ਬਾਬੇ ਨਾਨਕ ਦੇ ਪ੍ਰਕਾਸ਼ ਪੁਰਬ ਦੇ 550 ਸਾਲਾ ਸਮਾਗਮ ਸ਼ੁਰੂ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸ੍ਰੀ ਗੁਰੂ ਨਾਨਕ ਸਾਹਿਬ ਦਾ 550 ਸਾਲਾ ਸਮਾਗਮਾਂ ਦੀ ਸ਼ੁਰੂਆਤ ਹੋ ਚੁਕੀ ਹੈ...........

Gurudwara Shri Dera Baba Nanak

ਤਰਨਤਾਰਨ : ਸ੍ਰੀ ਗੁਰੂ ਨਾਨਕ ਸਾਹਿਬ ਦਾ 550 ਸਾਲਾ ਸਮਾਗਮਾਂ ਦੀ ਸ਼ੁਰੂਆਤ ਹੋ ਚੁਕੀ ਹੈ। ਭਾਰਤ ਪਾਕਿ ਸਰਹਦ ਤੇ ਸਥਿਤ ਗੁਰੂ ਨਾਨਕ ਸਾਹਿਬ ਨਾਲ ਸੰਬਧਤ ਗੁਰਦਵਾਰਾ ਡੇਰਾ ਬਾਬਾ ਨਾਨਕ ਦੀ ਹਾਲਤ ਦੇਖ ਕੇ ਵਿਹੜੇ ਆਈ ਜੰਞ ਵਿਨੋ ਕੁੜੀ ਦੇ ਕੰਨ ਵਾਲੀ ਕਹਾਵਤ ਪੂਰੀ ਤਰ੍ਹਾਂ ਨਾਲ ਢੁਕਵੀ ਲਗਦੀ ਹੈ। 
ਸਾਲ 2016 ਵਿਚ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਕ੍ਰਿਪਾਲ ਸਿੰਘ ਬਡੂੰਗਰ ਨੇ ਇਨ੍ਹਾਂ ਸਮਾਗਮਾਂ ਦੀ ਰੂਪ-ਰੇਖਾ ਜਨਤਕ ਕੀਤੀ ਸੀ। ਸਾਲ 2017 ਦੇ ਜੂਨ ਮਹੀਨੇ ਵਿਚ ਅਚਾਨਕ  ਗੁਰਦਵਾਰਾ ਡੇਰਾ ਬਾਬਾ ਨਾਨਕ ਦੀ ਕਾਰ ਸੇਵਾ ਸ਼ੁਰੂ ਵਿਚ ਕਰਵਾ ਦਿਤੀ ਗਈ।

ਇਹ ਕਾਰ ਸੇਵਾ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਨੂੰ ਸੌਂਪੀ ਗਈ ਸੀ ਜੋ ਅੱਜ ਤਕ ਜਾਰੀ ਹੈ। ਹਾਲੇ ਗੁਰਦਵਾਰਾ ਸਾਹਿਬ ਦੀਆਂ ਨੀਹਾਂ ਦੇ ਪਿਲਰ ਤਿਆਰ ਹੋਣ ਦਾ ਕੰਮ ਹੀ ਪੂਰਾ ਹੋਇਆ ਹੈ। ਕਾਰ ਸੇਵਾ ਵਾਲੇ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਦੇ ਸੇਵਾਦਾਰਾਂ ਨਾਲ ਗੱਲ ਕਰਨ 'ਤੇ ਦਸਿਆ ਕਿ ''ਇਹ ਤਾਂ ਬਾਬਾ ਜੀ ਦੀ ਮੌਜ ਹੈ ਸੇਵਾ ਦਾ ਕਾਰਜ ਹੈ ਦੇਖੋ ਕਦੋਂ ਪੂਰਾ ਹੁੰਦੈ। ਪਤਾ ਨਹੀਂ ਇਕ ਮਹੀਨੇ ਵਿਚ ਜਾਂ ਇਕ ਸਾਲ ਕਾਰ ਸੇਵਾ ਦਾ ਕੰਮ ਤਾਂ ਇਵੇਂ ਹੀ ਪੂਰਾ ਹੁੰਦਾ ਹੈ।'' ਇਹ ਕਹਿ ਕੇ ਬਾਬੇ ਦੇ ਸੇਵਾਦਾਰ ਅਪਣੇ ਕੰਮ ਵਿਚ ਰੁਝ ਜਾਂਦੇ ਹਨ। 

ਦਸਿਆ ਜਾ ਰਿਹਾ ਹੈ ਕਿ 23 ਦਸੰਬਰ 2018 ਤਕ ਪਹਿਲੀ ਮੰਜ਼ਲ ਦਾ ਲੈਂਟਰ ਪੈ ਜਾਵੇਗਾ, ਪਰ ਜਿਸ ਤੇਜ਼ੀ ਨਾਲ ਇਹ ਕੰਮ ਹੋ ਰਿਹਾ ਹੈ ਉਸ ਨੂੰ ਦੇਖ ਕੇ ਨਹੀਂ ਕਿਹਾ ਜਾ ਸਕਦਾ ਕਿ ਇਹ ਕਾਰਜ ਸਮੇਂ 'ਤੇ ਪੂਰਾ ਹੋ ਸਕੇ। ਇਸ ਮਾਮਲੇ ਵਿਚ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕਾਂ ਦਾ ਢਿਲਾ ਮੱਠਾ  ਵਤੀਰਾ ਸੰਗਤਾਂ ਦੇ ਉਤਸ਼ਾਹ ਨੂੰ ਫਿਕਾ ਪਾਉਂਦਾ ਹੈ। ਇਸ ਮਾਮਲੇ ਵਿਚ ਪੰਜਾਬ ਸਰਕਾਰ ਦੇ ਰੋਲ ਨੂੰ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਅੰਮ੍ਰਿਤਸਰ ਤੋਂ ਗੁਰਦਾਸਪੁਰ ਵਿਚ ਸਥਿਤ ਡੇਰਾ ਬਾਬਾ ਨਾਨਕ ਤਕ ਦੀ ਸੜਕ ਦੀ ਹਾਲਤ ਲਵਾਰਸ ਬੱਚੇ ਵਰਗੀ ਹੈ।

ਸੜਕ ਦੇਖ ਨਹੀਂ ਲਗਦਾ ਕਿ ਸੜਕ 'ਤੇ ਟੋਏ ਹਨ ਲਗਦਾ ਹੈ ਕਿ ਟੋਇਆਂ ਵਿਚ ਸੜਕ ਹੈ। ਸਿੰਗਲ ਰੋਡ 'ਤੇ ਆਵਾਜਾਈ ਦੇ ਕੋਈ ਪੁਖ਼ਤਾ ਪ੍ਰਬੰਧ ਨਹੀਂ ਹਨ। ਸੜਕ ਤੇ ਕਿਧਰੇ ਵੀ ਪੀਣ ਵਾਲੇ ਪਾਣੀ ਜਾਂ ਪਖ਼ਾਨੇ ਦਾ ਪ੍ਰੰਬਧ ਨਹੀਂ ਹੈ। ਅਜਿਹੀ ਹਾਲਤ ਵਿਚ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 550 ਸਾਲਾ ਸਮਾਗਮਾਂ ਦੀ ਸਫ਼ਲਤਾ ਨੂੰ ਲੈ ਕੇ ਹਰ ਵਰਗ ਵਿਚ ਚਿੰਤਾ ਵਾਲਾ ਮਾਹੌਲ ਹੈ।