀ ਦਾ ਸੁੰਦਰ ਗਾਇਨ ਕੀਤਾ।
ਇਸ ਮਹਾਨ ਕੀਰਤਨ ਸਮਾਗਮ ਮੌਕੇ ਬਾਬਾ ਸਰਬਜੋਤ ਸਿੰਘ ਬੇਦੀ, ਸੰਤ ਕਸ਼ਮੀਰ ਸਿੰਘ ਭੂਰੀ ਵਾਲੇ, ਜਥੇਦਾਰ ਬਾਬਾ ਬਲਬੀਰ ਸਿੰਘ 96 ਕਰੋੜੀ ਮੁੱਖੀ ਨਿਹੰਗ ਸਿੰਘ ਜਥੇਬੰਦੀ ਬੁੱਢਾ ਦਲ ਚਲਦਾ ਵਹੀਰ ਪੰਜਵਾਂ ਤਖ਼ਤ, ਸੰਤ ਬਲਵਿੰਦਰ ਲੰਗਰਾਂ ਵਾਲੇ (ਹਜ਼ੂਰ ਸਾਹਿਬ), ਸੰਤ ਸੇਵਾ ਸਿੰਘ ਰਾਮਪੁਰ ਖੇੜੇ ਵਾਲੇ, ਸੰਤ ਅਵਤਾਰ ਸਿੰਘ ਸੁਰਸਿੰਘ ਮੁੱਖੀ ਦਲ ਪੰਥ ਬਾਬਾ ਬਿਧੀ ਚੰਦ ਜੀ, ਸੰਤ ਬਲਬੀਰ ਸਿੰਘ ਸੀਚੇਵਾਲ, ਬਾਬਾ ਮਨਮੋਹਨ ਸਿੰਘ ਬਾਰਨ ਵਾਲੇ, ਗਿਆਨੀ ਪ੍ਰਤਾਪ ਸਿੰਘ ਸਾਬਕਾ ਹੈਡ ਗ੍ਰੰਥੀ ਹਜ਼ੂਰ ਸਾਹਿਬ, ਬਾਬਾ ਬਲਵਿੰਦਰ ਸਿੰਘ ਤਰਨਾ ਦਲ ਮਹਿਤਾ ਚੌਂਕ, ਬਾਬਾ ਗੁਰਦੇਵ ਸਿੰਘ ਸ਼ਹੀਦੀ ਬਾਗ, ਬਾਬਾ ਦਰਸ਼ਨ ਸਿੰਘ ਟਾਹਲਾ ਸਾਬ੍ਹ, ਬਾਬਾ ਜੋਗਾ ਸਿੰਘ ਤਰਨਾ ਦਲ ਬਾਬਾ ਬਕਾਲਾ, ਬਾਬਾ ਜਗਜੀਤ ਸਿੰਘ ਮੜ੍ਹੀਆਂ ਵਾਲੇ, ਕਾਰ ਸੇਵਾ ਸਰਹਾਲੀ ਬਾਬਾ ਮਿਲਖਾ ਸਿੰਘ, ਭਾਈ ਮਤੀ ਦਾਸ ਜੀ ਦੀ ਅੰਸ਼ ਵੰਸ਼ ਵਿੱਚੋਂ ਸੱਤਵੀਂ ਪੀੜੀ ਭਾਈ ਚਰਨਜੀਤ ਸਿੰਘ, ਭਾਈ ਮਾਨ ਸਿੰਘ ਤਰਨਾ ਦਲ, ਭਾਈ ਹਰਜੀਤ ਸਿੰਘ ਮਹਿਤਾ ਚੌਂਕ, ਬੁੱਢਾ ਦਲ ਤੋਂ ਐਡਵੋਕੇਟ ਕਰਨਜੀਤ ਸਿੰਘ, ਭਾਈ ਭੁਪਿੰਦਰ ਸਿੰਘ ਰਾਮਪੁਰ ਖੇੜੇ ਵਾਲੇ ਸਮੇਤ ਵੱਢੀ ਗਿਣਤੀ 'ਚ ਹੋਰ ਸੰਪਰਦਾਵਾਂ ਤੋਂ ਸੰਤ ਮਹਾਂ ਪੁਰਖ ਵੀ ਹਾਜ਼ਰ ਸਨ।