ਸ਼੍ਰੋਮਣੀ ਕਮੇਟੀ ਦੇ ਸਕੂਲਾਂ ਵਿਚ ਪੜ੍ਹਾਈ ਜਾ ਰਹੀ ਹੈ ਹਿੰਦੀ ਦੀ ਵਿਵਾਦਤ ਕਿਤਾਬ
ਕਿਤਾਬ ਵਿਚ ਗੁਰੂ ਸਾਹਿਬ ਦੀ ਲਗਾਈ ਤਸਵੀਰ ਵੇਖ ਕੇ ਇੰਜ ਲੱਗ ਰਿਹਾ ਹੈ ਜਿਵੇਂ ਉਨ੍ਹਾਂ ਦੀ ਦਾਹੜੀ ਕੱਟੀ ਅਤੇ ਤਰਾਸ਼ੀ ਗਈ ਹੋਵੇ
ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ ਚਲਦੇ ਸਕੂਲਾਂ ਵਿਚ ਪੜ੍ਹਾਈ ਜਾ ਰਹੀ ਹਿੰਦੀ ਦੀ ਕਿਤਾਬ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਛਾਪੀ ਗਈ ਤਸਵੀਰ ਅਤੇ ਕਿਤਾਬ ਵਿਚ ਹਰਿਦੁਆਰ ਦੀ ਸਾਖੀ ਨੂੰ ਜਿਸ ਤਰ੍ਹਾਂ ਨਾਲ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ, ਉਸ ਨੇ ਜਿਥੇ ਪ੍ਰਬੰਧਾਂ ਦੀ ਪੋਲ ਖੋਲ੍ਹ ਦਿਤੀ ਹੈ, ਉਥੇ ਨਾਲ ਹੀ ਦਸ ਦਿਤਾ ਹੈ ਕਿ ਇਸ ਸੰਸਥਾ ਦੇ ਅਧਿਕਾਰੀ ਧਰਮ ਪ੍ਰਤੀ ਕਿੰਨੇ ਜਾਗਰੂਕ ਹਨ।ਇਹ ਗ਼ਲਤੀ ਵਸ ਹੋਇਆ, ਕਿਸੇ ਸ਼ਰਾਰਤ ਵਸ ਹੈ ਜਾਂ ਇਹ ਕਿਸੇ ਸਾਜ਼ਸ਼ ਦਾ ਹਿਸਾ ਹੈ, ਇਹ ਸੱਚ ਛੇਤੀ ਹੀ ਸਾਹਮਣੇ ਲਿਆਂਦਾ ਜਾਵੇਗਾ। ਇਹ ਮਾਮਲਾ ਧਿਆਨ ਵਿਚ ਲਿਆਉਣ 'ਤੇ ਸਿਖਿਆ ਮਾਮਲਿਆਂ ਦੇ ਸਕੱਤਰ ਅਵਤਾਰ ਸਿੰਘ ਸੈਂਪਲਾ ਨੇ ਕਿਹਾ ਕਿ ਇਹ ਜ਼ਿੰਮੇਵਾਰੀ ਡਾਇਰੈਕਟਰ ਐਜੂਕੇਸ਼ਨ ਦੀ ਹੈ ਤੇ ਡਾਇਰੈਕਟਰ ਐਜੂਕੇਸ਼ਨ ਜਤਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਇਸ ਸੰਬਧੀ ਅਧਿਆਪਕ ਅਤੇ ਵਿਸ਼ਾ ਮਾਹਰਾਂ ਦੀ ਇਕ ਕਮੇਟੀ ਬਣਾਈ ਗਈ ਸੀ। ਹੋ ਸਕਦਾ ਹੈ ਕਿ ਉਨ੍ਹਾਂ ਦੇ ਧਿਆਨ ਵਿਚ ਇਹ ਅਧਿਆਏ ਹੀ ਨਾ ਆਇਆ ਹੋਵੇ। ਉਨ੍ਹਾਂ ਕਿਹਾ ਕਿ ਇਹ ਕਿਤਾਬ ਵਾਪਸ ਲੈਣ ਦੇ ਆਦੇਸ਼ ਜਾਰੀ ਕਰ ਦਿਤੇ ਗਏ ਹਨ ਤੇ ਵਿਦਿਆਰਥੀਆਂ ਨੂੰ ਕਮੇਟੀ ਦੇ ਖ਼ਰਚ ਤੇ ਨਵੀਆਂ ਕਿਤਾਬਾਂ ਮੁਹਈਆ ਕਰਵਾਈਆਂ ਜਾਣਗੀਆਂ।
ਗੁਰਪਿੰਦਰ ਸਿੰਘ ਸੁਪ੍ਰੀਡੈਂਟ ਦੇ ਦਸਤਖ਼ਤਾਂ ਹੇਠ ਜਾਰੀ ਇਸ ਆਦੇਸ਼ ਵਿਚ ਕਿਹਾ ਗਿਆ ਹੈ ਕਿ ਇਹ ਕਿਤਾਬ ਤੁਰਤ ਵਾਪਸ ਲੈ ਲਈ ਜਾਵੇ ਤੇ ਜਲਦ ਹੀ ਦੂਜੀ ਕਿਤਾਬ ਬਾਰੇ ਜਾਣਕਾਰੀ ਦੇ ਦਿਤੀ ਜਾਵੇਗੀ। ਕਿਤਾਬ ਦੇ ਪ੍ਰ੍ਹਕਾਸ਼ਕ ਅਤੇ ਲੇਖਿਕਾ ਵਿਰੁਧ ਧਾਰਮਕ ਭਾਵਨਾਵਾਂ ਭੜਕਾਉਣ ਦੇ ਮਾਮਲੇ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਮਾਮਲੇ 'ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਇਸ ਮਾਮਲੇ ਤੇ ਦੋਸ਼ੀ ਪਾਏ ਜਾਣ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਚੌਥੀ ਕਲਾਸ ਦੇ ਵਿਦਿਆਰਥੀਆਂ ਨੂੰ ਹਿੰਦੀ ਦੀ ਕਿਤਾਬ ਤਰਿਣੀ ਪੜ੍ਹਾਈ ਜਾ ਰਹੀ ਹੈ। ਕਿਤਾਬ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਹਰਿਦੁਆਰ ਫੇਰੀ ਬਾਰੇ ਇਕ ਅਧਿਆਏ ਸ਼ਾਮਲ ਕੀਤਾ ਗਿਆ ਹੈ। ਇਹ ਇਸ ਕਿਤਾਬ ਦਾ ਦੂਜਾ ਅਧਿਆਏ ਹੈ ਜਿਸ ਵਿਚ ਗੁਰੂ ਸਾਹਿਬ ਦੀ ਲਗਾਈ ਤਸਵੀਰ ਵੇਖ ਕੇ ਇੰਜ ਲੱਗ ਰਿਹਾ ਹੈ ਕਿ ਜਿਵੇਂ ਉਨ੍ਹਾਂ ਦੀ ਦਾਹੜੀ ਕੱਟੀ ਅਤੇ ਤਰਾਸ਼ੀ ਹੋਵੇ। ਗੰਗਾ ਘਾਟ ਹਰਿਦੁਆਰ ਵਿਖੇ ਵਾਪਰੀ ਘਟਨਾ ਜਿਸ ਵਿਚ ਗੁਰੂ ਸਾਹਿਬ ਨੇ ਪੂਰਬ ਦੀ ਬਜਾਏ ਪੱਛਮ ਵਲ ਪਾਣੀ ਦੇ ਕੇ ਦੁਨੀਆਂ ਨੂੰ ਵਹਿਮਾਂ ਭਰਮਾਂ ਵਿਚੋਂ ਕਢਿਆ ਸੀ ਪਰ ਇਸ ਕਿਤਾਬ ਵਿਚ ਇਸ ਸਾਖੀ ਨੂੰ ਵੀ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ।
ਜਾਣਕਾਰੀ ਮੁਤਾਬਕ ਇਹ ਕਿਤਾਬ ਕਿਸੇ ਆਭਾ ਵਰਮਾ ਨਾਮਕ ਅਧਿਆਪਕਾ ਦੀ ਲਿਖੀ ਹੈ ਜੋ ਦਿਲੀ ਦੇ ਸੈਟ ਕੋਲਬੀਆ ਸਕੂਲ ਦਿਲੀ ਵਿਚ ਹਿੰਦੀ ਦੀ ਅਧਿਆਪਕਾ ਰਹਿ ਚੁੱਕੀ ਹੈ। ਇਹ ਕਿਤਾਬ ਪਹਿਲੀ ਵਾਰ 2013 ਵਿਚ ਪ੍ਰਕਾਸ਼ਤ ਹੋਈ ਸੀ ਤੇ ਹੁਣ ਤਕ ਤਿੰਨ ਵਾਰ ਛਾਪੀ ਜਾ ਚੁੱਕੀ ਹੈ। ਇਹ ਕਿਤਾਬ ਇਸ ਵਿਦਿਅਕ ਵਰ੍ਹੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਡਾਇਰੈਕਟਰ ਐਜੂਕੇਸ਼ਨ ਜਤਿੰਦਰ ਸਿੰਘ ਸਿੱਧੂ ਦੀ ਸ਼ਿਫ਼ਾਰਸ਼ 'ਤੇ ਲਗਾਈ ਗਈ ਹੈ। ਇਸ ਦੇ ਨਾਲ ਹੀ ਮਿਲਦੀ ਇਕ ਹੋਰ ਕਿਤਾਬ ਜੋ ਪੰਜਾਬ ਰਾਜ ਸਿਖਿਆ ਬੋਰਡ ਵਲੋਂ ਛਾਪੀ ਗਈ ਹੈ ਤੇ ਇਹ ਵੀ ਚੌਥੀ ਕਲਾਸ ਦੇ ਬਚਿਆਂ ਨੂੰ ਹੀ ਪੜ੍ਹਾਈ ਜਾ ਰਹੀ ਹੈ, ਵਿਚ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫ਼ਤਿਹ ਸਿੰਘ ਲਈ ਵਰਤੀ ਸ਼ਬਦਾਵਲੀ ਵੀ ਕਿਸੇ ਤਰ੍ਹਾਂ ਨਾਲ ਯੋਗ ਨਹੀਂ ਕਹੀ ਜਾ ਸਕਦੀ। ਕਿਤਾਬ ਮੁਤਾਬਕ ਜਦ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਨੇ ਸਾਹਿਬਜ਼ਾਦਾ ਫ਼ਤਿਹ ਸਿੰਘ ਨੂੰ ਸਰਹੰਦ ਦੀ ਦੀਵਾਰ ਵਿਚ ਚਿੰਨਣ ਦੀ ਤਿਆਰੀ ਹੋ ਰਹੀ ਸੀ ਤਾਂ ਵੱਡੇ ਭਰਾ ਦੀਆਂ ਅੱਖਾਂ ਵਿਚ ਹੰਝੂ ਆ ਗਏ। ਸਾਹਿਬਜ਼ਾਦਾ ਫ਼ਤਿਹਿ ਸਿੰਘ ਨੇ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਨੂੰ ਸਮਝਾਉਦਿਆਂ ਕਿਹਾ ਕਿ ਅਸੀਂ ਸੂਰਜ ਦੇ ਪੁੱਤਰ ਹਾਂ। ਕਿਧਰੇ ਇਹ ਉਸ ਲਾਬੀ ਦੀ ਸ਼ਰਾਰਤ ਤੇ ਨਹੀਂ ਜ਼ੋ ਹਮੇਸ਼ਾ ਤੋਂ ਹੀ ਸਿੱਖ ਇਤਿਹਾਸ ਨਾਲ ਛੇੜਛਾੜ ਕਰਦੀ ਆ ਰਹੀ ਹੈ।