Panthak News: ਸੁਖਬੀਰ ਬਾਦਲ ਦੀ ਪੇਸ਼ੀ ਤੋਂ ਬਾਅਦ ਹੁਣ ਜਾਗਰੂਕ ਸਿੱਖਾਂ ਦੀਆਂ ਨਜ਼ਰਾਂ ਟਿਕੀਆਂ ਜਥੇਦਾਰਾਂ ਦੇ ਫ਼ੈਸਲੇ ’ਤੇ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਪੰਥ ਦਾ ਘਾਣ ਕਰਨ ਵਾਲੀਆਂ ਹਰਕਤਾਂ ਦੇ ਸਨਮੁੱਖ ਜਥੇਦਾਰਾਂ ਲਈ ਵੀ ਪ੍ਰੀਖਿਆ ਦੀ ਘੜੀ

Sukhbir Badal Panthak News

ਕੋਟਕਪੂਰਾ, 25 ਜੁਲਾਈ (ਗੁਰਿੰਦਰ ਸਿੰਘ) : ਸੌਦਾ ਸਾਧ ਨੂੰ ਬਿਨ ਮੰਗੀ ਮਾਫ਼ੀ ਦੇਣ ਅਤੇ ਸੁੱਚਾ ਸਿੰਘ ਲੰਗਾਹ ਵਲੋਂ ਨਿਮਾਣਾ ਸਿੱਖ ਬਣ ਕੇ ਅਕਾਲ ਤਖ਼ਤ ਤੋਂ ਮਾਫ਼ੀ ਮੰਗਣ ਤੋਂ ਇਲਾਵਾ ਵੱਖ ਵੱਖ ਸਮੇਂ ਤਖ਼ਤਾਂ ਦੇ ਜਥੇਦਾਰਾਂ ਦੀ ਕਾਰਗੁਜ਼ਾਰੀ ਦੀ ਚਰਚਾ ਚਲੀ, ਪੰਥਦਰਦੀਆਂ ਵਿਰੁਧ ਹੁਕਮਨਾਮੇ ਜਾਰੀ ਕਰਨ ਅਤੇ ਡੇਰੇਦਾਰਾਂ ਵਿਰੁਧ ਜਾਰੀ ਹੋਏ ਹੁਕਮਨਾਮਿਆਂ ਦੇ ਬਾਵਜੂਦ ਅਕਾਲੀ ਆਗੂਆਂ ਵਲੋਂ ਅਖੌਤੀ ਡੇਰੇਦਾਰਾਂ ਦੀਆਂ ਚੌਂਕੀਆਂ ਭਰਨ ਦੀਆਂ ਖ਼ਬਰਾਂ ਬਾਹਰ ਆ ਜਾਣ ਦੇ ਬਾਵਜੂਦ ਤਖ਼ਤਾਂ ਦੇ ਜਥੇਦਾਰਾਂ ਦੀ ਬੇਵਸੀ ਅਤੇ ਲਾਚਾਰੀ ਸਾਹਮਣੇ ਆਉਣ ਦੀ ਤਰ੍ਹਾਂ ਹੁਣ ਬਾਦਲ ਦਲ ਤੋਂ ਨਰਾਜ਼ ਧੜੇ ਦੀ ਸ਼ਿਕਾਇਤ ’ਤੇ ਸੁਖਬੀਰ ਸਿੰਘ ਬਾਦਲ ਨੂੰ ਅਕਾਲ ਤਖ਼ਤ ’ਤੇ ਤਲਬ ਕਰਨ ਮੌਕੇ ਸੁਖਬੀਰ ਬਾਦਲ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵਲੋਂ ਇਕੋ ਸਮੇਂ ਅਕਾਲ ਤਖ਼ਤ ਦੇ ਜਥੇਦਾਰ ਨੂੰ ਬੰਦ ਲਿਫ਼ਾਫ਼ਾ ਸਪੱਸ਼ਟੀਕਰਨ ਸੌਂਪਣ ਦੀਆਂ ਘਟਨਾਵਾਂ ਦੀ ਪੰਥਕ ਹਲਕਿਆਂ ਵਿਚ ਚਰਚਾ ਛਿੜਨੀ ਸੁਭਾਵਕ ਹੈ।


ਪਿਛਲੇ ਸਮੇਂ ਵਿਚ ਇਕ ਤੋਂ ਵੱਧ ਵਾਰ ਸੁਖਬੀਰ ਸਿੰਘ ਬਾਦਲ ਨੇ ਜੇ ਗ਼ਲਤੀ ਹੋਈ, ਕਹਿ ਕੇ ਮਾਫ਼ੀ ਮੰਗੀ, ਜੋੜਿਆਂ ਦੀ ਸੇਵਾ ਕੀਤੀ ਪਰ ਹੁਣ ਫਿਰ ਨਰਾਜ਼ ਧੜੇ ਵਲੋਂ ਲਾਏ ਦੋਸ਼ਾਂ ਤੋਂ ਬਾਅਦ ਕੀ ਸੁਖਬੀਰ ਸਿੰਘ ਬਾਦਲ ਸਾਰੀਆਂ ਗ਼ਲਤੀਆਂ ਅਤੇ ਪੰਥ ਨਾਲ ਧ੍ਰੋਹ ਕਮਾਉਣ ਵਾਲੀਆਂ ਬੱਜਰ ਗ਼ਲਤੀਆਂ ਦੀ ਮਾਫ਼ੀ ਮੰਗਣਗੇ ਜਾਂ ਸਪੱਸ਼ਟੀਕਰਨ ਦੇ ਉਕਤ ਵਰਤਾਰੇ ਦੇ ਜਨਤਕ ਹੋਣ ਤੋਂ ਬਾਅਦ ਕੋਈ ਨਵਾਂ ਅਧਿਆਏ ਸ਼ੁਰੂ ਹੋਵੇਗਾ? ਕਿਉਂਕਿ ਸੁਖਬੀਰ ਬਾਦਲ ਨੇ ਅਪਣੇ ਸਾਥੀਆਂ ਸਮੇਤ ਅਕਾਲ ਤਖ਼ਤ ’ਤੇ ਪੇਸ਼ ਹੋਣ ਤੋਂ ਇਕ ਦਿਨ ਪਹਿਲਾਂ ਕੋਰ ਕਮੇਟੀ ਭੰਗ ਕਰ ਦਿਤੀ ਸੀ। ਜ਼ਿਕਰਯੋਗ ਹੈ ਕਿ ਬਾਦਲ ਦਲ ਦਾ ਵਿਰੋਧ ਕਰਨ ਵਾਲਿਆਂ ਵਿੱਚ ਸ਼ਾਮਲ ਪ੍ਰੇਮ ਸਿੰਘ ਚੰਦੂਮਾਜਰਾ, ਸੁਰਜੀਤ ਸਿੰਘ ਰੱਖੜਾ ਤੇ ਸਿਕੰਦਰ ਸਿੰਘ ਮਲੂਕਾ ਵਰਗੇ ਆਗੂ ਕੋਰ ਕਮੇਟੀ ਦੇ ਮੈਂਬਰ ਸਨ।


ਨਰਾਜ਼ ਧੜੇ ਵਲੋਂ ਬੀਬੀ ਜਗੀਰ ਕੌਰ ਨੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਸੱਚ ਸਾਹਮਣੇ ਲਿਆਉਣ ਦੀ ਅਪੀਲ ਕਰਦਿਆਂ ਆਖਿਆ ਹੈ ਕਿ ਹੁਣ ਜਥੇਦਾਰ ਕੋਲ ਸਬੂਤ ਪਹੁੰਚ ਗਏ ਹਨ, ਦੇਖਣਾ ਹੋਵੇਗਾ ਕਿ ਜਥੇਦਾਰਾਂ ਵਲੋਂ ਸਬੂਤਾਂ ਨੂੰ ਨਜ਼ਰਅੰਦਾਜ਼ ਕੀਤਾ ਜਾਵੇਗਾ ਜਾਂ ਸਜ਼ਾ ਸੁਣਾਈ ਜਾਵੇਗੀ? ਬੀਬੀ ਜਗੀਰ ਕੌਰ ਨੇ ਅਪਣੇ ਦੋਸ਼ਾਂ ਨੂੰ ਫਿਰ ਦੁਹਰਾਇਆ ਕਿ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਨੂੰ ਇਕ ਨਿਜੀ ਕੰਪਨੀ ਦੀ ਤਰ੍ਹਾਂ ਚਲਾਇਆ, ਜਿਵੇਂ ਕੰਪਨੀ ਵਿਚ ਸੀ.ਈ.ਓ. ਮਨਮਾਨੀ ਕਰਦਾ ਹੈ, ਬਾਦਲ ਨੂੰ ਪਾਰਟੀ ਨੂੰ ਉਸੇ ਤਰ੍ਹਾਂ ਚਲਾਇਆ ਹੈ। ਪੰਥਕ ਹਲਕਿਆਂ ਦੀਆਂ ਨ੍ਚਰਾਂ ਅਕਾਲ ਤਖ਼ਤ ਦੇ ਫ਼ੈਸਲੇ ’ਤੇ ਟਿਕੀਆਂ ਹੋਈਆਂ ਹਨ ਅਤੇ ਪੰਥਕ ਹਲਕਿਆਂ ਵਿਚ ਵੱਖ ਵੱਖ ਕਿਸਮ ਦੀ ਚਰਚਾ ਹੈ ਕਿ ਕੀ ਸੁਖਬੀਰ ਸਿੰਘ ਬਾਦਲ ਸਾਰੀਆਂ ਗ਼ਲਤੀਆਂ ਅਤੇ ਗੁਨਾਹਾਂ ਦੀ ਮਾਫੀ ਮੰਗਣਗੇ? ਕੀ ਉਹ ਅਪਣੇ ਉਪਰ ਲੱਗੇ ਦੋਸ਼ਾਂ ਨੂੰ ਝੂਠੇ ਸਾਬਤ ਕਰਨਗੇ? ਕੀ ਉਹ ਸਪੱਸ਼ਟੀਕਰਨ ਰਾਹੀਂ ਵਿਰੋਧੀਆਂ ਨੂੰ ਘੇਰਨਗੇ?