ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੰਟਰੋਲ ਨੂੰ ਲੈ ਕੇ ਦਾਦੂਵਾਲ ਤੇ ਝੀਂਡਾ ਵਿਚਕਾਰ ਖਿੱਚੋਤਾਣ ਤੇਜ਼

ਏਜੰਸੀ

ਪੰਥਕ, ਪੰਥਕ/ਗੁਰਬਾਣੀ

ਜਗਦੀਸ਼ ਸਿੰਘ ਝੀਂਡਾ ਵੱਲੋਂ ਸੱਦੀ ਜਨਰਲ ਹਾਊਸ ਮੀਟਿੰਗ ਵੀ ਫ਼ਸੀ ਵਿਵਾਦਾਂ ਵਿੱਚ 

Jagdish Singh Jinda , Baljit Singh Daduwal

 

ਅੰਬਾਲਾ- ਸੁਪਰੀਮ ਕੋਰਟ ਵੱਲੋਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਐਕਟ 2014 ਦੀ ਸੰਵਿਧਾਨਿਕ ਵੈਧਤਾ ਨੂੰ ਬਰਕਰਾਰ ਰੱਖਣ ਦੇ ਇੱਕ ਹਫ਼ਤੇ ਤੋਂ ਵੀ ਘੱਟ ਸਮੇਂ ਦੌਰਾਨ ਹੀ, ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚਕਾਰ ਧੜੇਬੰਦੀ ਉੱਭਰ ਕੇ ਸਾਹਮਣੇ ਆ ਗਈ ਹੈ। ਸਾਬਕਾ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨੇ ਦਾਅਵਾ ਕੀਤਾ ਹੈ ਕਿ ਕੈਥਲ ਦੇ ਗੁਰਦੁਆਰਾ ਨਿੰਮ ਸਾਹਿਬ ਵਿਖੇ ਹੋਈ ਜਨਰਲ ਹਾਊਸ ਦੀ ਬੈਠਕ ਵਿੱਚ 35 ਵਿੱਚੋਂ 33 ਮੈਂਬਰਾਂ ਵੱਲੋਂ ਉਨ੍ਹਾਂ ਨੂੰ ਮੁੜ ਪ੍ਰਧਾਨ ਨਾਮਜ਼ਦ ਕੀਤਾ ਗਿਆ ਹੈ। ਹਾਲਾਂਕਿ, ਮੌਜੂਦਾ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਨੇ ਉਨ੍ਹਾਂ ਦੇ ਦਾਅਵਿਆਂ ਨੂੰ ਨਕਾਰਦਿਆਂ ਕਿਹਾ ਕਿ ਉਹ ਪ੍ਰਧਾਨ ਸਨ ਅਤੇ ਉਨ੍ਹਾਂ ਦੇ ਕਾਰਜਕਾਲ ਦੇ ਛੇ ਮਹੀਨੇ ਹਾਲੇ ਬਾਕੀ ਹਨ।

“ਪਹਿਲਾਂ ਜਨਰਲ ਹਾਊਸ 41 ਮੈਂਬਰਾਂ ਦਾ ਹੁੰਦਾ ਸੀ, ਜੋ ਕਿ ਛੇ ਮੈਂਬਰਾਂ ਦੀ ਮੌਤ ਤੇ ਅਸਤੀਫ਼ਿਆਂ ਤੋਂ ਬਾਅਦ ਹੁਣ 35 ਮੈਂਬਰਾਂ ਦਾ ਰਹਿ ਗਿਆ ਹੈ। ਕੁੱਲ 35 ਮੈਂਬਰਾਂ ਵਿੱਚੋਂ 33 ਮੈਂਬਰਾਂ ਨੇ ਮੈਨੂੰ ਕਮੇਟੀ ਦਾ ਪ੍ਰਧਾਨ ਨਿਯੁਕਤ ਕੀਤਾ ਹੈ। ਬੈਠਕ ਵਿੱਚ ਉਨ੍ਹਾਂ ਵਿੱਚੋਂ 26 ਖ਼ੁਦ ਮੌਜੂਦ ਸਨ, ਜਦ ਕਿ 7 ਨੇ ਵੀਡੀਓ ਕਾਨਫ਼ਰੰਸਿੰਗ ਰਾਹੀਂ ਆਪਣੀ ਸਹਿਮਤੀ ਦਾ ਪ੍ਰਗਟਾਵਾ ਕੀਤਾ ਸੀ।" ਝੀਂਡਾ ਨੇ ਕਿਹਾ। 

ਝੀਂਡਾ ਨੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਦਫ਼ਤਰ ਨੂੰ ਕੈਥਲ ਦੇ ਗੁਰਦੁਆਰਾ ਚੌਥੀ ਪਾਤਸ਼ਾਹੀ ਅਤੇ ਨੌਵੀ ਪਾਤਸ਼ਾਹੀ ਚੀਕਾ ਤੋਂ ਬਦਲ ਕੇ, ਕੁਰੂਕਸ਼ੇਤਰ ਦੇ ਗੁਰਦੁਆਰਾ ਛੇਵੀਂ ਪਾਤਸ਼ਾਹੀ ਵਿਖੇ ਲਿਆਉਣ ਦਾ ਵੀ ਐਲਾਨ ਕੀਤਾ। ਝੀਂਡਾ ਨੇ ਕਿਹਾ, “ਸੂਬੇ ਭਰ ਦੇ ਗੁਰਦੁਆਰਾ ਸਾਹਿਬਾਨਾਂ ਦੇ ਪ੍ਰਬੰਧ ਦੀਆਂ ਸਾਰੀਆਂ ਗਤੀਵਿਧੀਆਂ ਕੁਰੂਕਸ਼ੇਤਰ ਦੇ ਗੁਰਦੁਆਰਾ ਸਾਹਿਬ ਤੋਂ ਚੱਲਣਗੀਆਂ।

ਬੈਠਕ ਵਿੱਚ ਮੌਜੂਦ ਰਹੇ ਦੀਦਾਰ ਸਿੰਘ ਨਲਵੀ ਨੇ ਦੱਸਿਆ ਕਿ 33 ਮੈਂਬਰਾਂ ਨੇ ਝੀਂਡਾ ਨੂੰ ਪ੍ਰਧਾਨ ਨਾਮਜ਼ਦ ਕੀਤਾ ਹੈ।

ਦੂਜੇ ਪਾਸੇ, ਇਨ੍ਹਾਂ ਦਾਅਵਿਆਂ ਨੂੰ ਸਿਰੇ ਤੋਂ ਨਕਾਰਦਿਆਂ ਦਾਦੂਵਾਲ ਨੇ ਬੈਠਕ ਨੂੰ ਗ਼ੈਰ-ਕਨੂੰਨੀ ਕਰਾਰ ਦਿੱਤਾ। ਦਾਦੂਵਾਲ ਨੇ ਕਿਹਾ, “ਮੈਂ ਸਾਰੇ ਮੈਂਬਰਾਂ ਦਾ ਸਤਿਕਾਰ ਕਰਦਾ ਹਾਂ, ਪਰ ਜਨਰਲ ਹਾਊਸ ਦੀ ਬੈਠਕ ਬੁਲਾਉਣ ਦਾ ਵੀ ਕੋਈ ਵਿਧੀ-ਵਿਧਾਨ ਹੈ। ਝੀਂਡਾ ਵੱਲੋਂ ਬੁਲਾਈ ਗਈ ਬੈਠਕ ਵਿੱਚ 22 ਮੈਂਬਰ ਸਨ, ਜਿਨ੍ਹਾਂ ਵਿੱਚੋਂ 5 ਨੂੰ ਪਹਿਲਾਂ ਹੀ ਬਾਹਰ ਕੱਢਿਆ ਜਾ ਚੁੱਕਿਆ ਹੈ। 

“ਮੈਨੂੰ ਮੈਂਬਰਾਂ ਨੇ ਢਾਈ ਸਾਲਾਂ ਲਈ ਚੁਣਿਆ ਸੀ ਅਤੇ ਮੇਰੇ ਕਾਰਜਕਾਲ ਦੇ ਛੇ ਮਹੀਨੇ ਹਾਲੇ ਬਾਕੀ ਹਨ। ਇਹ ਸੂਬੇ ਦੀ ਇੱਕ ਪ੍ਰਵਾਨਿਤ ਸੰਸਥਾ ਹੈ, ਜਿਸ ਨੂੰ ਸੁਪਰੀਮ ਕੋਰਟ ਨੇ ਵੀ ਮਾਨਤਾ ਦਿੱਤੀ ਹੈ” ਦਾਦੂਵਾਲ ਨੇ ਕਿਹਾ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸਰਬਜੀਤ ਸਿੰਘ ਜੰਮੂ ਨੇ ਕਿਹਾ,"“ਮੈਨੂੰ ਕੈਥਲ ਦੇ ਗੁਰਦੁਆਰਾ ਨਿੰਮ ਸਾਹਿਬ ਵਿਖੇ ਬੈਠਕ ਬੁਲਾਏ ਜਾਣ ਦਾ ਅਜਿਹਾ ਨੋਟਿਸ ਕਿਸੇ ਮੈਂਬਰ ਕੋਲੋਂ ਨਹੀਂ ਮਿਲਿਆ। ਇਹ 41 ਮੈਂਬਰੀ ਸਦਨ ਸੀ, ਪਰ ਹੁਣ ਇਸ ਦੇ ਮੈਂਬਰ 39 ਹਨ। ਉਨ੍ਹਾਂ ਕਿਹਾ ਕਿ ਚੀਕਾ ਵਿਖੇ ਸਥਿਤ ਹੈੱਡਕੁਆਰਟਰ ਤੋਂ ਬਾਹਰ ਅਜਿਹੀ ਕੋਈ ਜਨਰਲ ਹਾਊਸ ਬੈਠਕ ਨਹੀਂ ਬੁਲਾਈ ਜਾ ਸਕਦੀ।