Panthak News: ਗੁਰਦੁਆਰਾ ਸਿੰਘ ਸਭਾ ਨੋਵੇਲਾਰਾ ਵਿਖੇ ਸ਼ਹੀਦੀ ਪੰਦਰਵਾੜੇ ਦੇ ਚਲਦਿਆਂ ਸਮੂਹ ਸਿੰਘਾਂ ਸਿੰਘਣੀਆਂ ਦੀ ਯਾਦ ਵਿਚ ਸ਼ਹੀਦੀ ਸਮਾਗਮ ਆਯੋਜਤ
ਸ਼ੁੱਕਰਵਾਰ ਨੂੰ ਆਰੰਭ ਹੋਏ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਐਤਵਾਰ ਸਵੇਰੇ ਪਾਏ ਗਏ।
Panthak News: ਦੇਸ਼ਾਂ ਵਿਦੇਸ਼ਾ ਵਿਚ ਸਰਬੰਸਦਾਨੀ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਗੁਜਰ ਕੌਰ ਜੀ ਅਤੇ ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰਦਿਆ ਸ਼ਹੀਦੀ ਪੰਦਰਵਾੜੇ ਨੂੰ ਸਮਰਪਿਤ ਸਮਾਗਮ ਕਰਵਾਏ ਜਾ ਰਹੇ ਹਨ। ਇਟਲੀ ਦੀਆਂ ਸੰਗਤਾਂ ਵੀ ਸ਼ਹੀਦੀ ਪੰਦਰਵਾੜੇ ਦੇ ਚਲਦਿਆਂ ਸਮੂਹ ਸਿੰਘਾਂ ਸਿੰਘਣੀਆਂ ਦੀ ਯਾਦ ਵਿਚ ਸ਼ਹੀਦੀ ਸਮਾਗਮ ਕਰਵਾ ਰਹੀਆ ਹਨ।
ਇਟਲੀ ਦੇ ਜ਼ਿਲ੍ਹਾ ਰਿਜੋਇਮੀਲੀਆ ਵਿਚ ਸਥਿਤ ਇਟਲੀ ਦੇ ਸੱਭ ਤੋਂ ਪੁਰਾਣੇ ਗੁਰਦੁਆਰਾ ਸਾਹਿਬ ਗੁਰਦੁਆਰਾ ਸਿੰਘ ਸਭਾ ਨੋਵੇਲਾਰਾ ਵਿਖੇ ਵੀ ਸ਼ਹੀਦੀ ਪੰਦਰਵਾੜੇ ਦੇ ਚਲਦਿਆਂ ਸਮੂਹ ਸਿੰਘਾਂ ਸਿੰਘਣੀਆਂ ਦੀ ਯਾਦ ਵਿਚ ਸ਼ਹੀਦੀ ਸਮਾਗਮ ਆਯੋਜਤ ਕੀਤਾ ਗਿਆ। ਸ਼ੁੱਕਰਵਾਰ ਨੂੰ ਆਰੰਭ ਹੋਏ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਐਤਵਾਰ ਸਵੇਰੇ ਪਾਏ ਗਏ।
ਜਿਨ੍ਹਾਂ ਦੇ ਉਪਰੰਤ ਸਜਾਏ ਦੀਵਾਨਾਂ ਵਿਚ ਭਾਈ ਰਘਵੀਰ ਸਿੰਘ ਜੀ ਦਮਦਮੀ ਟਕਸਾਲ ਵਾਲਿਆਂ ਦੇ ਜਥੇ ਵਲੋਂ ਕੀਰਤਨ ਰਾਹੀਂ ਸ਼ਹੀਦੀ ਪੰਦਰਵਾੜੇ ਦੇ ਲਾਸਾਨੀ ਇਤਹਾਸ ਤੋਂ ਸੰਗਤਾਂ ਨੂੰ ਜਾਣੂ ਕਰਵਾਇਆ। ਇਸ ਮੌਕੇ ਨੌਜਵਾਨ ਸਭਾ ਨੋਵਾਲਾਰਾ ਵਲੋਂ ਸ਼ਹੀਦੀ ਸਮਾਗਮ ਮੌਕੇ ਵਿਸ਼ੇਸ਼ ਉਪਰਾਲਾ ਕਰਦਿਆਂ ਬੱਚਿਆਂ ਦੇ ਦਸਤਾਰ ਮੁਕਾਬਲੇ, ਜਿਸ ਵਿਚ ਦਸਤਾਰ ਅਤੇ ਦੁਮਾਲੇ ਦੇ ਵੱਖੋ ਵੱਖਰੇ ਮੁਕਾਬਲੇ, ਸ਼ਹੀਦੀ ਪੰਦਰਵਾੜੇ ਅਤੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੀ ਸ਼ਹੀਦੀ ਨਾਲ ਸਬੰਧਤ ਬੱਚਿਆਂ ਦੇ ਗੁਰਬਾਣੀ ਦੇ ਸਵਾਲ-ਜਵਾਬ ਦੇ ਮੁਕਾਬਲੇ ਅਤੇ ਗੁਰਮੁਖੀ ਲਿਖਣ ਦੇ ਮੁਕਾਬਲੇ ਕਰਵਾਏ ਗਏ। ਇਸ ਮੌਕੇ ਭਾਈ ਮਨੀ ਸਿੰਘ ਦਸਤਾਰ ਸੇਵਾ ਕੈਂਪ ਇਟਲੀ ਵਲੋਂ ਬੱਚਿਆਂ ਨੂੰ ਦਸਤਾਰਾਂ ਦੀ ਸਿਖਲਾਈ ਦਿਤੀ ਗਈ ਅਤੇ ਨੌਜਵਾਨਾਂ ਨੂੰ ਅੱਗੋਂ ਵੀ ਦਸਤਾਰ ਸਿੱਖਣ ਲਈ ਜੁੜਨ ਦਾ ਸੱਦਾ ਦਿਤਾ।
ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੁਆਰਾ ਮਾਤਾ ਗੁਜਰ ਕੌਰ ਅਤੇ ਚਾਰ ਸਾਹਿਬਜ਼ਾਦਿਆਂ ਅਤੇ ਹੋਰਨਾਂ ਸ਼ਹੀਦਾਂ ਨੂੰ ਯਾਦ ਕਰਦਿਆਂ ਕਿਹਾ ਕਿ ਇਹ ਸ਼ਹਾਦਤਾਂ ਸਿੱਖ ਕੌਮ ਲਈ ਹਮੇਸ਼ਾ ਪ੍ਰੇਰਨਾਸ੍ਰੋਤ ਰਹਿਣਗੀਆਂ। ਉਨ੍ਹਾਂ ਸੰਗਤਾਂ ਨੂੰ ਬਾਣੀ ਤੇ ਬਾਣੇ ਦੇ ਧਾਰਨੀ ਬਣਨ ਦੀ ਅਪੀਲ ਕੀਤੀ। ਪ੍ਰਬੰਧਕਾਂ ਵਲੋਂ ਦਸਿਆ ਕਿ ਸ਼ਹੀਦੀ ਪੰਦਰਵਾੜੇ ਦੇ ਚਲਦਿਆਂ ਗੁਰਦੁਆਰਾ ਸਾਹਿਬ ਵਿਖੇ ਲਗਾਤਾਰ ਤਿੰਨ ਹਫਤੇ ਤੋਂ ਆਖੰਡ ਪਾਠ ਸਾਹਿਬ ਜੀ ਦੀ ਲੜੀ ਚੱਲ ਰਹੀ ਹੈ।