ਚਾਰ ਸਾਹਿਬਜ਼ਾਦਿਆਂ ਦੇ ਜਨਮ ਅਤੇ ਸ਼ਹਾਦਤਾਂ ਦੇ ਕੁੱਝ ਅਗਿਆਤ ਪਹਿਲੂਆਂ ਬਾਰੇ ਸਰਬੰਗ ਜਾਣਕਾਰੀ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਗੁਰੂ ਕੇ ਮਹਿਲਾਂ ਅਤੇ ਚਾਰੇ ਸਾਹਿਬਜ਼ਾਦਿਆਂ ਦੇ ਜਨਮ ਅਤੇ ਸ਼ਹੀਦੀਆਂ ਦਾ ਬਿਰਤਾਂਤ ਕੁੱਝ ਇਸ ਤਰ੍ਹਾਂ ਹੈ;

Chaar Sahibzaade

 

ਭਾਵੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਨੂੰ ਅੱਜ 317 ਵਰ੍ਹੇ ਹੋ ਗਏ ਹਨ ਪਰ ਹਾਲੇ ਤਕ ਵੀ ਗੁਰੂ ਕੇ ਮਹਿਲਾਂ ਅਤੇ ਚਾਰ ਸਾਹਿਬਜ਼ਾਦਿਆਂ ਸਬੰਧੀ ਸਹੀ ਜਾਣਕਾਰੀਆਂ ਦਾ ਅਭਾਵ ਮਹਿਸੂਸ ਹੋ ਰਿਹਾ ਹੈ। ਪਿਛਲੇ ਦਿਨੀਂ ਸੱਭ ਤੋਂ ਛੋਟੇ ਸਾਹਿਬਜ਼ਾਦੇ ਬਾਬਾ ਫ਼ਤਹਿ ਸਿੰਘ ਜੀ ਦੇ ਜਨਮ ਸਬੰਧੀ ਇਕ ਜਾਣਕਾਰੀ ਸੋਸ਼ਲ ਮੀਡੀਏ ਉਤੇ ਚਲ ਰਹੀ ਸੀ ਕਿ ਬਾਬਾ ਫ਼ਤਹਿ ਸਿੰਘ ਜੀ ਦਾ ਜਨਮ ਮਾਤਾ ਸੁੰਦਰੀ ਜੀ ਦੀ ਕੁੱਖ ਤੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਇਆ ਸੀ ਜਦਕਿ ਸਚਾਈ ਇਹ ਨਹੀਂ।

ਮੈਂ ਬਹੁਤ ਸਾਰੇ ਵਟਸਐਪ ਗਰੁੱਪਾਂ ਤੇ ਇਸ ਬਾਰੇ ਸੁਧਾਈ ਵੀ ਕਰਵਾਈ ਪਰ ਤਦ ਤਕ ਇਹ ਗ਼ਲਤ ਜਾਣਕਾਰੀ ਬਹੁਤ ਵਾਇਰਲ ਹੋ ਚੁੱਕੀ ਸੀ। ਮੇਰੇ ਮਨ ਵਿਚ ਉਸੇ ਵੇਲੇ ਇਹ ਖ਼ਿਆਲ ਆਇਆ ਕਿ ਕਿਉਂ ਨਾ ਇਸ ਵਿਸ਼ੇ ਸਬੰਧੀ ਸਰਬੰਗ ਜਾਣਕਾਰੀ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਸਿੰਘ ਸਭਾ ਮੌਕੇ, ਸਿੱਖ ਸੰਗਤਾਂ ਦੀ ਦਿ੍ਰਸ਼ਟੀਗੋਚਰ ਕੀਤੀ ਜਾਵੇ। ਗੁਰੂ ਕੇ ਮਹਿਲਾਂ ਅਤੇ ਚਾਰੇ ਸਾਹਿਬਜ਼ਾਦਿਆਂ ਦੇ ਜਨਮ ਅਤੇ ਸ਼ਹੀਦੀਆਂ ਦਾ ਬਿਰਤਾਂਤ ਕੁੱਝ ਇਸ ਤਰ੍ਹਾਂ ਹੈ;

ਦਸਮ ਪਾਤਸ਼ਾਹ ਹਜ਼ੂਰ ਦੇ ਤਿੰਨ ਮਹਿਲ ਸਨ। ਸੱਭ ਤੋਂ ਵੱਡੇ ਮਾਤਾ ਜੀਤੋ ਜੀ ਸਨ, ਦੂਸਰੇ ਨੰਬਰ ਤੇ ਮਾਤਾ ਸੁੰਦਰੀ ਜੀ ਸਨ ਅਤੇ ਤੀਸਰੇ ਨੰਬਰ ਤੇ ਮਾਤਾ ਸਾਹਿਬ ਕੌਰ ਜੀ ਸਨ ਜਿਨ੍ਹਾਂ ਦੀ ਝੋਲੀ ਵਿਚ ਗੁਰੂ ਗੋਬਿੰਦ ਸਿੰਘ ਜੀ ਨੇ ‘ਖ਼ਾਲਸਾ ਜੀ’ ਨੂੰ ਪਾਇਆ ਹੈ। ਕੁੱਝ ਇਤਿਹਾਸਕਾਰ ਤਾਂ ਮਾਤਾ ਸਾਹਿਬ ਕੌਰ ਜੀ ਨੂੰ ‘ਗੁਰੂ ਸਾਹਿਬ ਦੇ ਕੁਆਰੇ ਡੋਲੇ’ ਦੇ ਅਰਥਾਂ ਨਾਲ ਵੀ  ਸੰਗਿਆ  ਦਿੰਦੇ ਹਨ। ਗੁਰੂ ਸਾਹਿਬ ਦੇ ਸੱਭ ਤੋਂ ਵੱਡੇ ਮਹਿਲ ਮਾਤਾ ਜੀਤੋ ਜੀ ਦਾ ਵਿਆਹ 23 ਹਾੜ੍ਹ 1734 ਨੂੰ ਗੁਰੂ ਕੇ ਲਾਹੌਰ ਵਿਖੇ ਹੋਇਆ। ਇਸ ਵਿਆਹ ਵਿਚ ਗੁਰੂ ਤੇਗ਼ ਬਹਾਦਰ ਜੀ ਆਪ ਚੱਕ ਨਾਨਕੀ (ਹੁਣ ਅਨੰਦਪੁਰ ਸਾਹਿਬ) ਤੋਂ ਅਪਣੇ ਪੁੱਤਰ ਗੋਬਿੰਦ ਰਾਏ ਦੀ ਜੰਝ ਲੈ ਕੇ ਗੁਰੂ ਕੇ ਲਾਹੌਰ ਢੁਕੇ ਸਨ।

ਦਸਮ ਪਾਤਸ਼ਾਹ ਹਜ਼ੂਰ ਦਾ ਦੂਸਰਾ ਵਿਆਹ 7 ਵੈਸਾਖ ਸੰਮਤ 1741 ਨੂੰ ਮਾਤਾ ਸੁੰਦਰੀ ਜੀ ਨਾਲ ਪਾਉਂਟਾ ਸਾਹਿਬ ਵਿਖੇ ਹੋਇਆ ਅਤੇ ਉਨ੍ਹਾਂ ਦੀ ਕੁੱਖ ਤੋਂ ਹੀ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਦਾ ਜਨਮ 23 ਮਾਘ ਸੰਮਤ 1743 ਨੂੰ, ਪਾਉਂਟਾ ਸਾਹਿਬ ਵਿਖੇ ਹੋਇਆ ਅਤੇ ਸਾਹਿਬਜ਼ਾਦਾ ਅਜੀਤ ਸਿੰਘ ਦਸਮ ਪਾਤਸ਼ਾਹ ਦੀ ਜੇਠੀ ਸੰਤਾਨ ਸਨ। ਸਾਹਿਬਜ਼ਾਦਾ ਅਜੀਤ ਸਿੰਘ ਦੀ ਸ਼ਹਾਦਤ, ਚਮਕੌਰ ਸਾਹਿਬ ਦੇ ਖਾੜਾ-ਏ- ਜੰਗ ਵਿਚ ਦਸ਼ਮੇਸ਼ ਪਿਤਾ ਦੀਆਂ ਨਜ਼ਰਾਂ ਦੇ ਸਾਹਮਣੇ 8 ਪੋਹ ਸੰਮਤ 1761 ਨੂੰ ਹੋਈ ।

ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਦਾ ਜਨਮ ਮਾਤਾ ਜੀਤੋ ਜੀ ਦੀ ਕੁੱਖ ਤੋਂ ਅਨੰਦਪੁਰ ਸਾਹਿਬ ਵਿਖੇ ਸੰਮਤ 1747 ਵਿਚ ਹੋਇਆ ਅਤੇ ਆਪ ਦੀ ਸ਼ਹੀਦੀ ਵੀ, ਚਮਕੌਰ ਸਾਹਿਬ ਦੇ ਖਾੜਾ-ਏ-ਜੰਗ ਵਿਚ ਗੁਰੂ ਪਿਤਾ ਦੀਆਂ ਨਜ਼ਰਾਂ ਦੇ ਸਾਹਮਣੇ 8 ਪੋਹ ਸੰਮਤ 1761 ਨੂੰ ਹੋਈ। ਸਿੱਖੀ ਸਿਦਕ ਦੇ ਸੱਭ ਤੋਂ ਮਹਾਨ ਸ਼ਹੀਦ, ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ ਦਾ ਜਨਮ ਵੀ ਅਨੰਦਪੁਰ ਸਾਹਿਬ ਵਿਖੇ ਮਾਤਾ ਜੀਤੋ ਜੀ ਦੀ ਕੁੱਖ ਤੋਂ ਮੱਘਰ ਸ਼ੁਦੀ 3 ਸੰਮਤ 1753 ਨੂੰ ਹੋਇਆ ਅਤੇ ਆਪ ਜੀ ਨੂੰ ਸਿੱਖੀ ਸਿਦਕ ਉਤੇ ਪੂਰੇ ਸਿਰੜ ਨਾਲ ਪਹਿਰਾ ਦੇਣ ਕਾਰਨ ਅਤੇ ਇਸਲਾਮ ਦੀ ਈਨ ਨਾ ਮੰਨਣ ਕਾਰਨ ਉਸ ਸਮੇਂ ਦੇ ਜ਼ਾਲਮ ਸੂਬੇਦਾਰ ਸਰਹੰਦ, ਵਜੀਦ ਖ਼ਾਂ ਦੇ ਹੁਕਮ ਨਾਲ ਅਨੇਕਾਂ ਤਸੀਹੇ ਦੇਣ ਤੋਂ ਬਾਅਦ ਅੰਤ ਨੂੰ ਜ਼ਿੰਦਾ ਕੰਧਾਂ ਵਿਚ ਚਿਣ ਕੇ 13 ਪੋਹ ਸੰਮਤ 1761 ਵਿਚ ਸ਼ਹੀਦ ਕਰ ਦਿਤਾ ਗਿਆ। ਸ਼ਹੀਦੀ ਸਮੇਂ ਆਪ ਜੀ ਦੀ ਉਮਰ, ਲਗਭਗ 8 ਸਾਲ ਦੀ ਸੀ।

Mata Jito ji 

ਸਿੱਖੀ ਸਿਦਕ ਦੇ ਸੱਭ ਤੋਂ ਛੋਟੀ ਉਮਰ ਦੇ ਮਹਾਨ ਸ਼ਹੀਦ, ਸਾਹਿਬਜ਼ਾਦਾ ਬਾਬਾ ਫ਼ਤਹਿ ਸਿੰਘ ਜੀ ਦਾ ਜਨਮ ਵੀ ਮਾਤਾ ਜੀਤੋ ਜੀ ਦੀ ਕੁੱਖ ਤੋਂ ਅਨੰਦਪੁਰ ਸਾਹਿਬ ਵਿਖੇ, ਫੱਗਣ ਸ਼ੁਦੀ 7 ਸੰਮਤ1755 ਨੂੰ ਹੋਇਆ। ਆਪ ਜੀ ਨੂੰ ਵੀ ਵੱਡੇ ਭਰਾ ਬਾਬਾ ਜ਼ੋਰਾਵਰ ਸਿੰਘ ਵਾਂਗ ਹੀ ਸਿੱਖੀ ਸਿਦਕ ਦੀ ਸੱਭ ਤੋਂ ਕਠਨ ਪ੍ਰੀਖਿਆ ਵਿਚੋਂ ਗੁਜ਼ਰਨਾ ਪਿਆ ਅਤੇ ਨਿੱਕੀ ਜੇਹੀ ਪਿਆਰੀ ਤੇ ਲਾਡਲੀ ਜਿੰਦੜੀ ਨੂੰ, ਸਿੱਖੀ ਸਿਦਕ ਖ਼ਾਤਰ ਅਤੇ ਦਸ਼ਮੇਸ਼ ਪਿਤਾ ਦੀ ਲਾਜ ਖ਼ਾਤਰ ਅਨੇਕਾਂ ਤਸੀਹੇ ਜਰਨੇ ਪਏ ਜਿਸ ਦਾ ਬਿਆਨ ਕਰਦਿਆਂ ਮੇਰੀ ਕਲਮ ਵੀ ਕੁਰਲਾ ਉਠਦੀ ਹੈ। ਆਪ ਜੀ ਨੂੰ ਵੀ ਸਿੱਖੀ ਸਿਦਕ ਉਤੇ ਪੂਰੇ ਸਿਰੜ ਨਾਲ ਪਹਿਰਾ ਦੇਣ ਕਾਰਨ ਅਤੇ ਪਰਾਏ ਦੀਨ, ਇਸਲਾਮ ਦੀ ਈਂਨ ਨਾ ਮੰਨਣ ਕਾਰਨ, ਸਰਹੰਦ ਦੇ ਉਸ ਸਮੇਂ ਦੇ ਜ਼ਾਲਮ ਸੂਬੇਦਾਰ, ਵਜੀਦ ਖ਼ਾਂ ਦੇ ਹੁਕਮ ਨਾਲ ਅਕਹਿ ਤਸੀਹੇ ਦੇਣ ਬਾਅਦ ਅੰਤ ਨੂੰ ਜ਼ਿੰਦਾ ਕੰਧਾਂ ਵਿਚ ਚਿਣ ਕੇ, 13 ਪੋਹ ਸੰਮਤ 1761 ਨੂੰ ਸ਼ਹੀਦ ਕਰ ਦਿਤਾ ਗਿਆ। ਸ਼ਹੀਦੀ ਸਮੇਂ ਆਪ ਜੀ ਦੀ ਉਮਰ, ਦੇਸੀ ਕਲੰਡਰ ਅਨੁਸਾਰ ਲਗਭਗ 6 ਸਾਲ ਬਣਦੀ ਸੀ।

ਛੋਟੇ ਲਾਡਲੇ ਪੋਤਰਿਆਂ ਦੀ ਸ਼ਹੀਦੀ ਦੀ ਖ਼ਬਰ ਸੁਣਦਿਆਂ ਹੀ ਮਾਤਾ ਗੁਜਰੀ ਜੀ ਵੀ ਅਪਣੇ ਸ਼ਹੀਦ ਪੋਤਰਿਆਂ ਨੂੰ ਅਪਣੀ ਨਿੱਘੀ ਗੋਦ ਵਿਚ ਸਮੇਟ ਕੇ, ਸਦੀਵਤਾ ਦੀ ਗੋਦ ਵਿਚ ਜਾ ਬਿਰਾਜੇ ਅਤੇ ਦੁਨੀਆਂ ਦੇ ਮਨੁੱਖਤਾ ਦੇ ਇਤਿਹਾਸ ਵਿਚ ਇਕ ਅਜਿਹਾ ‘ਬਾਬ’ ਲਿਖ ਗਏ ਜੋ ਜ਼ੁਲਮ ਤੇ ਅਨਿਆਂ ਵਿਰੁਧ ਲੜੀ ਗਈ ਸਬਰ ਅਤੇ ਸਿਦਕ ਦੀ ਜੰਗ ਦਾ ਇਕ ਸੁਨਿਹਰੀ ਪੰਨਾ ਹੋ ਨਿਬੜਿਆ। ਇਥੇ ਇਹ ਦਸਣਾ ਅਜ਼ਹਦ ਜ਼ਰੂਰੀ ਹੈ ਕਿ ਮਾਤਾ ਜੀਤੋ ਜੀ (ਬਾਅਦ ਵਿਚ ਅਜੀਤ ਕੌਰ ਜੀ) 13 ਅੱਸੂ ਸੰਮਤ 1757 ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਜੋਤੀ-ਜੋਤ ਸਮਾ ਗਏ। ਉਸ ਵੇਲੇ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਦੀ ਉਮਰ ਕੇਵਲ 4 ਸਾਲ ਦੀ ਸੀ ਅਤੇ ਸੱਭ ਤੋਂ ਛੋਟੇ ਸਾਹਿਬਜ਼ਾਦੇ ਬਾਬਾ ਫ਼ਤਹਿ ਸਿੰਘ ਜੀ ਦੀ ਉਮਰ ਕੇਵਲ 2 ਸਾਲ ਦੀ ਹੀ ਸੀ ਅਤੇ ਦੋਵੇਂ ਸਾਹਿਬਜ਼ਾਦੇ ਹਾਲੇ ਮਾਤਾ ਜੀ ਦਾ ਦੁਧ ਚੁੰਘਦੇ ਸਨ। ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਨੇ ਅਗੰਮਪੁਰ (ਸ੍ਰੀ ਅਨੰਦਪੁਰ) ਵਿਖੇ ਮਾਤਾ ਜੀਤੋ ਜੀ ਦੀਆਂ ਸਾਰੀਆਂ ਅੰਤਮ ਰਸਮਾਂ ਅਤੇ ਸਸਕਾਰ, ਮਾਤਾ ਗੁਜਰੀ ਜੀ ਦੀ ਦੇਖ-ਰੇਖ ਵਿਚ ਅਪਣੇ ਹੱਥੀਂ ਕੀਤਾ।

ਸਰਬੰਸ ਦਾਨੀ ਨੂੰ ਅਪਣੇ ਮਹਾਨ ਪਿਤਾ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਸੀਸ ਦਾ ਸਸਕਾਰ ਅਤੇ ਮਾਤਾ ਜੀਤੋ ਜੀ ਦਾ ਸਸਕਾਰ ਹੀ, ਸ੍ਰੀ ਅਨੰਦਪੁਰ ਸਾਹਿਬ ਵਿਖੇ ਅਪਣੇ ਹੱਥੀਂ ਕਰਨਾ ਨਸੀਬ ਹੋਇਆ, ਬਾਕੀ ਚਾਰੇ ਪੁੱਤਰਾਂ ਅਤੇ ਮਾਤਾ ਗੁਜਰੀ ਜੀ ਦੇ ਬਲਦੇ ਅੰਗੀਠਿਆਂ ਦੇ ਸੇਕ ਤੋਂ ਗੁਰੂ ਸਾਹਿਬ ਮਹਿਰੂਮ ਰਹੇ। ਗੁਰੂ ਜੀ ਨੇ ਮਾਤਾ ਜੀਤੋ ਜੀ ਦੇ ਜੋਤੀ-ਜੋਤ ਸਮਾ ਜਾਣ ਤੋਂ ਬਾਅਦ ਦੋਵੇਂ ਛੋਟੇ ਸਾਹਿਬਜ਼ਾਦਿਆਂ, ਭਾਵ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫ਼ਤਹਿ ਸਿੰਘ ਜੀ ਦੇ ਪਾਲਣ-ਪੋਸਣ ਅਤੇ ਸਿੱਖੀ ਸਿਦਕ ਦੀ ਤਰਬੀਅਤ ਦੀ ਸਾਰੀ ਜ਼ਿੰਮੇਵਾਰੀ, ਸਾਹਿਬਜ਼ਾਦਿਆਂ ਦੀ ਦਾਦੀ, ਮਾਤਾ ਗੁਜਰੀ ਜੀ ਦੇ ਸਪੁਰਦ ਕਰ ਦਿਤੀ ਸੀ। ਵੱਡੇ ਸਾਹਿਬਜ਼ਾਦਿਆਂ,  ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਜੀ ਦਾ ਸ਼ਾਸਤਰ ਗਿਆਨ, ਸਿੱਖੀ ਸਿਦਕ ਦਾ ਬੋਧ, ਸ਼ਸਤਰ ਕਲਾ ਅਤੇ ਯੁੱਧ ਵਿਦਿਆ ਤੇ ਨਿਪੁੰਨ ਘੋੜ-ਸਵਾਰੀ ਦੀ ਸਿਖਲਾਈ, ਦਸਮ ਪਾਤਸ਼ਾਹ ਹਜ਼ੂਰ ਆਪ ਖ਼ੁਦ ਦਿੰਦੇ ਸਨ ।

ਗੁਰੂ ਕੇ ਤੀਜੇ ਮਹਿਲ ਮਾਤਾ ਸਾਹਿਬ ਕੌਰ ਜੀ ਨਾਲ ਗੁਰੂ ਗੋਬਿੰਦ ਸਿੰਘ ਜੀ ਦਾ ਵਿਆਹ 18 ਵੈਸਾਖ ਸੰਮਤ 1757 ਨੂੰ ਅਨੰਦਪੁਰ ਸਾਹਿਬ ਵਿਖੇ ਸਿੱਖ ਸੰਗਤਾਂ ਦੇ ਬੇਹੱਦ ਜ਼ੋਰ ਦੇਣ ਕਾਰਨ ਹੋਇਆ। ਇਸ ਵਿਆਹ ਦਾ ਇਕ ਦਿਲਚਸਪ ਪਹਿਲੂ ਇਹ ਹੈ ਕਿ ਦਸਮ ਪਾਤਸ਼ਾਹ ਹਜ਼ੂਰ ਨੇ ਸਿੱਖ ਸੰਗਤ ਅਤੇ ਮਾਤਾ ਸਾਹਿਬ ਕੌਰ ਜੀ ਨੂੰ ਸਾਫ਼ ਅਤੇ ਸਪੱਸ਼ਟ ਕਹਿ ਦਿਤਾ ਸੀ ਕਿ ਮੈਂ ਗ੍ਰਹਿਸਤ ਦਾ ਸਦਾ ਲਈ ਤਿਆਗ ਕਰ ਦਿਤਾ ਹੈ ਅਤੇ ਹੁਣ ਮੇਰਾ ਦਿ੍ਰੜ੍ਹ ਸੰਕਲਪ ਤੇ ਪ੍ਰਤਿਗਿਆ ਹੈ ਕਿ ਮੈਂ ਗ੍ਰਹਿਸਤ ਆਸ਼ਰਮ ਵਿਚ ਪੁਨਰ ਪ੍ਰਵੇਸ਼ ਨਹੀਂ ਕਰਾਂਗਾ ਅਤੇ ਇਸ ਵਿਆਹ ਵਿਚ ਮੇਰੀ ਇਹ ਸੱਭ ਤੋਂ ਵੱਡੀ ਸ਼ਰਤ ਹੈ ਕਿ ਇਹ ਵਿਆਹ ਗ੍ਰਹਿਸਤ ਦੀ ਲੋਚਾ ਤੋਂ ਸਦਾ ਮੁਕਤ ਰਹੇਗਾ। ਇਸ ਪ੍ਰਸਤਾਵ ਉਤੇ ਮਾਤਾ ਸਾਹਿਬ ਕੌਰ ਦਾ ਕਹਿਣਾ ਸੀ ਕਿ ਮੈਂ ਵੀ ਸਵਾਸ-ਸਵਾਸ ਪ੍ਰਤਿਗਿਆ ਕੀਤੀ ਹੈ ਕਿ ਮੈਂ ਹੁਣ ਕੇਵਲ ਆਪ ਜੀ ਚਰਨਾਂ ਵਿਚ ਹੀ ਰਹਿਣਾ ਹੈ।

ਇਸ ਸੰਵਾਦ ਤੋਂ ਬਾਅਦ ਗੁਰੂ ਜੀ ਨੇ ਕਿਹਾ ਕਿ ‘‘ਠੀਕ ਹੈ, ਸਾਹਿਬ ਕੌਰ, ਤੁਸੀ ਮੇਰੀ ਪ੍ਰਤਿਗਿਆ ਨਿਭਾਅ ਦੇਣਾ ਤੇ ਅਸੀ ਤੁਹਾਡੀ ਪ੍ਰਤਿਗਿਆ ਨਿਭਾ ਦੇਵਾਂਗੇ।’’ ਇਹ ਆਖ ਕੇ ਗੁਰੂ ਜੀ ਨੇ ਸਿੱਖ ਸੰਗਤ ਦੀ ਹਾਜ਼ਰੀ ਵਿਚ ਇਹ ਵਿਆਹ ਕਬੂਲ ਕਰ ਲਿਆ। ਇਤਿਹਾਸ ਗਵਾਹ ਹੈ ਕਿ ਮਾਤਾ ਸਾਹਿਬ ਕੌਰ ਦੀ ਝੋਲੀ ਵਿਚ ਦਸਮ ਪਾਤਸ਼ਾਹ ਨੇ ਪੰਥ-ਖ਼ਾਲਸੇ ਨੂੰ ਪਾ ਦਿਤਾ ਅਤੇ ਮਾਤਾ ਸਾਹਿਬ ਕੌਰ ਨੂੰ ਸਿੱਖਾਂ ਦੇ ਗੌਰਵਮਈ ਇਤਿਹਾਸ ਵਿਚ ਖ਼ਾਲਸੇ ਦੀ ਮਾਤਾ ਹੋਣ ਦੇ ਲਕਬ ਤੇ ਮਾਣ-ਸਨਮਾਨ ਨਾਲ ਸਤਿਕਾਰਿਆ ਜਾਂਦਾ ਹੈ। ਇਥੇ ਇਹ ਦਸਣਯੋਗ ਹੈ ਕਿ ਗੁਰੂ ਦਸਮ ਪਾਤਸ਼ਾਹ ਹਜ਼ੂਰ ਨੇ ਜੋਤੀ-ਜੋਤ ਸਮਾਉਣ ਤੋਂ ਪਹਿਲਾਂ ਅਬਚਲ ਨਗਰ ਹਜ਼ੂਰ ਸਾਹਿਬ ਤੋਂ ਮਾਤਾ ਸਾਹਿਬ ਕੌਰ ਨੂੰ ਦਿੱਲੀ ਲਈ ਰਵਾਨਾ ਕਰਨ ਸਮੇਂ, ਉਨ੍ਹਾਂ ਨੂੰ  ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੰਜ ਸ਼ਸਤਰ ਵੀ ਪੂਰੇ ਸਨਮਾਨ ਨਾਲ ਰੱਖਣ ਲਈ ਉਨ੍ਹਾਂ ਦੇ ਸਪੁਰਦ ਕੀਤੇ ਸਨ ਜੋ ਇਸ ਸਮੇਂ ਦਿੱਲੀ ਦੇ ਗੁਰਦਵਾਰਾ ਰਕਾਬਗੰਜ ਸਾਹਿਬ ਵਿਚ ਸੁਸ਼ੋਭਿਤ ਹਨ।

Mata Sundari ji

ਮਾਤਾ ਸਾਹਿਬ ਕੌਰ ਜੀ, ਮਾਤਾ ਸੁੰਦਰੀ ਜੀ ਤੋਂ ਬਹੁਤ ਸਮਾਂ ਪਹਿਲਾਂ ਹੀ, ਦਿੱਲੀ ਵਿਖੇ ਜੋਤੀ-ਜੋਤ ਸਮਾ ਗਏ ਸਨ ਅਤੇ ਆਪ ਜੀ ਦਾ ਅਸਥਾਨ ਸ੍ਰੀ ਗੁਰੂ ਹਰਿ ਕਿ੍ਰਸ਼ਨ ਜੀ ਦੇ ਦੇਹੁਰੇ ਦੇ ਪਾਸ ਹੀ, ਦਿੱਲੀ ਵਿਚ ਸੁਸ਼ੋਭਿਤ ਹੈ। ਮਾਤਾ ਸੁੰਦਰੀ ਜੀ ਸੰਮਤ 1804 ਵਿਚ ਦਿੱਲੀ ਵਿਖੇ ਹੀ ਜੋਤੀ-ਜੋਤ ਸਮਾ ਗਏ ਸਨ। ਮਾਤਾ ਸੁੰਦਰੀ ਜੀ ਦੀ ਹਵੇਲੀ ਤੁਰਕਮਾਨ ਦਰਵਾਜ਼ੇ ਤੋਂ ਬਾਹਰ ਗੁਰਦਵਾਰਾ ਸੀਸ ਗੰਜ ਸਾਹਿਬ ਤੋਂ ਡੇਢ ਮੀਲ ਦੀ ਵਿੱਥ ਤੇ ਦਿੱਲੀ ਵਿਚ ਸੁਸ਼ੋਭਿਤ ਹੈ। ਛੋਟੇ ਸਾਹਿਬਜ਼ਾਦਿਆਂ ਦੀ ਦਰਦਨਾਕ ਸ਼ਹੀਦੀ ਦੀ ਵੇਦਨਾ ਦਾ ਦਰਦ ਮੇਰੀ ਸੰਵੇਦਨਾ ਵਿਚ ਹੋਰ ਗਹਿਰਾ ਉਤਰ ਜਾਂਦਾ ਹੈ ਜਦੋਂ ਇਹ ਖ਼ਿਆਲ ਮੇਰੇ ਤਖ਼ੱਈਅਲ ਵਿਚ ਇਕ ਅਸਗਾਹ ਪੀੜਾ ਦੀ ਕੁਰਲਾਹਟ ਛੇੜ ਦਿੰਦਾ ਹੈ ਤੇ ਮੈਂ ਅਥਰੂ-ਅਥਰੂ ਹੋ ਉਠਦਾ ਹਾਂ  ਕਿ ਜਦੋਂ ਮਾਸੂਮ ਸਾਹਿਬਜ਼ਾਦਿਆਂ ਨੂੰ ਸਰਹੰਦ ਦੀ ਖ਼ੂਨੀ ਦਿਵਾਰ ਵਿਚ ਚਿਣਿਆ ਜਾ ਰਿਹਾ ਹੋਵੇਗਾ ਅਤੇ ਲਾੜੀ ਮੌਤ ਨੂੰ ਵਿਆਹੁਣ ਤੋਂ ਪਹਿਲਾਂ ਉਨ੍ਹਾਂ ਮਾਸੂਮ ਜ਼ਿੰਦਾਂ ਨੂੰ ਅਪਣੀ ਅੰਮੜੀ ਮਾਤਾ ਜੀਤੋ ਦੀ ਯਾਦ ਜ਼ਰੂਰ ਆਈ ਹੋਵੇਗੀ ਜੋ ਅਪਣੇ ਲਾਡਲੇ ਪੁੱਤਰਾਂ ਨੂੰ ਦੁਧ ਚੁੰਘਾਉਂਦੀ ਹੋਈ, ਸਦਾ ਲਈ ਵਿਛੋੜਾ ਦੇ ਗਈ ਸੀ। ਇਸ ਦਰਦਨਾਕ ਦਾਸਤਾਂ ਨੂੰ ਇਕ ਸ਼ਾਇਰ ਇੰਜ ਬਿਆਨ ਕਰਦਾ ਹੈ:
“ਜਿਨ ਕਾ ਮੂੰਹ ਸੂੰਘਨੇ ਸੇ, ਦੁਧ ਕੀ ਬੂ ਆਤੀ ਥੀ,
ਵੋਹੀ ਮਾਸੂਮ ਮੇਰੀ ਕੌਮ ਕੇ ਰਾਹਬਰ ਨਿਕਲੇ।’’
ਸੰਪਰਕ : 98140 33362 ਬੀਰਦਵਿੰਦਰ ਸਿੰਘ