ਅਮਰੀਕਾ 'ਚ ਸਿੱਖ ਬੀਬੀ ਮੇਅਰ ਦੀ ਦੌੜ ਵਿਚ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਅਮਰੀਕਾ ਵਿਚ ਪਹਿਲੀ ਸਿੱਖ ਮਹਿਲਾ ਪ੍ਰੀਤ ਡਿਡਬਾਲ ਦੇ ਮੇਅਰ ਬਣਨ ਦੇ 2 ਸਾਲ ਦੇ ਵਕਫ਼ੇ ਮਗਰੋਂ ਇਕ ਹੋਰ ਪੰਜਾਬੀ ਔਰਤ ਜਸ ਸੰਘਾ ਨੇ ਟਰੇਸੀ ਦੇ ਮੇਅਰ ਅਹੁਦੇ.........

Jass Sangha

ਨਿਊਯਾਰਕ : ਅਮਰੀਕਾ ਵਿਚ ਪਹਿਲੀ ਸਿੱਖ ਮਹਿਲਾ ਪ੍ਰੀਤ ਡਿਡਬਾਲ ਦੇ ਮੇਅਰ ਬਣਨ ਦੇ 2 ਸਾਲ ਦੇ ਵਕਫ਼ੇ ਮਗਰੋਂ ਇਕ ਹੋਰ ਪੰਜਾਬੀ ਔਰਤ ਜਸ ਸੰਘਾ ਨੇ ਟਰੇਸੀ ਦੇ ਮੇਅਰ ਅਹੁਦੇ ਲਈ ਅਪਣੀ ਚੋਣ ਮੁਹਿੰਮ ਸ਼ੁਰੂ ਕੀਤੀ ਹੈ। ਪ੍ਰੀਤ ਡਿਡਬਾਲ ਸਾਲ 2017 ਵਿਚ ਕੈਲੇਫ਼ੋਰਨੀਆ ਸੂਬੇ ਦੇ ਯੂਬਾ ਸਿਟੀ ਦੀ ਮੇਅਰ ਚੁਣੀ ਗਈ ਸੀ। ਰੈਡਬ੍ਰਿਜ ਟੂ ਅੰਡਰ ਦ ਬ੍ਰਿਜ ਸਲੋਗਨ ਨਾਲ ਮਹਿਲਾ ਵਪਾਰੀ ਸੰਘਾ ਨੇ ਅਪਣੇ ਚੋਣ ਪ੍ਰਚਾਰ ਨੂੰ ਸ਼ੁਰੂ ਕੀਤਾ ਹੈ। ਫ਼ੌਜੀ ਅਧਿਕਾਰੀ ਦੀ ਧੀ ਜਸ ਸੰਘਾ ਦਾ ਪਾਲਣ ਪੋਸ਼ਣ ਮੁੰਬਈ ਵਿਚ ਹੋਇਆ ਤੇ ਉਹ 1986 ਵਿਚ ਅਮਰੀਕਾ ਚਲੇ ਗਏ।

ਉਹ ਸਾਲ 2000 ਤੋਂ ਟਰੇਸੀ ਵਿਚ ਰਹਿ ਰਹੇ ਹਨ। ਸਾਲ 2010 ਵਿਚ ਸਿਟੀ ਕੌਂਸਲ ਦੀ ਚੋਣ ਹਾਰਨ ਦੇ ਬਾਵਜੂਦ ਉਹ ਅਪਣੀਆਂ ਕੋਸ਼ਿਸ਼ਾਂ ਸਦਕਾ ਸਿਟੀ ਪਲਾਨਿੰਗ ਕਮਿਸ਼ਨਰ ਬਣੇ। ਸਾਲ 2015 ਵਿਚ ਟਰੇਸੀ ਚੈਂਬਰ ਆਫ਼ ਕਾਮਰਸ ਨੇ ਜਸ ਸੰਘਾ ਨੂੰ ਉਨ੍ਹਾਂ ਵਲੋਂ ਵੱਖ-ਵੱਖ ਭਾਈਚਾਰਕ ਗਰੁਪਾਂ ਦਰਮਿਆਨ ਸਾਲ ਦੀ ਬਿਹਤਰੀਨ ਮਹਿਲਾ ਸਿਟੀਜ਼ਨ ਦੇ ਸਨਮਾਨ ਨਾਲ ਨਿਵਾਜਿਆ। ਕਿੰਬਲ ਹਾਈ ਸਕੂਲ ਵਿਚ ਦੀਵਾਲੀ ਦਾ ਤਿਉਹਾਰ ਅਤੇ ਪਹਿਲਾਂ ਸਿੱਖ ਰਵਾਇਤੀ ਤੇ ਵਿਦਿਅਕ ਸਮਾਗਮ ਕਰਾਉਣਾ ਵੀ ਇਨ੍ਹਾਂ ਕੋਸ਼ਿਸ਼ਾਂ ਵਿਚ ਸ਼ਾਮਲ ਰਿਹਾ।

ਸੰਘਾ ਦਾ ਮੰਨਣਾ ਹੈ ਕਿ ਉਹ ਫ਼ਾਲਤੂ ਖ਼ਰਚਿਆਂ ਵਿਚ ਯਕੀਨ ਨਹੀਂ ਕਰਦੇ ਜਾਂ ਅਪਣੇ ਭਾਈਚਾਰੇ ਤੇ ਇਲਾਕੇ ਦੇ ਲੋਕਾਂ ਦੀ ਸ਼ਮੂਲੀਅਤ ਤੋਂ ਬਿਨਾਂ ਉਹ ਕੋਈ ਵੀ ਫ਼ੈਸਲਾ ਨਹੀਂ ਲੈ ਸਕਦੇ। ਉਨ੍ਹਾਂ ਅਪਣੇ ਇਲਾਕੇ ਦੇ ਵੋਟਰਾਂ ਨਾਲ ਇਹ ਵੀ ਵਾਅਦਾ ਕੀਤਾ ਹੈ ਕਿ ਉਨ੍ਹਾਂ ਦੀ ਚੋਣ ਮੁਹਿੰਮ ਸਾਫ਼ ਸੁਥਰੀ, ਮੁੱਦਿਆਂ 'ਤੇ ਆਧਾਰਤ ਅਤੇ ਚਿੱਕੜ ਉਛਾਲਣ ਵਾਲੀ ਰਾਜਨੀਤੀ ਤੋਂ ਮਹਿਰੂਮ ਹੈ। ਇਹੀ ਨਹੀਂ, ਉਨ੍ਹਾਂ ਕਿਹਾ ਕਿ ਉਹ ਇਹ ਵੀ ਨਹੀਂ ਕਹਿੰਦੇ ਕਿ ਲੋਕ ਕੀ ਸੁਣਨਾ ਚਾਹੁੰਦੇ ਹਨ।

ਇਹ ਸਾਰੀ ਟੀਮ ਦਾ ਉਪਰਾਲਾ ਹੈ, ਕੋਈ ਵੀ ਏਜੰਡਾ ਅਜਿਹਾ ਨਹੀਂ ਜਿਹੜਾ ਲੁਕਿਆ ਹੋਵੇ, ਯਾਨੀ ਉਹ ਸਾਰਿਆਂ ਲਈ ਕੰਮ ਕਰ ਰਹੇ ਹਨ। ਸੰਘਾ ਦੇ ਸੋਸ਼ਲ ਮੀਡੀਆ 'ਤੇ ਜ਼ਿਆਦਾ ਸਰਗਰਮ ਨਾ ਹੋਣ ਸਬੰਧੀ ਤਰਕ ਦਿਤਾ ਹੈ ਕਿ ਉਹ ਲੋਕਾਂ ਨਾਲ ਨਿਜੀ ਰਿਸ਼ਤਿਆਂ ਨੂੰ ਪਹਿਲ ਦਿੰਦੇ ਹਨ ਤੇ ਲੋਕ ਉਨ੍ਹਾਂ ਨੂੰ ਇਸ ਕਰ ਕੇ ਵੀ ਜਾਣਦੇ ਹਨ ਕਿ ਉਹ ਸਮਾਜਕ ਮੁੱਦਿਆਂ 'ਤੇ ਤਰਕ ਆਧਾਰਤ ਗੱਲਬਾਤ ਨੂੰ ਹਮੇਸ਼ਾ ਤਰਜੀਹ ਦੇਣ ਵਾਲੇ ਹਨ।