Sri Akal Takhat Sahib: ਸ੍ਰੀ ਅਕਾਲ ਤਖਤ ਤੇ ਪੰਥ ਦੇ ਜਥੇਦਾਰ ਨਹੀਂ ਧੀਰਮਲੀਏ ਬੈਠੇ ਨੇ।
Sri Akal Takhat Sahib: ਪੰਥਕ ਰਵਾਇਤਾਂ ਅਨੁਸਾਰ ਫੈਸਲੇ ਸੰਗਤਾਂ ਦੀ ਹਾਜ਼ਰੀ ਵਿਚ, ਤਖਤ ਤੇ ਲਏ ਜਾਂਦੇ ਹਨ ਨਾ ਕਿ ਕਿਸੇ ਬੰਦ ਕਮਰੇ ਜਾਂ ਦਫਤਰ ਵਿਚ
Sri Akal Takhat Sahib: ਬਾਬਾ ਨਾਨਕ ਨੇ ਜਿਸ ਪੁਜਾਰੀਵਾਦ ਨੂੰ ਮੁੱਢੋਂ ਨਕਾਰਦਿਆਂ ਮਾਨਵ ਵਾਦ ਅਤੇ ਸਾਂਝੇ ਮਨੁੱਖੀ ਭਾਈਚਾਰਕ ਸਮਾਜ ਦੀ ਸਿਰਜਣਾਂ ਦਾ ਮਜ਼ਬੂਤ ਹੋਕਾ ਦਿੱਤਾ, ਅੱਜ ਉਹੀ ਪੁਜਾਰੀਵਾਦ ਸਿੱਖ ਸਮਾਜ ਦੇ ਧੁਰ ਅੰਦਰ ਤਕ ਘਰ ਕਰ ਚੁਕਾ ਹੈ। ਗਲੀ ਮੁਹੱਲੇ ਦੇ ਗੁਰੂਦਵਾਰੇ ਤੋਂ ਲੈ ਕੇ ਅਕਾਲ ਤਖਤ ਤਕ ਸਾਰੀਆਂ ਧਾਰਿਮਕ ਅਤੇ ਸਿੱਖ ਰਾਜਨੀਤਕ ਅਲੰਬਰਦਾਰ ਹੋਣ ਦਾ ਦਾਅਵਾ ਕਰਨ ਵਾਲੀਆਂ ਸਭ ਸੰਸਥਾਵਾਂ ਤੇ ਇਹ ਪੁਜਾਰੀਵਾਦ ਪੂਰੀ ਤਰਾਂ ਕਾਬਜ਼ ਹੋ ਚੁਕਾ ਹੈ।
ਸ੍ਰੀ ਅਕਾਲ ਤਖਤ ਸਾਹਿਬ ਤੋਂ ਨਾਨਕ ਵਿਚਾਰਧਾਰਾ ਅਤੇ ਗੁਰਬਾਨੀ ਦੇ ਚਾਨਣ ਵਿਚ, ਜ਼ਾਲਮ ਦੇ ਖਿਲਾਫ ਲੜਨ ਅਤੇ ਮਜ਼ਲੂਮਾਂ ਦੇ ਹੱਕ ਵਿੱਚ ਫੈਸਲੇ ਦੇ ਕੇ ਇਨਸਾਫ ਕਰਨ ਦੀ ਪਰੰਮਪਰਾ ਰਹੀ ਹੈ। ਅਕਾਲੀ ਫੂਲਾ ਸਿੰਘ ਤਕ ਮਹਾਰਾਜਾ ਰਣਜੀਤ ਸਿੰਘ ਵਰਗੇ ਸ਼ਕਤੀ ਸ਼ਾਲੀ ਹੁਕਮਰਾਨ ਨੂੰ ਸਜ਼ਾ ਲਗਾ ਕੇ ਪੰਥ/ਸਮਾਜ ਪ੍ਰਤੀ ਜਵਾਬ ਦੇਹ ਬਣਾਇਆ। ਇਸ ਪਰੰਪਰਾ ਨੂੰ ਪ੍ਰੋ. ਦਰਸ਼ਨ ਸਿੰਘ ਖਾਲਸਾ ਨੇ ਖਾੜਕੂ ਦੋਰ ਸਮੇਂ ਅਕਾਲ ਤਖਤ ਦਾ ਜਥੇਦਾਰ ਹੁੰਦਿਆਂ, ਵਕਤ ਦੇ ਹੁਕਮਰਾਨ (ਸੀ ਐਮ) ਸੁਰਜੀਤ ਸਿੰਘ ਬਰਨਾਲਾ ਨੂੰ ਕਾਲੀ ਗਰਜ ਕਾਰਵਾਈ (Operation black thunder ) ਲਈ ਦੋਸ਼ੀ ਗਰਦਾਨ ਕੇ ਅਕਾਲ ਤਖਤ ਦੀ ਫਸੀਲ ਤੋਂ ਸਜ਼ਾ ਸੁਣਾ ਕੇ ਇਸ ਪੰਥਕ ਪਰੰਪਰਾ ਨੂੰ ਕਾਇਮ ਰੱਖਿਆ।
ਅੰਗਰੇਜ਼ੀ ਦੌਰ ਤੋਂ ਇਸ ਤਖਤ ਤੇ ਸਰਕਾਰਾਂ ਦੀ ਦਖਲ-ਅੰਦਾਜ਼ੀ ਸ਼ੁਰੂ ਹੋ ਗਈ। ਅਰੂੜ ਸਿੰਘ ਵਰਗੇ ਸਰਬਰਾਹ/ਜਥੇਦਾਰ ਸਰਕਾਰਾਂ ਦੀ ਸ਼ਹਿ ਤੇ ਮਨਮਾਨੀਆਂ ਕਰਦੇ ਰਹੇ। ਸਰਕਾਰਾਂ ਦੇ ਉਚ ਪਦਵੀਆਂ ਤੇ ਬੈਠੇ ਵਜ਼ੀਰਾਂ/ ਜਰਨੈਲਾਂ ਨੂੰ ਸਨਮਾਨਤ ਕੀਤਾ ਜਾਣਾ ਅਤੇ ਨਾਨਕ ਵਿਚਾਰਧਾਰਾ ਨਾਲ ਪਰਨਾਏ ਪੰਥ ਦਰਦੀਆਂ ਨੂੰ ਸਜ਼ਾਵਾਂ ਦੇਕੇ ਗਿਆਨੀ ਦਿੱਤ ਸਿੰਘ ਜੀ ਪ੍ਰੋਫੈਸਰ ਗੁਰਮੁਖ ਸਿੰਘ ਜੀ ਵਰਗੇ ਗੁਰਸਿੱਖਾਂ ਨੂੰ ਪੰਥ ਚੋਂ ਛੇਕਿਆ ਜਾਣਾ ਇਸ ਗਲ ਦੀ ਗਵਾਹੀ ਹਨ ਕਿ ਪੁਜਾਰੀਵਾਦ ਨੇ ਸਿੱਖ ਵਿਰੋਧੀ ਤਾਕਤਾਂ ਦਾ ਹੱਥ ਠੋਕਾ ਬਨ ਕੇ ਇਨ੍ਹਾਂ ਸ਼ਾਨਦਾਰ ਪੰਥਕ ਸੰਸਥਾਵਾਂ ਅਤੇ ਰਵਾਇਤਾਂ ਨੂੰ ਨੇਸਤੋ-ਨਾਬੂਦ ਕਰਨ ਵਿਚ ਕੋਈ ਕਸਰ ਨਹੀਂ ਛੱਡੀ।
ਇਸ ਪਿਰਤ ਨੂੰ ਜਾਰੀ ਰਖਦਿਆਂ ਇਨ੍ਹਾਂ ਜਥੇਦਾਰ ਰੂਪੀ ਪੁਜਾਰੀਆਂ ਨੇ ਤਥਾ ਕੱਥਤ ਧਾਰਮਕ ਅਤੇ ਸਿਆਸੀ ਗੱਠਜੋੜ ਦੇ ਇਸ਼ਾਰੇ ਤੇ ਸਿਰਫ ਤੇ ਸਿਰਫ ਗੁਰਮਤਿ ਦੇ ਤੱਤ ਨੂੰ ਉਜਾਗਰ ਕਰਨ ਵਾਲੇ ਪੰਥਕ ਵਿਧਵਾਨਾਂ, ਪ੍ਰੋ ਗੁਰਮੁਖ ਸਿੰਘ, ਗਿਆਨੀ ਦਿੱਤ ਸਿੰਘ ਤੋਂ ਲੈ ਕੇ, ਗਿਆਨੀ ਭਾਗ ਸਿੰਘ, ਸ੍ਰ ਗੁਰਬਖਸ਼ ਸਿੰਘ ਕਾਲਾ ਅਫਗਾਨਾ ਵਰਗੇ ਸੂਰਮੇ,(ਜਿਨਾਂ ਨੇ ਬਿਪਰਨ ਦੀ ਰੀਤ ਤੋਂ ਸਚ ਦਾ ਮਾਰਗ ਅਤੇ ਹੋਰ ਬਹੁਤ ਸਾਰੀਆਂ ਪੁਸਤਕਾਂ ਲਿਖ ਕੇ ਸਿੱਖ ਇਨਕਲਾਬ ਦੀ ਮੁੜ ਸੁਰਜੀਤੀ ਲਈ ਮਜ਼ਬੂਤ ਅਧਾਰ ਪੈਦਾ ਕੀਤੇ) ਸਪੋਕਸਮੈਨ ਦੇ ਮੁਖ ਸੰਪਾਦਕ ਸ. ਜੋਗਿੰਦਰ ਸਿੰਘ, ਪ੍ਰੋਫੈਸਰ ਦਰਸ਼ਨ ਸਿੰਘ ਖਾਲਸਾ, ਗਿਆਨੀ ਗੁਰਦਿੱਤ ਸਿੰਘ ਮੁੰਦਾਵਨੀ ਪੁਸਤਕ ਦੇ ਕਰਤਾ ਸ੍ਰ. ਥਰਮਿੰਦਰ ਸਿੰਘ ਵਰਗੇ ਵਿਧਵਾਨਾਂ ਨੂੰ ਇਸ ਲਈ ਪੰਥ ’ਚੋਂ ਛੇਕ ਦਿੱਤਾ ਕਿਉਂਕਿ ਇਹ ਸਾਰੇ ਯੋਧੇ ਨਾਨਕ ਵਿਚਾਰਧਾਰਾ ਦੀ ਸਿਧਾਂਤਕ ਸਪਸ਼ਟਤਾ ਨੂੰ ਉਜਾਗਰ ਕਰਨ ਦਾ ਕੰਮ ਕਰ ਰਹੇ ਹਨ ਜੋ ਪੁਜਾਰੀ-ਸਿਆਸੀ ਗੱਠਜੌੜ ਨੂੰ ਰਾਸ ਨਹੀਂ ਆਉਂਦਾ।
ਪ੍ਰੋ ਦਰਸ਼ਨ ਸਿੰਘ ਜੀ ਦੇ ਕੇਸ ਵਿਚ ਤਾਂ ਇਨ੍ਹਾਂ ਜਥੇਦਾਰਾਂ ਨੂੰ ਸਜ਼ਾ ਲਗਣੀ ਬਣਦੀ ਹੈ ਕਿਉਂਕਿ ਜਥੇਦਾਰ ਗੁਰਬਚਨ ਸਿੰਘ ਨੇ ਅਪਣੇ ਚਾਰ ਸਾਥੀਆਂ ਨਾਲ ਸ੍ਰੀ ਅਕਾਲ ਤਖਤ ਤੇ ਖੜੇ ਹੋ ਕੇ ਝੂਠ ਬੋਲ ਕੇ ਸੰਗਤਾਂ ਨੂੰ ਗੁਮਰਾਹ ਕੀਤਾ ਕਿ ਪ੍ਰੋ ਦਰਸ਼ਨ ਸਿੰਘ ਅਕਾਲ ਤਖਤ ਤੇ ਹਾਜ਼ਰ ਨਹੀਂ ਹੋਇਆ, ਇਸ ਲਈ ਦਰਸ਼ਨ ਸਿੰਘ ਨੂੰ ਤਨਖਾਹ ਲਾਈ ਜਾਂਦੀ ਹੈ। ਇਨਾ ਜਥੇਦਾਰਾਂ ਦੀ ਬੁਧੀ ਬਾਦਲਾਂ ਦੇ ਡਰ ਕਾਰਨ ਇਤਨੀ ਮਲੀਨ ਹੋ ਚੁੱਕੀ ਸੀ ਕਿ ਇਹ ਵੀ ਨਾ ਸੋਚ ਸਕੇ ਕਿ ਪ੍ਰੋ. ਦਰਸ਼ਸਨ ਸਿੰਘ ਜੀ ਨਾਲ ਸੈਂਕੜੇ ਸੰਗਤਾਂ ਸ੍ਰੀ ਅਕਾਲ ਤਖਤ ਤੇ ਦੋ ਘੰਟੇ ਬੈਠੀਆਂ ਰਹੀਆਂ, ਅਤੇ ਜਥੇਦਾਰਾਂ ਦਾ ਇੰਤਜ਼ਾਰ ਕਰਦਿਆਂ ਰਹੀਆਂ ਪਰ ਜਥੇਦਾਰ ਨਹੀਂ ਆਏ।
ਪੰਥਕ ਰਵਾਇਤਾਂ ਅਨੁਸਾਰ ਫੈਸਲੇ ਸੰਗਤਾਂ ਦੀ ਹਾਜ਼ਰੀ ਵਿਚ, ਤਖਤ ਤੇ ਲਏ ਜਾਂਦੇ ਹਨ ਨਾ ਕਿ ਕਿਸੇ ਬੰਦ ਕਮਰੇ ਜਾਂ ਦਫਤਰ ਵਿਚ। ਜਥੇਦਾਰਾਂ ਨੂੰ ਇਹ ਡਰ ਸੀ ਕਿ ਪ੍ਰੋਫੈਸਰ ਜੀ ਵਲੋਂ ਦਿੱਤੇ ਜਾਣ ਵਾਲੇ ਉੱਤਰਾਂ ਤੋਂ ਬਾਅਦ ਜਥੇਦਾਰਾਂ ਕੋਲ ਛੇਕਣ ਲਈ ਕੋਈ ਬਹਾਨਾ ਨਹੀਂ ਸੀ ਰਹਿਣਾ। ਉਪਰੋਂ ਬਾਦਲਾਂ ਦਾ ਡੰਡਾ ਸਿਰ ਤੇ ਵਜਨ ਦਾ ਡਰ।
ਇਨ੍ਹਾਂ ਜਥੇਦਾਰਾਂ ਨੇ ਤਖਤ ਤੇ ਖੜੇ ਹੋ ਕੇ ਸ਼ਰੇ-ਆਮ ਝੂਠ ਬੋਲਿਆ ਕਿ ਪ੍ਰੋਫੈਸਰ ਜੀ ਤਖਤ ਤੇ ਹਾਜ਼ਰ ਨਹੀਂ ਹੋਇ। ਪੂਰੀ ਦੁਨੀਆਂ ਨੂੰ ਦਸ ਦਿੱਤਾ ਕਿ ਸਿੱਖਾਂ ਦੇ ਸਰਬ-ਉਚ ਅਸਥਾਨ ਤੋਂ ਸਿੱਖਾਂ ਦਾ ਸਭ ਤੋਂ ਉੱਚੀ ਪਦਵੀ ਤੇ ਬੈਠਾ ਧਾਰਮਿਕ ਆਗੂ ਕਿਤਨੀ ਬੇ-ਸ਼ਰਮੀ ਨਾਲ ਝੂਠ ਬੋਲ ਰਿਹਾ ਹੈ।
ਬਾਦਲਾਂ ਦੀਆਂ ਸਰਕਾਰਾਂ ਨੇ ਅਕਾਲ ਤਖਤ ਦੀ ਉਚਤਾ ਨੂੰ ਮਿੱਟੀ ਵਿਚ ਮਿਲਾ ਦਿੱਤਾ। ਆਪਣੀ ਮਰਜ਼ੀ ਦੇ ਜਥੇਦਾਰ ਬਿਠਾ ਕੇ ਮਨਮਾਨੀਆਂ ਕਰ ਰਹੇ ਹਨ। ਅੱਪਣੇ ਵਿਰੋਧੀਆਂ ਦੇ ਖਿਲਾਫ ਡਟ ਕੇ ਫਤਵੇ ਜਾਰੀ ਕਰਵਾਉਂਦੇ ਹਨ।
ਆਪਣੀ ਕੁਰਸੀ ਕਾਇਮ ਰੱਖਣ ਲਈ ਸੌਦਾ ਸਾਧ ਵਰਗੇ ਦੋਸ਼ੀਆਂ ਨੂੰ ਬਿਨਾਂ ਮੰਗੇ ਮੁਆਫੀਆਂ ਦੇ ਦੇਂਦੇ ਅਤੇ ਪੰਥ ਦੇ ਕਰੋੜਾਂ ਰੁਪਏ ਉਨਾਂ ਬਲਾਤਕਾਰੀਆਂ ਦੇ ਲਈ ਉਡਾ ਦੇਂਦੇ ਹਨ।
ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਸਲੇ ਵਿਚ ਕਾਰਵਾਈ ਕਰਨ ਲੱਗਿਆ ਇਨਾਂ ਬ੍ਰਹਰੂਪਿਆ ( ਜਥੇਦਾਰਾਂ ) ਦੇ ਕਛਹਿਰੇ ਗਿਲੇ ਹੋ ਜਾਂਦੇ ਜਨ। ਬਾਦਲਾਂ ਦੇ ਚਮਚੇ ਇਨਾ ਨੂੰ ਇੰਨਾ ਦੇ ਹੀ ਦਫਤਰ ਵਿਚ ਆ ਕੇ ਧਮਕੀਆਂ ਵੀ ਦੇ ਜਾਂਦੇ ਹਨ।ਓਥੇ ਉਨਾਂ ਦੇ ਹੁਕਮਨਾਮੇ ਠੁਸ ਹੋ ਜਾਂਦੇ ਹਨ ਮ
ਜਿਨਾਂ ਸਾਧਾਂ ਤਥਾਕਥਤ ਸੰਤਾਂ/ਮਹੰਤਾਂ ਨੂੰ ਇਨ੍ਹਾਂ ਨੇ ਬਰੀ ਕੀਤਾ ਉਨਾਂ ਨੂੰ ਅਦਾਲਤਾਂ ਨੇ ਸਜ਼ਾਵਾਂ ਦਿੱਤੀਆਂ ਅਤੇ ਜੇਲਾਂ ਵਿਚ ਸੁਟਿਆ। ਇਸ ਤਰਾਂ ਦੇ ਫੈਸਲੇ ਕਰ ਕੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਸੰਸਾਰ ਦੀਆਂ ਨਜ਼ਰਾਂ ਵਿਚ ਬੌਣਾਂ ਕਰਨ ਦਾ ਘਿਨਾਉਣਾਂ ਕੰਮ ਕਰਨ ਵਿਚ ਕੋਈ ਕਸਰ ਨਹੀਂ ਰਹਿਣ ਦੇਂਦੇ ਇਹ ਸਿੱਖੀ ਦੇ ਸੂਰਜ ਨੂੰ ਗ੍ਰਹਿਣ ਲਗੇ ਜਥੇਦਾਰ।
ਅੱਜ ਵੀ ਸ੍ਰੀ ਅਕਾਲ ਤਖਤ ਤੇ ਅਰੂੜ ਸਿੰਘ ਵਰਗਿਆਂ ਦੀਆਂ ਰੂਹਾਂ ਬੈਠੀਆਂ ਹਨ ਜੋ ਦੂਜੇ ਪੱਖ ਨੂੰ ਸੁਣਨ ਤੋਂ ਬਿਨਾਂ ਤਾਨਾਂਸ਼ਾਹੀ ਅੰਦਾਜ਼ ਅਤੇ ਰੋਹਬ ਵਿਖਾਉਂਦਿਆਂ ਹਨ। । ਬਸ ਹਾਂ ਜਾਂ ਨਾਂਹ ਵਿਚ ਜਵਾਬ ਮੰਗਦੀਆਂ ਹਨ। ਜਿਹੜੇ ਗੁਰਸਿਖ ਗੁਰੂ ਸਿਧਾਂਤਾਂ ਤੇ ਪਹਿਰਾ ਦੇ ਰਹੇ ਹਨ ਉਨਾਂ ਨੂੰ ਹੀ ਦਬੋਚ ਕੇ ਬਿਪਰ ਦੀ ਤਲਵਾਰ ਚਲਾ ਕੇ ਜ਼ਬਾ ਕਰਨ ਦੇ ਹੀਲੇ ਵਰਤ ਰਹੇ ਹਨ। ਹਾਲ ਵਿਚ ਹੀ ਜੰਮੂ DGPC ਨਾਲ ਹੋਇ ਵਰਤਾਰੇ ਬਾਰੇ ਸਮਾਜ ਪ੍ਰੈਸ ਕਾਨਫਰੰਸਾਂ ਦੀਆਂ ਵੀਡੀਓਜ਼ ਯੂ ਟਿਊਬ ਅਤੇ ਵਟਸਐਪ ਤੇ ਵੇਖ ਚੁਕਿਆ ਹੈ।
ਸੰਗਤ ਨੂੰ ਪੁਰ-ਜ਼ੋਰ ਗੁਜ਼ਾਰਸ਼ ਹੈ ਕਿ ਗੁਰਮਤਿ ਇਨਕਲਾਬ ਦੀ ਪੁਨਰ ਸੁਰਜੀਤੀ ਲਈ ਇਕੱਠੇ ਹੋ ਕੇ ਇੰਨਾਂ ਧੀਰਮੱਲੀਆਂ ਤੋਂ ਸ੍ਰੀ ਅਕਾਲ ਤਖਤ ਅਜ਼ਾਦ ਕਰਵਾ ਕੇ ਪੁਜਾਰੀਵਾਦ ਨੂੰ ਸਿੱਖੀ ਦੇ ਵੇਹੜੇ ਚੋਂ ਹੂੰਝ ਸੁਟਿਏ।
ਜਗਜੀਤ ਸਿੰਘ ਦੁਖੀਆ
ਪੁਣਛ, ਜੰਮੂ ਕਸ਼ਮੀਰ
ਜੁਲਾਈ ੨੫, ੨੦੨੪