ਮੋਦੀ ਤੇ ਕੇਜਰੀਵਾਲ ਤੋਂ ਸਿੱਖਾਂ ਦੇ ਹਿੱਤਾਂ ਦੀ ਕੋਈ ਆਸ ਨਹੀਂ: ਸਰਨਾ
ਦਿੱਲੀ ਦੇ ਸਿੱਖ ਨੌਜਵਾਨਾਂ ਨੂੰ ਅਪਣੀ ਤਾਕਤ ਪਛਾਣ ਕੇ, ਪੰਥ ਦੀ ਹੋਂਦ ਤੇ ਹਸਤੀ 'ਤੇ ਹੋਰ ਰਹੇ ਮਾਰੂ ਹਮਲਿਆਂ ਨੂੰ ਪਛਾੜਨ ਦਾ ਸੱਦਾ ਦਿਤਾ।
ਨਵੀਂ ਦਿੱਲੀ: 25 ਮਾਰਚ (ਅਮਨਦੀਪ ਸਿੰਘ) ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿਚ ਦੂਜੀ ਵਾਰ ਹੋਈ ਜ਼ਬਰਦਸਤ ਹਾਰ ਦੇ ਪੂਰੇ 13 ਮਹੀਨੇ ਪਿਛੋਂ ਸਿੱਖਾਂ ਦੇ ਪਹਿਲੇ ਭਾਰੀ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ.ਪਰਮਜੀਤ ਸਿੰਘ ਸਰਨਾ ਤੇ ਸਕੱਤਰ ਜਨਰਲ ਸ.ਹਰਵਿੰਦਰ ਸਿੰਘ ਸਰਨਾ ਨੇ ਦਿੱਲੀ ਗੁਰਦਵਾਰਾ ਕਮੇਟੀ ਤੋਂ ਲੈ ਕੇ, ਸ਼੍ਰੋਮਣੀ ਅਕਾਲੀ ਦਲ ਬਾਦਲ, ਕੇਜਰੀਵਾਲ ਸਰਕਾਰ ਤੇ ਕੇਂਦਰ ਦੀ ਮੋਦੀ ਸਰਕਾਰ 'ਤੇ ਤਿੱਖੇ ਸ਼ਬਦੀ ਹਮਲੇ ਕਰਦਿਆਂ ਦਿੱਲੀ ਦੇ ਸਿੱਖ ਨੌਜਵਾਨਾਂ ਨੂੰ ਅਪਣੀ ਤਾਕਤ ਪਛਾਣ ਕੇ, ਪੰਥ ਦੀ ਹੋਂਦ ਤੇ ਹਸਤੀ 'ਤੇ ਹੋਰ ਰਹੇ ਮਾਰੂ ਹਮਲਿਆਂ ਨੂੰ ਪਛਾੜਨ ਦਾ ਸੱਦਾ ਦਿਤਾ।
ਸਰਨਾ ਭਰਾਵਾਂ ਨੇ ਨੌਜਵਾਨਾਂ ਨੂੰ ਖ਼ਾਸਤੌਰ 'ਤੇ 'ਸੋਸ਼ਲ ਮੀਡੀਆ' ਦੀ ਵਰਤੋਂ ਕਰ ਕੇ ਪੰਥ ਵਿਰੋਧੀ ਤਾਕਤਾਂ ਤੇ ਬਾਦਲਾਂ ਦੇ ਅਖਉਤੀ ਕੂੜ ਪ੍ਰਚਾਰ ਦਾ ਮੂੰਹ ਤੋੜਵਾਂ ਜਵਾਬ ਦੇਣ ਲਈ ਮੋਰਚਾ ਸੰਭਾਲਣ ਦਾ ਸੁਝਾਅ ਦਿਤਾ।
ਸਰਨਾ ਭਰਾਵਾਂ ਨੇ ਗ੍ਰਹਿ ਮੰਤਰਾਲੇ ਨੂੰ ਸਿੱਖਾਂ ਵਿਰੁਧ ਆਈ.ਐਸ.ਆਈ.ਐਸ. ਨਾਲ ਜੋੜਨ ਦਾ ਪ੍ਰਾਪੇਗੰਢਾ ਕਰਨ ਤੋਂ ਬਾਜ਼ ਆਉਣ ਦੀ ਚਿਤਾਵਨੀ ਦਿਤੀ।
ਇਥੋਂ ਦੇ ਉਲੰਗ ਪੈਲੇਸ ਜਨਕਪੁਰੀ ਵਿਖੇ ਬੀਤੀ ਸ਼ਾਮ ਨੂੰ ਹੋਈ ਪੰਥਕ ਯੂਥ ਕਨਵੈਨਸ਼ਨ ਵਿਚ ਸ.ਸਰਨਾ ਨੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੀ ਯੂਥ ਇਕਾਈ ਦੀ ਮੁੜ ਕਾਇਮੀ ਕਰ ਕੇ ਸ.ਰਮਨਦੀਪ ਸਿੰਘ ਸੋਨੂੰ, ਫਤਿਹ ਨਗਰ ਨੂੰ ਯੂਥ ਵਿੰਗ ਦਾ ਪ੍ਰਧਾਨ ਨਾਮਜ਼ਦ ਕਰਦੇ ਹੋਏ ਕੁਲ ਤਿੰਨ ਸੋ ਅਹੁਦੇਦਾਰਾਂ ਦਾ ਐਲਾਨ ਕੀਤਾ।
ਸਿੱਖਾਂ ਦੇ ਇਕੱਠ ਨੂੰ ਮੁਖਾਤਬ ਹੁੰਦੇ ਹੋਏ ਸ.ਸਰਨਾ ਨੇ ਕਿਹਾ, "ਸਿੱਖ ਕੌਮ ਅੱਜ ਬੜੇ ਹੀ ਨਾਜ਼ੁਕ ਦੌਰ 'ਚੋਂ ਲੰਘ ਰਹੀ ਹੈ। 1920 ਤੋਂ ਗੁਰਦਵਾਰਿਆਂ ਦੀ ਆਜ਼ਾਦੀ ਲਈ ਕਈ ਲਹਿਰਾਂ ਚਲੀਆਂ ਤੇ ਸ਼੍ਰੋਮਣੀ ਅਕਾਲੀ ਦਲ ਹੋਂਦ ਵਿਚ ਆਇਆ, ਪਰ ਅੱਜ ਅਕਾਲੀ ਦਲ ਦਾ ਇਸ ਕਦਰ ਨਿਘਾਰ ਹੋ ਗਿਆ ਹੈ ਕਿ ਇਸਦਾ ਪ੍ਰਧਾਨ ਭਾਜਪਾ ਤੇ ਆਰ.ਐਸ.ਐਸ. ਨਾਲ ਗੱਲ ਵਿਚ ਢੋਲ ਪਾ ਕੇ, ਵੱਜਾ ਰਿਹਾ ਹੈ। ਡੇਰੇ (ਸੌਦਾ ਸਾਧ) ਦੀਆਂ ਵੋਟਾਂ ਲਈ ਇਨ੍ਹਾਂ ਗੁਰੂ ਗ੍ਰੰਥ ਸਾਹਿਬ ਨੂੰ ਵੀ ਦਾਅ 'ਤੇ ਲਾ ਕੇ ਰੱਖ ਦਿਤਾ।" ਉਨ੍ਹਾਂ ਸ.ਮਨਜੀਤ ਸਿੰਘ ਜੀ.ਕੇ. ਦੀ ਅਗਵਾਈ ਵਾਲੀ ਦਿੱਲੀ ਗੁਰਦਵਾਰਾ ਕਮੇਟੀ ਦੇ ਆਰਥਕ ਦਵਾਲੀਏਪਣ ਲਈ ਬਾਦਲਾਂ ਨੂੰ ਵੱਡਾ ਦੋਸ਼ੀ ਠਹਿਰਾਇਆ।
ਉਨ੍ਹਾਂ ਕੇਜਰੀਵਾਲ 'ਤੇ ਹਮਲਾ ਬੋਲਦਿਆਂ ਕਿਹਾ, "ਕੇਜਰੀਵਾਲ ਨੇ ਆਰ.ਐਸ.ਐਸ.ਦੇ ਇਸ਼ਾਰੇ 'ਤੇ ਬਿਕਰਮ ਸਿੰਘ ਮਜੀਠੀਆ ਤੋਂ ਮਾਫ਼ੀ ਮੰਗੀ ਹੈ।"
ਉਨ੍ਹਾਂ ਕੇਜਰੀਵਾਲ 'ਤੇ ਅਸਿੱਧੇ ਤੌਰ 'ਤੇ ਗੰਭੀਰ ਦੋਸ਼ ਲਾਇਆ ਕਿ ਇਸ ਨੇ ਬਾਦਲਾਂ ਨੂੰ ਜਿਤਵਾਉਣ ਲਈ ਸਾਡੇ ਵਿਰੁਧ ਪਾਰਟੀਆਂ ਬਣਵਾਈਆਂ।
ਉਨ੍ਹਾਂ 2019 ਵਿਚ ਦਿੱਲੀ ਤੋਂ ਨਨਕਾਣਾ ਸਾਹਿਬ ਤੱਕ ਸ਼ਾਨਦਾਰ ਨਗਰ ਕੀਰਤਨ ਲਿਜਾਉਣ ਤੇ ਥਾਂ ਥਾਂ ਅੰਮ੍ਰਿਤ ਸੰਚਾਰ ਦੀ ਲਹਿਰ ਚਲਾਉਣ ਦਾ ਵੀ ਐਲਾਨ ਕੀਤਾ।
ਸ.ਸਰਨਾ ਨੇ ਦੋਸ਼ ਲਾਇਆ ਕਿ ਭਾਈ ਗੁਰਬਖ਼ਸ਼ ਸਿੰਘ ਖ਼ਾਲਸਾ ਦੀ ਮੌਤ ਲਈ ਤਖ਼ਤਾਂ ਦੇ ਜੱਥੇਦਾਰ ਤੇ ਦਿੱਲੀ ਗੁਰਦਵਾਰਾ ਕਮੇਟੀ ਜ਼ਿੰਮੇਵਾਰ ਹਨ, ਜਿਨ੍ਹਾਂ ਪਹਿਲਾਂ ਭਾਈ ਗੁਰਬਖ਼ਸ ਸਿੰਘ ਖ਼ਾਲਸਾ ਦਾ ਮਰਨ ਵਰਤ ਤੁੜਵਾਇਆ ਸੀ ਤੇ ਸਿੱਖ ਸਿਆਸੀ ਕੈਦੀਆਂ ਦੀ ਰਿਹਾਈ ਲਈ ਕੁੱਝ ਨਹੀਂ ਕੀਤਾ।
ਉਨ੍ਹਾਂ ਇਸ਼ਾਰਿਆਂ ਵਿਚ ਦਿੱਲੀ ਕਮੇਟੀ 'ਤੇ ਦੋਸ਼ ਲਾਇਆ ਕਿ ਉਹ ਦਲਜੀਤ ਦੁਸਾਂਝ ਵਰਗੇ ਪਤਿਤ ਕਲਾਕਾਰਾਂ ਨੂੰ ਸਿਰਪਾਉ ਦੇ ਕੇ, ਸਿੱਖ ਨੌਜਵਾਨਾਂ ਦੇ ਰੋਲ ਮਾਡਮ ਵਜੋਂ ਸਥਾਪਤ ਕਰਨ ਲਈ ਪੱਬਾ ਭਾਰ ਹੈ, ਜਿਸ ਨਾਲ ਸਿੱਖ ਨੌਜਵਾਨਾਂ 'ਤੇ ਉਲਟਾ ਅਸਰ ਪਵੇਗਾ ਤੇ ਇਹ ਸਿੱਖੀ ਦੀ ਪ੍ਰਚਾਰ ਲਹਿਰ 'ਤੇ ਕਰਾਰਾ ਵਾਰ ਹੈ।
ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਕੱਤਰ ਜਨਰਲ ਸ.ਹਰਵਿੰਦਰ ਸਿੰਘ ਸਰਨਾ ਨੇ ਦੋਸ਼ ਲਾਇਆ ਕਿ ਤਖ਼ਤ ਪਟਨਾ ਸਾਹਿਬ ਪ੍ਰਬੰਧਕੀ ਕਮੇਟੀ ਦੀ ਪ੍ਰਧਾਨਗੀ ਤੋਂ ਉਨਾਂ ਨੂੰ ਉਤਾਰਨ ਲਈ ਆਰ.ਐਸ.ਐਸ. ਨੇ ਖੇਡ ਖੇਡੀ ਹੈ ਕਿਉਂਕਿ ਉਨ੍ਹਾਂ 25 ਅਕਤੂਬਰ 2017 ਦੇ ਰਾਸ਼ਟਰੀ ਸਿੱਖ ਸੰਗਤ ਦੇ ਤਾਲਕਟੋਰਾ ਵਿਚ ਹੋਏ ਸਮਾਗਮ ਦੇ ਵਿਰੋਧ 'ਚ ਸਟੈਂਡ ਲਿਆ ਸੀ।
ਉਨ੍ਹਾਂ ਮੁੜ ਦਿੱਲੀ ਦੇ ਸਿੱਖ ਅਦਾਰਿਆਂ ਦੇ ਨਿਘਾਰ ਤੇ ਗੁਰਦਵਾਰਾ ਗੋਲਕ ਦੀ ਲੁੱਟ ਖਸੁੱਟ ਦੇ ਬਾਦਲਾਂ 'ਤੇ ਦੋਸ਼ ਲਾਏ ਤੇ ਕਿਹਾ, " ਭਾਵੇਂ ਕੇਂਦਰ ਸਰਕਾਰ ਹੋਏ ਜਾਂ ਦਿੱਲੀ ਸਰਕਾਰ ਇਨ੍ਹਾਂ ਤੋਂ ਸਿੱਖਾਂ ਦੇ ਹਿੱਤਾਂ ਦੀ ਰਾਖੀ ਦੀ ਕੋਈ ਉਮੀਦ ਨਹੀਂ।" ਉਨ੍ਹਾਂ ਦੁਹਰਾਇਆ ਕਿ ਬਾਦਲਾਂ ਦੀ ਨਵੀਂ ਕਮੇਟੀ ਹਵਾਲੇ ਉਹ 120 ਕਰੋੜ ਦੇ ਗਏ ਸਨ, ਅੱਜ ਪੰਜ ਸਾਲ ਬਾਅਦ ਉਹ ਕਿਥੇ ਖੁਰਦ ਬੁਰਦ ਕਰ ਦਿਤੇ ਗਏ?
ਇਸ ਮੌਕੇ ਨਵੇਂ ਨਾਮਜ਼ਦ ਕੀਤੇ ਗਏ ਯੂਥ ਪ੍ਰਧਾਨ ਸ.ਰਮਨਦੀਪ ਸਿੰਘ ਨੇ ਅਪਣੀ ਜ਼ਿੰਮੇਵਾਰੀ ਨੂੰ ਤਨਦਹੀ ਨਾਲ ਨਿਭਾਉਣ ਦਾ ਭਰੋਸਾ ਦਿਤਾ। ਸੀਨੀਅਰ ਆਗੂ ਭਾਈ ਤਰਸੇਮ ਸਿੰਘ ਤੇ ਸ.ਇੰਦਰ ਮੋਹਨ ਸਿੰਘ ਨੇ ਵੀ ਗੁਰਦਵਾਰਾ ਬਾਲਾ ਸਾਹਿਬ ਹਸਪਤਾਲ ਬਾਰੇ ਬਾਦਲਾਂ ਦੇ ਦਾਅਵਿਆਂ ਦੀ ਪੋਲ ਖੋਲ੍ਹੀ। ਸਰਨਾ ਭਰਾਵਾਂ ਨੇ ਪੁਰਾਣੇ ਯੂਥ ਪ੍ਰਧਾਨ ਸ.ਦਮਨਦੀਪ ਸਿੰਘ ਵਲੋਂ 6 ਸਾਲ ਪਾਰਟੀ ਲਈ ਕੀਤੀਆਂ ਸੇਵਾਵਾਂ ਲਈ ਧਨਵਾਦ ਕੀਤਾ।
ਇਸ ਮੌਕੇ ਸੀਨੀਅਰ ਆਗੂ ਸ.ਭਜਨ ਸਿੰਘ ਵਾਲੀਆ, ਜੱਥੇ: ਗੁਰਚਰਨ ਸਿੰਘ ਗੱਤਕਾ ਮਾਸਟਰ, ਸ.ਭੁਪਿੰਦਰ ਸਿੰਘ ਸਰਨਾ, ਦਿੱਲੀ ਕਮੇਟੀ ਮੈਂਬਰ ਸ.ਕਰਤਾਰ ਸਿੰਘ ਚਾਵਲਾ, ਸ.ਬਲਦੇਵ ਸਿੰਘ ਰਾਣੀਬਾਗ, ਸ.ਕੁਲਤਾਰਨ ਸਿੰਘ ਕੋਛੜ, ਸਾਬਕਾ ਯੂਥ ਪ੍ਰਧਾਨ ਸ.ਦਮਨਦੀਪ ਸਿੰਘ, ਸ.ਜਤਿੰਦਰ ਸਿੰਘ ਸੋਨੂੰ ਸਣੇ ਹੋਰ ਵੀ ਯੂਥ ਅਹੁਦੇਦਾਰ ਸ਼ਾਮਲ ਹੋਏ।