ਲੋਕ ਸਭਾ ਚੋਣਾਂ 'ਚ ਬਾਦਲਾਂ ਦਾ ਕੀਤਾ ਜਾਵੇ ਬਾਈਕਾਟ: ਰਣਜੀਤ ਸਿੰਘ ਦਮਦਮੀ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਕਿਹਾ - ਇਸ ਵੇਲੇ ਪੰਥ, ਪੰਜਾਬ ਨੂੰ ਮੋਦੀ ਭਾਜਪਾ ਅਤੇ ਬਾਦਲ ਦਲ ਵਰਗੀਆਂ ਜ਼ਾਲਮ ਸ਼ਕਤੀਆਂ ਤੋਂ ਬਚਾਉਣਾ ਜਰੂਰੀ ਅਤੇ ਅਹਿਮ ਮਸਲਾ

Peoples boycott Badals in Lok Sabha polls : Ranjit Singh Damdami

ਅੰਮ੍ਰਿਤਸਰ : ਸਿੱਖ ਤਾਲਮੇਲ ਮਿਸ਼ਨ ਦੇ ਪ੍ਰਧਾਨ ਮਾਸਟਰ ਸੰਤੋਖ ਸਿੰਘ ਦਾਬਾਂਵਾਲ, ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਬਲਵੰਤ ਸਿੰਘ ਗੋਪਾਲਾ, ਸੀਨੀਅਰ ਮੀਤ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਜਥਾ ਹਿੰਮਤ-ਏ-ਖ਼ਾਲਸਾ ਦੇ ਪ੍ਰਧਾਨ ਭਾਈ ਪੰਜਾਬ ਸਿੰਘ ਸੁਲਤਾਨਵਿੰਡ, ਭਾਈ ਭੁਪਿੰਦਰ ਸਿੰਘ, ਭਾਈ ਗੁਰਸੇਵਕ ਸਿੰਘ ਭਾਣਾ, ਭਾਈ ਸੁਖਰਾਜ ਸਿੰਘ ਨਿਆਮੀਵਾਲਾ ਨੇ ਧਾਰਮਕ, ਰਾਜਨੀਤਕ ਤੇ ਸਮਾਜਿਕ ਜਥੇਬੰਦੀਆਂ ਅਤੇ ਪ੍ਰਚਾਰਕ ਵਰਗ ਨੂੰ ਅਪੀਲ ਕਰਦਿਆਂ ਕਿਹਾ ਕਿ ਕੌਮ, ਸਮਾਜ ਦੀ ਬਰਬਾਦੀ ਦੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀ ਬਾਦਲ ਪਰਵਾਰ, ਭਾਜਪਾ ਅਤੇ ਆਰ.ਐੱਸ.ਐੱਸ. ਦਾ ਇਨ੍ਹਾਂ ਲੋਕ ਸਭਾ ਚੋਣਾਂ ਵਿਚ ਬਾਈਕਾਟ ਕੀਤਾ ਜਾਵੇ। 

ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਇਨ੍ਹਾਂ ਆਗੂਆਂ ਨੇ ਕਿਹਾ ਕਿ ਜੇ ਭਾਜਪਾ ਅਤੇ ਬਾਦਲ ਦਲ ਸੱਤਾ ਪ੍ਰਾਪਤ ਕਰਨ ਵਿਚ ਕਾਮਯਾਬ ਹੋ ਜਾਂਦੇ ਹਨ ਤਾਂ ਪੰਜਾਬ ਐਸੀ ਕਗਾਰ ਤੇ ਖੜਾ ਹੋ ਜਾਵੇਗਾ ਜਿਸ ਦਾ ਅੰਦਾਜ਼ਾ ਵੀ ਨਹੀਂ ਲਗਾ ਸਕਦੇ। ਇਸ ਵੇਲੇ ਪੰਥ, ਪੰਜਾਬ ਨੂੰ ਮੋਦੀ ਭਾਜਪਾ ਅਤੇ ਬਾਦਲ ਦਲ ਵਰਗੀਆਂ ਜ਼ਾਲਮ ਸ਼ਕਤੀਆਂ ਤੋਂ ਬਚਾਉਣਾ ਜਰੂਰੀ ਅਤੇ ਅਹਿਮ ਮਸਲਾ ਹੈ। ਵੱਖ-ਵੱਖ ਜਥੇਬੰਦੀਆਂ ਨੂੰ ਅਪੀਲ ਹੈ ਕਿ ਉਹ ਅਪਣੇ ਪੱਧਰ 'ਤੇ ਇਨ੍ਹਾਂ ਵਿਰੁਧ ਲੋਕ ਲਹਿਰ ਪੈਦਾ ਕਰਨ ਲਈ ਉਪਰਾਲੇ ਕਰਨ।

13 ਲੋਕ ਸਭਾ ਸੀਟਾਂ ਵਿਚੋਂ ਸਿਰਫ਼ ਖਡੂਰ ਸਾਹਿਬ ਦੀ ਸੀਟ ਉਪਰ ਬੀਬੀ ਪਰਮਜੀਤ ਕੌਰ ਖਾਲੜਾ ਦੀ ਹਮਾਇਤ ਕਰਦੇ ਹਾਂ ਅਤੇ ਬਾਕੀ 12 ਸੀਟਾਂ ਉਪਰ ਬਾਦਲ ਅਤੇ ਭਾਜਪਾ ਨੂੰ ਕਰਾਰੀ ਹਾਰ ਦੇ ਸਕਣ ਵਾਲੇ ਉਮੀਦਵਾਰਾਂ ਅਤੇ ਪਾਰਟੀਆਂ ਦੀ ਹਮਾਇਤ ਵਾਸਤੇ ਸਮੁੱਚੇ ਸਿੱਖ ਜਗਤ ਅਤੇ ਪੰਜਾਬ ਵਾਸੀਆਂ ਨੂੰ ਅਪੀਲ ਕਰਦੇ ਹਾਂ। ਇਸ ਮੌਕੇ ਸੁਖਜਿੰਦਰ ਸਿੰਘ ਦਾਬਾਂਵਾਲ, ਅੰਮ੍ਰਿਤਪਾਲ ਸਿੰਘ, ਜਸਕਰਨ ਸਿੰਘ ਪੰਡੋਰੀ, ਹਰਪਾਲ ਸਿੰਘ, ਮਨਜਿੰਦਰ ਸਿੰਘ, ਦਿਲਬਾਗ ਸਿੰਘ ਆਦਿ ਹਾਜ਼ਰ ਸਨ।