Hola Mohalla Nagar Kirtan: ਹੋਲੇ-ਮੱਹਲੇ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਇਆ ਗਿਆ ਅਲੌਕਿਕ ਨਗਰ ਕੀਰਤਨ

ਏਜੰਸੀ

ਪੰਥਕ, ਪੰਥਕ/ਗੁਰਬਾਣੀ

ਸੰਗਤਾਂ ਨੇ ਨਗਰ ਕੀਰਤਨ ਦਾ ਫੁੱਲਾਂ ਦੀ ਵਰਖਾ ਨਾਲ ਸੁਆਗਤ ਕੀਤਾ

Hola Mohalla Nagar Kirtan At Amritsar Sahib

Hola Mohalla Nagar Kirtan: ਅੰਮ੍ਰਿਤਸਰ - ਖਾਲਸੇ ਦੀ ਚੜਦੀ ਕਲਾ ਦੇ ਪ੍ਰਤੀਕ ਹੋਲੇ-ਮੋਹੱਲੇ ਦੇ ਪਾਵਨ ਦਿਹਾੜੇ ਮੌਕੇ ਗੁਰੂ ਨਗਰੀ ਅੰਮ੍ਰਿਤਸਰ ਵਿਖੇ ਖ਼ਾਸ ਰੌਣਕਾਂ ਵੇਖਣ ਨੂੰ ਮਿਲੀਆਂ। ਅੱਜ ਬਾਅਦ ਦੁਪਹਿਰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਨਾਲ ਸਬੰਧਿਤ ਇਤਿਹਾਸਿਕ ਸੁਰਮਈ ਨਿਸ਼ਾਨ ਸਾਹਿਬ ਦੀ ਛਤਰ-ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਜੈਕਾਰਿਆਂ ਦੀ ਗੂੰਜ ਹੇਠ ਰਵਾਇਤੀ ਨਗਰ ਕੀਰਤਨ ਆਰੰਭ ਹੋਇਆ।  

ਇਹ ਸੁਰਮਈ ਨਿਸ਼ਾਨ ਸਾਹਿਬਾਨ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਵਲੋਂ ਆਪਣੇ ਪਰਮ ਸੇਵਕ ਭਾਈ ਰਾਮ ਸਿੰਘ ਨੂੰ ਭੇਂਟ ਕੀਤੇ ਸਨ ਅਤੇ ਉਹਨਾਂ ਦੇ ਵੰਸ਼ਜ ਵਲੋਂ ਪੀੜੀ ਦਰ ਪੀੜੀ ਇਨ੍ਹਾਂ ਸੁਰਮਈ ਨਿਸ਼ਾਨ ਸਾਹਿਬਾਨ ਦੀ ਸਾਂਭ ਸੰਭਾਲ ਕੀਤੀ ਜਾਂਦੀ ਹੈ ਤੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ ਤੋਂ ਹਰ ਸਾਲ ਹੋਲੇ ਮੋਹੱਲੇ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਰਵਾਇਤੀ ਨਗਰ ਕੀਰਤਨ ਸਜਾਇਆ ਜਾਂਦਾ ਹੈ।

Nagar Kirtan At Amritsar Sahib

ਹੁਣ ਵੀ ਭਾਈ ਰਾਮ ਸਿੰਘ ਦੇ 11ਵੇ ਵੰਸ਼ਜ ਜਸਬੀਰ ਸਿੰਘ ਤੇ ਉਨ੍ਹਾਂ ਦੇ ਪਰਿਵਾਰ ਵਲੋਂ ਇਨ੍ਹਾਂ ਇਤਿਹਾਸਿਕ ਸੁਰਮਈ ਨਿਸ਼ਾਨ ਸਾਹਿਬਾਨ ਦੀ ਸਾਂਭ ਸੰਭਾਲ ਦੀ ਸੇਵਾ ਨਿਭਾਈ ਜਾ ਰਹੀ ਹੈ।  ਇਸ ਨਗਰ ਕੀਰਤਨ ਵਿਚ ਸ਼ਬਦੀ ਧੁਨਾਂ ਵਜਾਉਂਦੇ ਬੈਂਡ, ਸਿੱਖ ਮਾਰਸ਼ਲ ਆਰਟ ਦੇ ਹੈਰਤੰਗੇਜ ਕਰਤਬ ਦਿਖਾਉਂਦੇ ਗਤਕੇ ਵਾਲੇ ਸਿੰਘ, ਸ਼੍ਰੋਮਣੀ ਕਮੇਟੀ ਤੇ ਦਰਬਾਰ ਸਾਹਿਬ ਦਾ ਸਟਾਫ਼ ਅਤੇ ਗੁਰੂ ਜਸ ਵਿਚ ਮਗਨ ਹੋਈਆਂ ਸੰਗਤਾਂ ਵੱਡੀ ਗਿਣਤੀ ਵਿਚ ਸ਼ਾਮਲ ਹੋਈਆਂ। 

ਇਹ ਨਗਰ ਕੀਰਤਨ ਸ਼ਹਿਰ ਦੇ ਵੱਖ ਵੱਖ ਬਜ਼ਾਰਾਂ ਵਿਚੋਂ ਹੁੰਦਾ ਹੋਇਆ ਬੁਰਜ ਗੁਰਦੁਆਰਾ ਅਕਾਲੀ ਫੂਲਾ ਸਿੰਘ ਵਿਖੇ ਪੁੱਜਾ ਅਤੇ ਵਾਪਸ ਬਜ਼ਾਰਾਂ 'ਚੋਂ ਹੁੰਦਾ ਹੋਇਆ ਸ੍ਰੀ ਅਕਾਲ ਤਖ਼ਤ਼ ਸਾਹਿਬ ਵਿਖੇ ਪੁੱਜ ਕੇ ਸੰਪਨ ਹੋਇਆ। ਇਸ ਮੌਕੇ ਸੰਗਤਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ।  ਨਗਰ ਕੀਰਤਨ ਦੇ ਰਸਤੇ ਵਿਚ ਥਾਂ-ਥਾਂ ਤੇ ਸੰਗਤਾਂ ਵਲੋਂ ਸਜਾਵਟੀ ਗੇਟ ਲਗਾ ਕੇ ਤੇ ਫੁੱਲਾਂ ਦੀ ਵਰਖਾ ਕਰ ਕੇ ਨਿੱਘਾ ਸਵਾਗਤ ਕੀਤਾ ਗਿਆ ਅਤੇ ਲੰਗਰ ਵੀ ਅਤੁੱਟ ਵਰਤਾਏ ਗਏ।