ਲੋਕ ਸਮਝ ਰਹੇ ਨੇ ਸ਼ਹੀਦੀ ਸਭਾ ਦੀ ਮਰਿਆਦਾ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸ਼ਹੀਦੀ ਸਭਾ 'ਤੇ ਲੰਗਰਾਂ ਸਬੰਧੀ ਪ੍ਰਚਾਰ ਦਾ ਅਸਰ : ਸ਼ਹੀਦੀ ਜੋੜ ਮੇਲ ਉਪਰ ਨਹੀਂ ਮਿਲਣਗੇ ਇਸ ਵਾਰ ਸਵਾਦੀ ਪਕਵਾਨਾਂ ਦੇ ਲੰਗਰ..........

Flex Board

ਅਮਲੋਹ : ਸੋਸ਼ਲ ਮੀਡੀਏ, ਸਿੱਖ ਪ੍ਰਚਾਰਕਾਂ ਦੇ ਪ੍ਰਚਾਰ ਜਾਂ ਪੰਚਾਇਤੀ ਚੋਣਾਂ ਦੇ ਅਸਰ ਕਾਰਨ ਇਸ ਵਾਰ ਸ਼ਹੀਦੀ ਜੋੜ ਮੇਲ ਉਪਰ ਪਹਿਲਾਂ ਜਿਹੇ ਲੰਗਰ ਨਹੀਂ ਲੱਗ ਰਹੇ ਕਿਉਂਕਿ ਕਈ ਦਿਨ ਪਹਿਲਾਂ ਹੀ ਇਸ ਵਾਰ ਲੰਗਰਾਂ ਦੇ ਸਰੂਪ ਤੇ ਮਰਿਆਦਾ ਬਾਰੇ ਜੋ ਪ੍ਰਭਾਵ ਮਿਲਣ ਲੱਗਾ ਹੈ, ਤੋਂ ਸਪਸ਼ਟ ਹੈ ਕਿ ਇਸ ਜੋੜ ਮੇਲ ਉਪਰ ਲੰਗਰ ਬਿਲਕੁਲ ਸਿੱਖ ਮਰਿਆਦਾ ਦੇ ਅਨੁਕੂਲ ਹੋਣਗੇ। 

ਪਿਛਲੇ ਸਮੇਂ ਵਿਚ ਇਸ ਜੋੜ ਮੇਲ ਉਪਰ ਫ਼ਤਿਹਗੜ੍ਹ ਸਾਹਿਬ ਅਤੇ ਇਸ ਨੂੰ ਆਉਂਦੇ ਸਾਰੇ ਰਾਹਾਂ ਤੇ ਹਜ਼ਾਰਾਂ ਦੀ ਗਿਣਤੀ ਵਿਚ ਲੰਗਰ ਲੱਗਦੇ ਹਨ ਤੇ ਇਨ੍ਹਾਂ ਵਿਚੋਂ ਬਹੁਤੇ ਲੰਗਰਾਂ ਵਿਚ ਦਾਲ ਪ੍ਰਸ਼ਾਦੇ ਤੋਂ ਬਿਨਾਂ ਮਟਰ ਪਨੀਰ ਖੀਰ, ਜਲੇਬੀਆਂ,ਗਰਮ ਗੁਲਾਬ ਜਾਮੁਨਾਂ, ਮਾਲ੍ਹਪੂੜੇ ਗੰਨੇ ਦਾ ਰਸ ਆਦਿ ਦੇ ਲੰਗਰ ਲੱਗਦੇ ਹਨ ਤੇ ਇਨ੍ਹਾਂ ਲੰਗਰਾਂ ਵਾਲੇ ਸੰਗਤ ਨੂੰ ਸਪੀਕਰਾਂ ਵਿਚ ਗੱਲਾ ਫਾੜ ਫਾੜ ਕੇ ਤਿਆਰ ਕੀਤੇ ਪਕਵਾਨਾਂ ਨੂੰ ਛਕਣ ਲਈ ਅਵਾਜ਼ਾਂ ਕੱਸਦੇ ਰਹਿੰਦੇ ਸਨ ਪਰ ਇਸ ਵਾਰ ਬਿਲਕੁਲ ਉਲਟ ਹੋ ਰਿਹਾ ਹੈ ਜਿਸ ਦਾ ਪ੍ਰਭਾਵ ਫ਼ਤਿਹਗੜ੍ਹ ਸਾਹਿਬ ਜਾਂ ਇਸ ਦੇ ਆਲੇ-ਦੁਆਲੇ ਸੰਗਤਾਂ ਵਲੋਂ ਆਪ ਮੁਹਾਰੇ ਲਗਾਏ ਗਏ ਫਲੈਕਸਾਂ ਤੋਂ ਮਿਲਦਾ ਹੈ

ਜਿਨ੍ਹਾਂ ਉਪਰ ਸਪਸ਼ਟ ਤੌਰ 'ਤੇ ਲਿਖਿਆ ਗਿਆ ਹੈ ਕਿ ਇਸ ਸ਼ਹੀਦੀ ਸਭਾ ਵਿਚ ਵਰਤਾਉਣ ਲਈ ਤਿਆਰ ਕੀਤੇ ਗਏ ਲੰਗਰ ਉਸੇ ਭਾਵਨਾਵਾਂ ਤਹਿਤ ਤਿਆਰ ਕੀਤੇ ਜਾਣ ਜਿਹੋ ਜਿਹੀ ਭਾਵਨਾ ਨਾਲ ਸੰਗਤ ਇਸ ਜੋੜ ਮੇਲ ਵਿਚ ਸ਼ਹੀਦਾ ਨੂੰ ਨਤਮਸਤਕ ਹੋਣ ਲਈ ਆਉਂਦੀ ਹੈ। ਬਣ ਰਹੇ ਹਾਲਤਾਂ ਤੋ ਜਾਪਦਾ ਹੈ ਕਿ ਇਸ ਵਾਰ ਸਿੰਘ ਸਭਾ ਵਿਚ ਕਈ ਸਾਲਾਂ ਤੋ ਚੱਲ ਆ ਰਹੇ ਉਨ੍ਹਾਂ ਲੰਗਰਾਂ ਦੇ ਪ੍ਰਬੰਧਕ ਵੀ ਇਸ ਵਾਰ ਸਾਦਾ ਦਾਲ ਪਰਸ਼ਾਦਾ ਆਪਣੇ ਲੰਗਰ ਵਿਚ ਤਿਆਰ ਕਰਨਗੇ ਜਿਹੜੇ ਪਹਿਲਾ ਇਸ ਦੌੜ ਵਿਚ ਸ਼ਾਮਲ ਹੁੰਦੇ ਸਨ ਕਿ ਉਨ੍ਹਾਂ ਦਾ ਲੰਗਰ ਬਾਕੀ ਦੇ ਲੰਗਰਾਂ ਨਾਲੋਂ ਬਿਹਤਰ ਹੋਣਾ ਚਾਹੀਦਾ ਹੈ। 

ਅਮਲੋਹ ਦੇ ਮੁੱਖ ਬਾਜ਼ਾਰ ਵਿਚ ਬਰੈਡਾਂ ਦੇ ਹੋਲਸੇਲ ਦੇ ਵਿਕ੍ਰੇਤਾ ਸੇਠੀ ਕੰਨਫ਼ੈਕਸ਼ਰੀ ਦੇ ਮਾਲਕ ਨੇ ਸੰਪਰਕ ਕਰਨ 'ਤੇ ਦਸਿਆ ਕਿ ਪਿਛਲੇ ਸਾਲਾਂ ਵਿਚ ਇਨ੍ਹਾਂ ਦਿਨਾਂ ਵਿਚ ਲੰਗਰਾਂ ਵਾਲੇ ਉਸ ਕੋਲ ਪੱਚੀ ਤੋਂ ਤੀਹ ਹਜ਼ਾਰ ਦੇ ਕਰੀਬ ਬ੍ਰੈਡਾਂ ਦੇ ਪੈਕਟ ਬੁੱਕ ਕਰਵਾ ਜਾਂਦੇ ਸਨ ਪਰ ਇਸ ਵਾਰ ਇਹ ਬੁਕਿੰਗ ਦੋ ਹਜ਼ਾਰ ਦੀ ਵੀ ਨਹੀਂ ਹੋਈ, ਇਸੇ ਤਰ੍ਹਾਂ ਕਰਿਆਨੇ ਦਾ ਹੋਲਸੇਲ ਦਾ ਕੰਮ ਕਰਨ ਵਾਲੇ ਇਕ ਹੋਰ ਦੁਕਾਨਦਾਰ ਨੇ ਦਸਿਆ ਕਿ ਹਰ ਸਾਲ ਉਸ ਕੋਲ ਲੰਗਰਾਂ ਵਾਲੇ ਘਿਉ ਅਤੇ ਚੀਨੀ ਦੀ ਐਡਵਾਂਸ ਵਿਚ ਇੰਨੀ ਜ਼ਿਆਦਾ ਬੁਕਿੰਗ ਕਰਵਾ ਜਾਂਦੇ ਸਨ

ਕਿ ਉਨ੍ਹਾਂ ਨੂੰ ਆਰਡਰ ਭਗਤਾਉ ਵਿਚ ਮੁਸ਼ਕਲ ਪੇਸ਼ ਆਉਂਦੀ ਸੀ ਪਰ ਇਸ ਵਾਰ ਕੋਈ ਵੀ ਇਨ੍ਹਾਂ ਵਸਤਾਂ ਦੀ ਬੁਕਿੰਗ ਕਰਵਾਉਣ ਲਈ ਉਨ੍ਹਾਂ ਦੀ ਦੁਕਾਨ 'ਤੇ ਨਹੀਂ ਆਇਆ। ਗੁਰਦੁਆਰਾ ਫ਼ਤਿਹਗੜ੍ਹ ਸਾਹਿਬ ਦੇ ਮੈਨੇਜਰ ਅਮਰਜੀਤ ਸਿੰਘ ਨੇ ਸੰਪਰਕ ਕਰਨ ਤੇ ਦਸਿਆ ਕਿ ਇਸ ਵਾਰ ਹੁਣ ਤੱਕ ਫ਼ਤਿਹਗੜ੍ਹ ਸਾਹਿਬ ਵਿਚ ਲਗਭਗ ਚਾਰ ਸੌ ਲੰਗਰਾਂ ਵਾਲੇ ਉਨ੍ਹਾਂ ਤੋ ਆਗਿਆ ਲੈ ਗਏ ਹਨ ਤੇ ਮਨਜ਼ੂਰੀ ਲੈਣ ਵਾਲੇ ਸਾਰੇ ਹੀ ਸ਼ਰਧਾਲੂਆਂ ਦੀ ਮਨਸਾ ਸੀ ਕਿ ਉਹ ਬਿਲਕੁਲ ਸਾਦੇ ਲੰਗਰ ਹੀ ਲਗਾਉਣਗੇ।