ਕਰਤਾਰਪੁਰ ਲਾਂਘੇ ਨੂੰ ਠੱਪ ਕਰਵਾਉਣ ਲਈ ਬਾਦਲਾਂ ਨੇ ਪਾਕਿ ਵਿਰੁਧ ਮਤਾ ਪੇਸ਼ ਕਰਨ ਦੀ ਕੀਤੀ ਕੋਸ਼ਿਸ਼
ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ.ਪਰਮਜੀਤ ਸਿੰਘ ਸਰਨਾ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਘੇਰਦਿਆਂ ਪੁਛਿਆ ਹੈ.....
ਨਵੀਂ ਦਿੱਲੀ : ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ.ਪਰਮਜੀਤ ਸਿੰਘ ਸਰਨਾ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਘੇਰਦਿਆਂ ਪੁਛਿਆ ਹੈ ਆਖ਼ਰ ਕਿਸਦੇ ਇਸ਼ਾਰੇ 'ਤੇ ਬਾਦਲ ਦਲ ਨੇ ਪੰਜਾਬ ਵਿਧਾਨ ਸਭਾ ਵਿਚ ਪਾਕਿਸਤਾਨ ਨੂੰ ਅਤਿਵਾਦੀ ਮੁਲਕ ਐਲਾਨਣ ਲਈ ਅਸਫ਼ਲ ਮਤਾ ਪੇਸ਼ ਕੀਤਾ ਹੈ? ਉਨ੍ਹਾਂ ਕਿਹਾ ਅਮਰੀਕਾ ਵਰਗੀ ਵੱਡੀ ਤਾਕਤ ਨੇ ਵੀ ਅੱਜ ਤਕ ਅਤਿਵਾਦੀ ਦੇਸ਼ਾਂ ਦੀ ਲੜੀ ਵਿਚ ਪਾਕਿਸਤਾਨ ਨੂੰ ਸ਼ਾਮਲ ਨਹੀਂ ਕੀਤਾ ਹੋਇਆ, ਫਿਰ ਬਾਦਲ ਦਲ ਨੂੰ ਕੀ ਲੋੜ ਪੈ ਗਈ ਕਿ ਉਸ ਨੇ ਵਿਧਾਨ ਸਭਾ ਵਿਚ ਪਾਕਿਸਤਾਨ ਵਿਰੁਧ ਮਤਾ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ।
ਉਨ੍ਹਾਂ ਦੋਸ਼ ਲਾਇਆ, “ਅਸਲ ਵਿਚ ਬਾਦਲ ਦਲ ਨੇ ਆਰ.ਐਸ.ਐਸ. ਦੇ ਇਸ਼ਾਰੇ 'ਤੇ ਪਾਕਿਸਤਾਨ ਨੂੰ ਅਤਿਵਾਦੀ ਮੁਲਕ ਐਲਾਨਣ ਦਾ ਮਤਾ ਪੇਸ਼ ਕਰਨ ਦੀ ਕੋਝੀ ਹਰਕਤ ਕੀਤੀ ਹੈ ਕਿਉਂਕਿ ਸਿੱਧੇ ਤੌਰ 'ਤੇ ਆਰ.ਐਸ.ਐਸ. ਅੰਤਰਰਾਸ਼ਟਰੀ ਮੁੱਦੇ 'ਤੇ ਨਹੀਂ ਬੋਲ ਸਕਦੀ, ਇਸ ਲਈ ਅਪਣੇ ਪੁਰਾਣੇ ਵਫ਼ਾਦਾਰ ਬਾਦਲ ਦਲ ਰਾਹੀਂ ਉਸ ਨੇ ਪੁਲਵਾਮਾ ਦੇ ਅਤਿਵਾਦੀ ਹਮਲੇ ਨੂੰ ਮੁੱਦਾ ਬਣਾ ਕੇ, ਕਰਤਾਰਪੁਰ ਸਾਹਿਬ ਗਲਿਆਰੇ ਦੇ ਪ੍ਰਾਜੈਕਟ ਨੂੰ ਠੱਪ ਕਰਵਾਉਣ ਦੀ ਨੀਅਤ ਨਾਲ ਇਹ ਸੱਭ ਕਰਵਾਇਆ ਹੈ।''