ਕੈਪਟਨ ਸਰਕਾਰ ਵਿਰੁਧ ਸੰਘਰਸ਼ ਵਿਢੇਗੀ ਸ਼੍ਰੋਮਣੀ ਕਮੇਟੀ
ਜ਼ਿਲ੍ਹੇ ਦੇ ਪਿੰਡ ਭਾਈ ਰੂਪਾ ਵਿਖੇ ਵਿਵਾਦਤ 161 ਜਮੀਨ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਨੇ ਕੈਪਟਨ ਸਰਕਾਰ ਵਿਰੁਧ ਸੰਘਰਸ਼ ਦੀ ਤਿਆਰੀ ਵਿੱਢ ਲਈ ਹੈ। ਸੂਬੇ 'ਚ ਸੱਤਾ ...
ਬਠਿੰਡਾ, ਜ਼ਿਲ੍ਹੇ ਦੇ ਪਿੰਡ ਭਾਈ ਰੂਪਾ ਵਿਖੇ ਵਿਵਾਦਤ 161 ਜਮੀਨ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਨੇ ਕੈਪਟਨ ਸਰਕਾਰ ਵਿਰੁਧ ਸੰਘਰਸ਼ ਦੀ ਤਿਆਰੀ ਵਿੱਢ ਲਈ ਹੈ। ਸੂਬੇ 'ਚ ਸੱਤਾ ਤੋਂ ਬਾਹਰ ਹੋਏ ਅਕਾਲੀ ਦਲ ਨੂੰ ਕਾਂਗਰਸ ਦੇ ਧਾਰਮਕ ਮੁੱਦਿਆਂ 'ਚ ਦਖ਼ਲਅੰਦਾਜ਼ੀ ਦਾ ਮੁੱਦਾ ਦੇਣ ਲਈ ਬਠਿੰਡਾ ਪੱਟੀ ਦੇ ਆਗੂਆਂ ਨੇ ਮਾਮਲੇ ਨੂੰ ਕੇਂਦਰ ਤਕ ਲਿਜਾਣ ਦਾ ਫ਼ੈਸਲਾ ਲਿਆ ਹੈ।
ਅੱਜ ਇਸ ਮੁੱਦੇ 'ਤੇ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵਲੋਂ ਬਠਿੰਡਾ ਵਿਖੇ ਮਾਲਵਾ ਜ਼ੋਨ ਦੇ ਸ਼੍ਰੋਮਣੀ ਕਮੇਟੀ ਮੈਂਬਰਾਂ ਨਾਲ ਅਗਲੀ ਰਣਨੀਤੀ ਉਲੀਕਣ ਲਈ ਹੰਗਾਮੀ ਮੀਟਿੰਗ ਵੀ ਕੀਤੀ। ਇਸ ਮੌਕੇ ਉਕਤ ਹਲਕੇ ਨਾਲ ਸਬੰਧਤ ਆਗੂ ਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਵੀ 'ਤੇ ਪੁੱਜੇ ਹੋਏ ਸਨ। ਸੂਤਰਾਂ ਅਨੁਸਾਰ ਮੀਟਿੰਗ ਵਿਚ ਇਸ ਮੁੱਦੇ 'ਤੇ ਇਕਸੁਰ ਹੋ ਕੇ ਤਕੜਾ ਸੰਘਰਸ਼ ਵਿੱਢਣ ਦਾ ਫ਼ੈਸਲਾ ਲਿਆ ਗਿਆ।
ਬਾਅਦ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਈ ਲੌਂਗੋਵਾਲ ਨੇ ਇਸ ਮਾਮਲੇ 'ਚ ਸਿੱਧੇ ਤੌਰ 'ਤੇ ਹਕੂਮਤ ਦੀ ਸ਼ਹਿ ਉਪਰ ਪੁਲਿਸ ਅਧਿਕਾਰੀਆਂ ਵਲੋਂ ਦਖ਼ਲਅੰਦਾਜ਼ੀ ਦਾ ਦੋਸ਼ ਲਗਾਇਆ। ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਸਰਕਾਰ ਦੇ ਦਬਾਅ ਹੇਠ ਪੁਲਿਸ ਅਧਿਕਾਰੀਆਂ ਅਤੇ ਦੂਜੀ ਧਿਰ ਦੇ ਬੰਦਿਆਂ ਵਲੋਂ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੂੰ ਉਕਤ ਜ਼ਮੀਨ ਨੂੰ ਠੇਕੇ ਉਪਰ ਦੇਣ ਦੇ ਵਿਚ ਅੜਿੱਕੇ ਪਾਏ ਜਾ ਰਹੇ ਹਨ।
ਲੌਗੋਵਾਲ ਨੇ ਪੁਲਿਸ ਅਧਿਕਾਰੀਆਂ ਉਪਰ ਵੀ ਦੂਜੀ ਧਿਰ ਦਾ ਪੱਖ ਕਰਨ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੀ ਮਾਲਕੀ ਵਾਲੀ 161 ਹੇਕੜ ਜ਼ਮੀਨ 'ਤੇ ਧਾਰਾ 145 ਲਾਉਣ ਅਤੇ ਕਬਜ਼ਾ ਛੱਡਣ ਲਈ ਡਰਾ ਧਮਕਾਇਆ ਜਾ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਉਕਤ ਜ਼ਮੀਨ ਸ਼੍ਰ੍ਰੋਮਣੀ ਕਮੇਟੀ ਦੀ ਮਲਕੀਅਤ ਹੈ,
ਇਸ ਸਬੰਧੀ ਸੁਪਰੀਮ ਕੋਰਟ ਵਲੋਂ ਵੀ ਸ਼੍ਰੋਮਣੀ ਕਮੇਟੀ ਦੇ ਹੱਕ ਵਿਚ ਫ਼ੈਸਲਾ ਆ ਚੁੱਕਾ ਹੈ। ਇਸ ਮੌਕੇ ਸ੍ਰੋਮਣੀ ਅਕਾਲੀ ਦਲ ਕਿਸਾਨ ਵਿੰਗ ਦੇ ਕੌਮੀ ਪ੍ਰਧਾਨ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਸਾਫ਼ ਕਿਹਾ ਕਿ ਸ਼੍ਰੋਮਣੀ ਕਮੇਟੀ ਦੀ ਇਕ ਇੰਚ ਥਾਂ 'ਤੇ ਵੀ ਕਬਜ਼ਾ ਨਹੀਂ ਹੋਣ ਦਿਤਾ ਜਾਵੇਗਾ ਤੇ ਇਨ੍ਹਾਂ ਮਾਮਲਿਆਂ ਵਿਚ ਸੱਤਾਧਿਰ ਧੱਕੇਸ਼ਾਹੀਆਂ ਬੰਦ ਕਰੇ।