ਪਾਕਿ ਚੋਣਾਂ 'ਚ ਆਜ਼ਾਦ ਸਿੱਖ ਉਮੀਦਵਾਰ ਹੈ ਰਾਦੇਸ਼ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਪਾਕਿਸਤਾਨ ਵਿਚ ਅੱਜ 25 ਜੁਲਾਈ ਨੂੰ ਆਮ ਚੋਣਾਂ ਹੋ ਰਹੀਆਂ ਹਨ। ਇਨ੍ਹਾਂ ਚੋਣਾਂ ਵਿਚ ਕਈ ਆਜ਼ਾਦ ਉਮੀਦਵਾਰ ਅਪਣੀ ਕਿਸਮਤ ਅਜ਼ਮਾ ਰਹੇ ਹਨ............

Radesh Singh

ਇਸਲਾਮਾਬਾਦ : ਪਾਕਿਸਤਾਨ ਵਿਚ ਅੱਜ 25 ਜੁਲਾਈ ਨੂੰ ਆਮ ਚੋਣਾਂ ਹੋ ਰਹੀਆਂ ਹਨ। ਇਨ੍ਹਾਂ ਚੋਣਾਂ ਵਿਚ ਕਈ ਆਜ਼ਾਦ ਉਮੀਦਵਾਰ ਅਪਣੀ ਕਿਸਮਤ ਅਜ਼ਮਾ ਰਹੇ ਹਨ ਪਰ ਆਜ਼ਾਦ ਸਿੱਖ ਉਮੀਦਵਾਰ ਰਾਦੇਸ਼ ਸਿੰਘ ਟੋਨੀ ਦੀ ਗੱਲ ਕੁੱਝ ਹੋਰ ਹੈ। ਰਾਦੇਸ਼ ਸਿੰਘ ਟੋਨੀ ਪਾਕਿਸਤਾਨ ਦੇ ਪਹਿਲੇ ਆਜ਼ਾਦ ਸਿੱਖ ਉਮੀਦਵਾਰ ਹਨ ਜੋ ਜਨਰਲ ਸੀਟ ਤੋਂ ਇਹ ਚੋਣ ਲੜਨ ਜਾ ਰਹੇ ਹਨ।  ਜਾਣਕਾਰੀ ਅਨੁਸਾਰ ਰਾਦੇਸ਼ ਸਿੰਘ ਨੇ ਕਿਹਾ ਕਿ ਉਹ ਸੰਭਵ ਤੌਰ 'ਤੇ ਖੈਬਰ ਪਖ਼ਤੂਨਖ਼ਵਾ ਵਿਚ ਪਹਿਲਾ ਘੱਟ ਗਿਣਤੀ ਉਮੀਦਵਾਰ ਹੈ ਜੋ ਆਜ਼ਾਦ ਚੋਣ ਲੜ ਰਿਹਾ ਹਨ।

ਉਨ੍ਹਾਂ ਕਿਹਾ ਕਿ ਆਮਤੌਰ 'ਤੇ ਸਿੱਖ ਮੈਬਰਾਂ ਨੂੰ ਰਾਜਨੀਤਕ ਪਾਰਟੀਆਂ ਰਾਖਵੀਆਂ ਸੀਟਾਂ ਤੋਂ ਟਿਕਟ ਦਿੰਦੀਆਂ ਹਨ, ਜਨਰਲ ਸੀਟ ਤੋਂ ਨਹੀਂ। ਇਸ ਲਈ ਉਨ੍ਹਾਂ ਅਪਣੀ ਕਿਸਮਤ ਅਜ਼ਮਾਉਂਦੇ ਹੋਏ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਫ਼ੈਸਲਾ ਕੀਤਾ। ਜ਼ਿਕਰਯੋਗ ਹੈ ਕਿ ਰਾਦੇਸ਼ ਸਿੰਘ ਪੀਕੇ - 75 ਸੀਟ ਤੋਂ ਚੋਣ ਲੜ ਰਹੇ ਹਨ ਅਤੇ ਉਹ ਸਥਾਨਕ ਸਿੱਖਾਂ ਵਿਚ ਮਸ਼ਹੂਰ ਮੈਂਬਰ ਹਨ। ਇੰਨਾ ਹੀ ਨਹੀਂ, ਉਹ ਖੈਬਰ ਪਖ਼ਤੂਨਖਵਾ ਦੇ ਪਾਕਿਸਤਾਨ ਘੱਟ ਗਿਣਤੀ ਗਠਜੋੜ ਦੇ ਪ੍ਰਧਾਨ ਵੀ ਹਨ।  

ਰਾਦੇਸ਼ ਸਿੰਘ ਦੇ ਜਿੱਤਣ ਦੀ ਸੰਭਾਵਨਾ ਘੱਟ ਹੀ ਹੈ ਕਿਉਂਕਿ ਉਹ ਜਿਸ ਇਲਾਕੇ ਤੋਂ ਚੋਣ ਲੜ ਰਹੇ ਹਨ, ਉਥੇ ਸਿਰਫ਼ 160 ਸਿੱਖ ਹਨ ਅਤੇ ਉਹ ਵੀ ਜਿਥੇ ਕੱਟੜਪੰਥੀ ਮੁਸਲਿਮ ਸੰਗਠਨ ਦਾ ਦਬਦਬਾ ਹੈ ਪਰ ਫਿਰ ਵੀ ਰਾਦੇਸ਼ ਸਿੰਘ ਇਨ੍ਹਾਂ ਚੋਣਾਂ ਨੂੰ ਲੈ ਕੇ ਕਾਫ਼ੀ ਉਤਸ਼ਾਹਤ ਹਨ। ਬਾਕੀ ਨਤੀਜੇ ਆਉਣ ਤੋਂ ਬਾਅਦ ਹੀ ਪਤਾ ਲਗ ਸਕੇਗਾ ਕਿ ਕੌਣ ਇਨ੍ਹਾਂ ਚੋਣਾਂ ਵਿਚ ਮਲਾਂ ਮਾਰਦਾ ਹੈ।