27 ਦਸੰਬਰ ਨੂੰ ਸਮੁੱਚੀ ਕੌਮ ਸਵੇਰੇ 10 ਵਜੇ ਤੋਂ 10:15 ਤੱਕ ਮੂਲ ਮੰਤਰ ਦਾ ਜਾਪ ਕਰੇ- ਜਥੇਦਾਰ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਮੌਕੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਕੌਮ ਦੇ ਨਾਂਅ ਸੰਦੇਸ਼

Giani Harpreet Singh

ਅੰਮ੍ਰਿਤਸਰ: ਇਹਨੀਂ ਦਿਨੀਂ ਸਰਬੰਸ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਲਖਤੇ ਜਿਗਰ ਸ਼ਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਅਤੇ ਮਾਤਾ ਗੁਜਰੀ ਜੀ ਦਾ ਸ਼ਹੀਦੀ ਦਿਹਾੜਾ ਸਿੱਖ ਸੰਗਤ ਵੱਲੋਂ ਬੜੀ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ।

ਇਸ ਦੇ ਚਲਦਿਆਂ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕੌਮ ਦੇ ਨਾਂਅ ਇਕ ਸੰਦੇਸ਼ ਜਾਰੀ ਕੀਤਾ ਹੈ। ਉਹਨਾਂ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ 13 ਪੋਹ (27 ਦਸਬੰਰ) ਨੂੰ ਸਵੇਰੇ 10 ਵਜੇ ਤੋਂ 10.15 ਤੱਕ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਮੂਲ ਮੰਤਰ ਦਾ ਜਾਪ ਜ਼ਰੂਰ ਕਰਨ।

ਉਹਨਾਂ ਕਿਹਾ ਕਿ ਸੰਗਤ ਜਿੱਥੇ ਕਿਤੇ ਹੀ ਹੋਵੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਅਭੁੱਲ ਸ਼ਹਾਦਤ ਨੂੰ ਸਿਜਦਾ ਕਰਨ ਲਈ 15 ਮਿੰਟ ਦਾ ਸਮਾਂ ਜ਼ਰੂਰ ਕੱਢੋ।ਜ਼ਿਕਰਯੋਗ ਹੈ ਕਿ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸਮਰਪਿਤ ਤਿੰਨ ਰੋਜ਼ਾ ਸ਼ਹੀਦੀ ਜੋੜ ਮੇਲਾ ਸ਼ੁਰੂ ਹੋ ਚੁੱਕਾ ਹੈ।

ਬੀਤੇ ਦਿਨ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ। ਇਹਨਾਂ ਪਾਠਾਂ ਦੇ ਭੋਗ 27 ਦਸੰਬਰ ਨੂੰ ਪਾਏ ਜਾਣਗੇ। ਸ਼ਹੀਦਾਂ ਦੀ ਯਾਦ ‘ਚ ਜੁੜੀ ਸ਼ਹੀਦੀ ਸਭਾ ਦੇ ਪਹਿਲੇ ਦਿਨ ਦੇਸ਼ਾਂ-ਵਿਦੇਸ਼ਾਂ ਤੋਂ ਪੁੱਜੀਆਂ ਸੰਗਤਾਂ ਨੇ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਤੇ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਵਿਖੇ ਨਤਮਸਤਕ ਹੋਕੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।