ਬੇਦੀ ਸ਼੍ਰੋਮਣੀ ਕਮੇਟੀ ਦੇ ਤੇ ਜੌੜਸਿੰਘਾ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਬਣੇ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਇਕ ਵਧੀਕ ਸਕੱਤਰ ਦਲਜੀਤ ਸਿੰਘ ਬੇਦੀ ਅਤੇ ਬਲਵਿੰਦਰ ਸਿੰਘ ਜੌੜਾਸਿੰਘਾ..............

Daljit Singh Bedi

ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਇਕ ਵਧੀਕ ਸਕੱਤਰ ਦਲਜੀਤ ਸਿੰਘ ਬੇਦੀ ਅਤੇ ਬਲਵਿੰਦਰ ਸਿੰਘ ਜੌੜਾਸਿੰਘਾ ਨੂੰ ਤਰੱਕੀ ਦੇ ਕੇ ਸਕੱਤਰ ਬਣਾ ਦਿਤਾ ਹੈ। ਦਲਜੀਤ ਸਿੰਘ ਬੇਦੀ ਸ਼੍ਰੋਮਣੀ ਕਮੇਟੀ ਅਤੇ ਬਲਵਿੰਦਰ ਸਿੰਘ ਜੌੜਾਸਿੰਘਾ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਵਜੋਂ ਕੰਮ ਕਰਨਗੇ। ਦਲਜੀਤ ਸਿੰਘ ਬੇਦੀ ਨੇ ਕਿਹਾ ਕਿ ਉਹ ਨਵੀਂ ਮਿਲੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ। ਬੇਦੀ ਦੇ ਪਿਤਾ ਬੇਦੀ ਲਾਲ ਸਿੰਘ ਉਘੇ ਸਾਹਿਤਕਾਰ ਸਨ ਤੇ ਸਿੱਖ ਪੰਥ 'ਚ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਸੀ, ਬੇਦੀ ਲਾਲ ਸਿੰਘ ਨੇ ਕਈ ਕਿਤਾਬਾਂ ਲਿਖੀਆਂ ਤੇ ਸਾਹਿਤ ਦੀ ਝੋਲੀ ਪਾਇਆ।

ਦਿਲਜੀਤ ਸਿੰਘ ਬੇਦੀ ਪਿਛਲੇ ਲਗਭਗ 38 ਸਾਲ ਤੋਂ ਸ਼੍ਰੋਮਣੀ ਕਮੇਟੀ ਵਿਚ ਵੱਖ-ਵੱਖ ਅਹੁਦਿਆਂ 'ਤੇ ਸੇਵਾ ਨਿਭਾਅ ਰਹੇ ਹਨ ਅਤੇ ਇਸ ਸਮੇਂ ਦੌਰਾਨ ਉਹ ਕਰੀਬ 30 ਸਾਲ ਤੋਂ ਸ਼੍ਰੋਮਣੀ ਕਮੇਟੀ ਦੇ ਮੀਡੀਆ ਵਿਭਾਗ ਦੀ ਜ਼ਿੰਮੇਵਾਰੀ ਨਿਭਾਉਂਦੇ ਰਹੇ ਹਨ। ਉਹ ਲੰਮੇ ਸਮੇਂ ਤੋਂ ਸ਼੍ਰੋਮਣੀ ਕਮੇਟੀ ਦੇ ਮਾਸਕ ਪੱਤਰ 'ਗੁਰਦੁਆਰਾ ਗਜਟ' ਦੀ ਸੰਪਾਦਨਾ ਕਰਦੇ ਆ ਰਹੇ ਹਨ ਅਤੇ ਇਸ ਤੋਂ ਇਲਾਵਾ ਸਮੇਂ-ਸਮੇਂ ਸ਼੍ਰੋਮਣੀ ਕਮੇਟੀ ਦੀਆਂ 'ਸੇਵਾ ਸਰਗਮੀਆਂ' ਵੀ ਸੰਪਾਦਨਾ ਕਰਦੇ ਰਹੇ।

ਉਨ੍ਹਾਂ ਨੂੰ ਵੱਖ-ਵੱਖ ਸ਼ਤਾਬਦੀਆਂ ਦੌਰਾਨ ਵਿਸ਼ੇਸ਼ ਯਾਦਗਾਰੀ ਸੋਵੀਨਰ ਤਿਆਰ ਕਰਨ ਦਾ ਮੌਕਾ ਵੀ ਮਿਲਿਆ। ਸ਼੍ਰੋਮਣੀ ਕਮੇਟੀ ਵਲੋਂ ਬੀਤੇ ਸਮੇਂ ਵਿਚ ਸ਼ੁਰੂ ਕੀਤੇ ਗਏ ਮਾਸਕ ਅਖ਼ਬਾਰ 'ਸ਼੍ਰੋਮਣੀ ਬੁਲੇਟਨ' ਦੀ ਸੰਪਾਦਨਾ ਦੀ ਜ਼ਿੰਮੇਵਾਰੀ ਵੀ ਬੇਦੀ ਨੇ ਹੀ ਨਿਭਾਈ। ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਦੇ ਵੱਖ-ਵੱਖ ਪ੍ਰਧਾਨਾਂ ਨਾਲ ਮੀਡੀਆ ਸਲਾਹਕਾਰ ਵਜੋਂ ਕੰਮ ਕਰਨ ਦਾ ਮਾਣ ਹਾਸਲ ਹੈ।