ਪੰਥ ਦੀ ਭਲਾਈ ਲਈ 'ਸਾਂਝਾ ਪ੍ਰੋਗਰਾਮ' ਬਣਾਉਣ ਦਾ ਉਦਮ
ਦਿੱਲੀ ਵਿਚ 'ਸਰਬੱਤ ਖ਼ਾਲਸਾ' ਦੀ ਤਰਜ਼ 'ਤੇ ਸਿੱਖ ਜਥੇਬੰਦੀਆਂ ਨੇ ਸਿਰ ਜੋੜੇ
ਨਵੀਂ ਦਿੱਲੀ : ਦਿੱਲੀ ਵਿਚ 'ਸਰਬਤ ਖ਼ਾਲਸਾ' ਦੀ ਤਰਜ਼ 'ਤੇ ਵੱਖ-ਵੱਖ ਸਿੱਖ ਜਥੇਬੰਦੀਆਂ ਦਾ ਭਰਵਾਂ ਇਕੱਠ ਹੋਇਆ ਜਿਸ ਵਿਚ ਸਿੱਖ ਸਿਆਸਤਦਾਨਾਂ ਵਲੋਂ ਗੁਰਦਵਾਰਿਆਂ ਦਾ ਸਿਆਸੀਕਰਨ ਕਰ ਦੇਣ ਬਾਰੇ ਡੂੰਘੀ ਚਿੰਤਾ ਜ਼ਾਹਰ ਕਰਦਿਆਂ ਗੁਰਦਵਾਰਾ ਚੋਣ ਸਿਸਟਮ ਤੋਂ ਖਹਿੜਾ ਛੁਡਵਾਉਣ, ਨੌਜਵਾਨ ਪੀੜ੍ਹੀ ਨੂੰ ਸੰਭਾਲਣ, ਬੱਚਿਆਂ ਨੂੰ ਮਾਂ ਬੋਲੀ ਨਾਲ ਜੋੜਨ, ਜਥੇਬੰਦਕ ਢੰਗ ਨਾਲ 'ਘਟੋ-ਘੱਟ ਸਾਂਝਾ ਪ੍ਰੋਗਰਾਮ' ਉਲੀਕ ਕੇ, ਸਿੱਖ ਪੰਥ ਦੀ ਚੜ੍ਹਦੀ ਕਲਾ ਦੇ ਟੀਚੇ ਸਰ ਕਰਨ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।
ਇਥੋਂ ਦੇ ਭਾਈ ਵੀਰ ਸਿੰਘ ਸਾਹਿਤ ਸਦਨ ਵਿਖੇ ਗ਼ੈਰ-ਸਿਆਸੀ ਤਾਲਮੇਲ ਜਥੇਬੰਦੀ 'ਪੰਥਕ ਸਾਂਝ' ਦੀ ਸਰਪ੍ਰਸਤੀ ਹੇਠ ਐਤਵਾਰ ਨੂੰ ਹੋਏ ਇਕੱਠ ਵਿਚ ਤਕਰੀਬਨ ਸਵਾ ਚਾਰ ਘੰਟੇ ਵੱਖ-ਵੱਖ ਜੱਥੇਬੰਦੀਆਂ ਤੇ ਪੰਥ ਦਰਦੀਆਂ ਨੇ ਅਪਣੇ ਵਲਵਲੇ ਸਾਂਝੇ ਕਰ ਕੇ, ਸਿੱਖ ਸਿਆਸਤਦਾਨਾਂ ਵਲ ਤਕੇ ਬਿਨਾਂ ਜਥੇਬੰਦਕ ਢੰਗ ਨਾਲ ਅਪਣੀ ਆਵਾਜ਼ ਚੁਕਣ ਬਾਰੇ ਸਹਿਮਤੀ ਪ੍ਰਗਟਾਈ। ਇਹ ਪਹਿਲੀ ਵਾਰ ਸੀ ਜਦੋਂ ਰਵਾਇਤੀ ਅਕਾਲੀਆਂ ਤੋਂ ਦੂਰ ਦਿੱਲੀ ਤੇ ਨੇੜਲੇ ਇਲਾਕਿਆਂ ਦੇ ਸਿੱਖ ਅਪਣੇ ਦਿਲਾਂ ਵਿਚ ਪੰਥ ਦਾ ਦਰਦ ਲੈ ਕੇ, ਪੁੱਜੇ ਤੇ ਗੁਰਦਵਾਰਿਆਂ ਦੇ ਸੋਨੇ, ਸੰਗਮਰਮਰ ਦੀ ਥਾਂ ਸਿੱਖ ਕੌਮ ਦੀ ਅਸਲ ਸ਼ਕਤੀ ਸਿੱਖ ਨੌਜਵਾਨੀ ਨੂੰ ਸੰਭਾਲਣ ਦਾ ਸੱਦਾ ਦਿਤਾ।
ਤਕਰੀਬਨ ਡੇਢ ਦਹਾਕਾ ਪਹਿਲਾਂ ਦਿੱਲੀ ਵਿਚ ਖ਼ਾਲਸਾ ਵਾਤਾਰਨ ਪ੍ਰਾਜੈਕਟ ਸ਼ੁਰੂ ਕਰਨ ਵਾਲੇ ਸ.ਰਾਜਬੀਰ ਸਿੰਘ ਆਟੋਪਿਨ ਦੀ ਅਗਵਾਈ ਹੇਠ ਇਥੋਂ ਦੀਆਂ ਸਿੱਖ ਜਥੇਬੰਦੀਆਂ ਨੂੰ ਆਪਸ ਵਿਚ ਜੋੜਨ ਤੇ ਜੱਥੇਬੰਦਕ ਢਾਂਚਾ ਕਾਇਮ ਕਰ ਕੇ, ਸਿੱਖਾਂ ਨੂੰ ਸੇਧ ਦੇਣ ਬਾਰੇ ਚਰਚਾ ਹੋਈ। ਤਕਰੀਬਨ 16 ਬੁਲਾਰਿਆਂ ਨੇ ਅਪਣੀ ਤਕਰੀਰ ਵਿਚ ਸਿੱਖਾਂ ਨੂੰ ਆਪਸ ਵਿਚ ਇਕ ਕੜੀ ਵਾਂਗ ਜੋੜਨ ਦੀ ਲੋੜ 'ਤੇ ਜ਼ੋਰ ਦਿਤਾ ਗਿਆ। ਹਾਲ ਵਿਚ ਢਾਈ ਸੋ ਤੋਂ ਉੱਪਰ ਸਿੱਖ ਨੌਜਵਾਨ, ਬੀਬੀਆਂ, ਜਥੇਬੰਦੀਆਂ ਦੇ ਨੁਮਾਇੰਦੇ ਤੇ ਹੋਰ ਪੰਥ ਦਰਦੀ ਸ਼ਾਮਲ ਹੋਏ।
ਭਰਵੇਂ ਇਕੱਠ ਨੂੰ ਮੁਖਾਤਬ ਹੁੰਦਿਆਂ ਪੰਥ ਰਤਨ ਮਾਸਟਰ ਤਾਰਾ ਸਿੰਘ ਦੀ ਦੋਹਤੀ ਤੇ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਕਿਰਨਜੋਤ ਕੌਰ ਨੇ ਸੰਗਤ ਨੂੰ ਅਪਣੀ ਜ਼ਿੰਮੇਵਾਰੀ ਪਛਾਣ ਕੇ, ਗੁਰਦਵਾਰਾ ਪ੍ਰਬੰਧਕਾਂ ਦੀ ਨਕੇਲ ਕੱਸਣ ਦੀ ਨਸੀਹਤ ਦਿਤੀ ਤੇ ਸਿੱਖ ਬੱਚੀਆਂ ਨੂੰ ਸਿੱਖੀ ਦੇ ਰੰਗ ਵਿਚ ਰੰਗਣ ਦੀ ਲੋੜ 'ਤੇ ਜ਼ੋਰ ਦਿਤਾ।
'ਪੰਥਕ ਸਾਂਝ' ਦੇ ਮੋਢੀ ਸ.ਰਾਜਬੀਰ ਸਿੰਘ ਨੇ ਚੋਣਾਂ ਤੇ ਵੰਡੀਆਂ ਤੋਂ ਪਾਸੇ ਹੋ ਕੇ, ਗੁਰੂ ਸ਼ਬਦ ਤੇ ਸੰਗਤ ਦੀ ਤਾਕਤ ਸਹਾਰੇ ਪੰਥ ਦੀ ਚੜ੍ਹਦੀ ਕਲਾ ਕਰਨ ਦਾ ਹੋਕਾ ਦਿਤਾ। ਤਕਰੀਬਨ ਸਾਢੇ ਤਿੰਨ ਦਹਾਕਿਆਂ ਤੋਂ ਸਿੱਖ ਮਿਸ਼ਨਰੀ ਕਾਲਜ ਨਾਲ ਜੁੜੇ ਹੋਏ
ਸ. ਐਮ.ਪੀ. ਸਿੰਘ ਨੇ ਖ਼ਬਰਦਾਰ ਕਰਦਿਆਂ ਕਿਹਾ, ਪੰਥਕ ਸਾਂਝ ਹੇਠ ਅਸੀਂ ਤਦ ਹੀ ਕਾਮਯਾਬ ਹੋ ਸਕਾਂਗੇ, ਜੇ ਸਿਆਸੀ ਤੇ ਨਿੱਜੀ ਭੁੱਖ ਨੂੰ ਛੱਡ ਕੇ ਤੁਰਾਂਗੇ, ਕਿਉਂਕਿ ਇਸੇ ਕਰ ਕੇ, ਡੇਢ ਦਹਾਕੇ ਪਹਿਲਾਂ ਅਜਿਹਾ ਤਜ਼ਰਬਾ ਫੇਲ ਹੋ ਗਿਆ ਸੀ। ਪੱਤਰਕਾਰ ਜਰਨੈਲ ਸਿੰਘ ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿਚ ਪਹੁੰਚ ਕੇ, ਅਸੀਂ 'ਸਰਬਤ ਖ਼ਾਲਸਾ' ਦੀ ਰਵਾਇਤ ਨੂੰ ਬੰਦ ਕਰ ਦਿਤਾ ਸੀ, ਜਿਸ ਕਰ ਕੇ, ਅੱਜ ਪੰਥ ਵਿਚ ਨਾਜ਼ੁਕ ਮਸਲਿਆਂ 'ਤੇ ਗੱਲ ਕਰਨੀ ਔਖੀ ਹੋ ਗਈ ਹੈ। ਪ੍ਰਸਿੱਧ ਰਾਗੀ ਭਾਈ ਕੁਲਤਾਰ ਸਿੰਘ ਨੇ ਕਿਹਾ, “ਅੱਜ ਗੁਰਦਵਾਰਿਆਂ 'ਤੇ ਸੋਨੇ ਤੇ ਮਾਰਬਲ ਲਾਉਣ ਦੀ ਲੋੜ ਨਹੀਂ, ਬਲਕਿ ਜੋ ਪੰਥ ਭਲਾਈ ਦੇ ਕਾਰਜ ਕਰ ਰਹੇ ਹਨ, ਉਨਾਂ੍ਹ ਨੂੰ ਮਾਨਤਾ ਦੇਣ ਦੀ ਲੋੜ ਹੈ।'' ਪਾਸ ਕੀਤੇ ਗਏ 7 ਮਤਿਆਂ 'ਚੋਂ ਅਹਿਮ ਮਤੇ ਵਿਚ ਸਪਸ਼ਟ ਕੀਤਾ ਗਿਆ
ਕਿ 'ਪੰਥਕ ਸਾਂਝ' ਗ਼ੈਰ ਸਿਆਸੀ ਜਥੇਬੰਦੀ, ਸਿਰਫ਼ ਗੁਰੂ ਗ੍ਰੰਥ ਸਾਹਿਬ ਤੋਂ ਅਗਵਾਈ ਲਵੇਗੀ ਤੇ ਇਸਦਾ ਕਾਰਜ ਗੁਰੂ ਗ੍ਰੰਥ ਤੇ ਗੁਰੂ ਪੰਥ ਦੀ ਅਗਵਾਈ ਹੇਠ ਹੋਵੇਗਾ। ਬਾਕੀ ਮਤਿਆਂ ਵਿਚ ਨੌਜਵਾਨਾਂ ਨੂੰ ਧਰਮ ਤੇ ਪੰਜਾਬੀ ਬੋਲੀ ਨਾਲ ਜੋੜਨ, ਮੈਡੀਕਲ, ਸਿਖਿਆ, ਕਾਨੂੰਨੀ ਮਾਮਲਿਆ, ਕੈਰੀਅਰ ਅਤੇ ਹੋਰਨਾਂ ਖੇਤਰਾਂ ਵਿਚ ਸੇਵਾ ਕਰਨ ਕਰਨ ਦਾ ਫ਼ੈਸਲਾ ਲਿਆ ਗਿਆ ਅਤੇ ਸਿੱਖ ਪੇਸ਼ੇਵਰਾਂ, ਸੀਏ, ਡਾਕਟਰਾਂ, ਵਕੀਲਾਂ ਰਾਹੀਂ ਕੋਰ ਕਮੇਟੀ ਬਣਾ ਕੇ, ਭਵਿੱਖ ਦੇ ਟੀਚੇ ਸਰ ਕਰਨ ਬਾਰੇ ਕਿਹਾ ਗਿਆ।
ਇਸ ਮੌਕੇ ਨੌਜਵਾਨ ਸੀ.ਏ. ਸ. ਅੰਗਦਪਾਲ ਸਿੰਘ, ਨੌਜਵਾਨ ਪੇਸ਼ੇਵਰ ਸ. ਜਸਪਾਲ ਸਿੰਘ, ਸ. ਹਰਮੀਤ ਸਿੰਘ, ਬੀਬੀ ਪ੍ਰਭਜੋਤ ਕੌਰ, ਬੀਬੀ ਹਰਜੀਤ ਕੌਰ, ਬੀਬੀ ਰਵਿੰਦਰ ਕੌਰ, ਬੀਬੀ ਪਵਨਜੀਤ ਕੌਰ, ਬੀਬਾ ਤਰਨਜੋਤ ਕੌਰ, ਸ. ਬਲਜੀਤ ਸਿੰਘ, ਸ. ਅਰਵਿੰਦਰ ਸਿੰਘ ਮੋਹਾਲੀ ਨੇ ਗੁਰਦਵਾਰਾ ਗੋਲਕ ਨੂੰ ਸਿੱਖ ਪੰਥ ਦੀ ਭਲਾਈ ਲਈ ਲਾਉਣ, ਨੌਜਵਾਨ ਸਿੱਖ ਮੰਡੇ ਕੁੜੀਆਂ ਦੀਆਂ ਮਾਨਸਕ ਔਕੜਾਂ ਹੱਲ ਕਰਨ, ਸਿੱਖ ਅਦਾਰਿਆਂ ਦੇ ਸੁਧਾਰ ਕਰਨ, ਸਿੱਖ ਮਾਂਵਾਂ ਨੂੰ ਸੁਚੱਜੀ ਮਾਂ ਬਣਨ ਬਾਰੇ ਵਿਚਾਰ ਸਾਂਝੇ ਕੀਤੇ।
ਜਦ ਵੀਰ ਭੁਪਿੰਦਰ ਸਿੰਘ ਦਾ ਦਰਦ ਬਾਹਰ ਆਇਆ : ਸਮਾਗਮ ਵਿਚ ਪੁੱਜੇ 'ਲਿਵਿੰਗ ਟਰੀਅਰ' ਜਥੇਬੰਦੀ ਦੇ ਮੁਖੀ ਵੀਰ ਭੁਪਿੰਦਰ ਸਿੰਘ ਯੂ.ਐਸ.ਏ. ਦਾ ਜਥੇਦਾਰਾਂ ਦੇ ਛੇਕੂ ਹੁਕਮਨਾਮਿਆਂ ਬਾਰੇ ਦਰਦ ਛਲਕ ਆਇਆ ਤੇ ਉਨ੍ਹਾਂ ਜਜ਼ਬਾਤੀ ਹੁੰਦਿਆਂ ਕਿਹਾ, “ਗੱਲ ਸਾਂਝ ਦੀ ਹੋ ਰਹੀ ਹੈ, ਪਰ ਇਹ ਕਿਹੜੀ ਸਾਂਝ ਹੈ ਕਿ ਜਿਹੜੇ ਬਾਣੀ ਦੀ ਖ਼ੋਜ ਕਰਦੇ ਹਨ, ਉਨ੍ਹ੍ਹਾਂ ਨੂੰ ਪੰਥ 'ਚੋਂ ਛੇਕ ਦਿਤਾ ਜਾਂਦੈ। ਸਾਡੀਆਂ ਜਥੇਬੰਦੀਆਂ ਵਿਚ ਵੀ ਵਿਤਕਰਿਆਂ ਦੀ ਭਰਮਾਰ ਹੈ। ਉਨ੍ਹਾਂ ਕਿਹਾ ਕਿ ਮੇਰੇ ਕੋਲੋਂ ਤਾਂ ਅੱਜ ਤਕ ਜਥੇਬੰਦੀਆਂ ਬਦਲਾ ਲੈ ਰਹੀਆਂ ਹਨ ਤੇ ਬੰਗਲਾ ਸਾਹਿਬ ਦੀ ਸਟੇਜ 'ਤੇ ਮੇਰੇ ਬੋਲਣ 'ਤੇ ਹੀ ਪਾਬੰਦੀ ਲਾਈ ਗਈ ਹੋਈ ਹੈ
ਅਤੇ ਮੇਰਾ ਨਾਂਅ 'ਪੁੱਠੇ ਫੇਰਿਆਂ ਵਾਲਾ' ਪਾ ਦਿਤਾ ਗਿਆ ਹੈ, ਕਿਉਂਕਿ ਰਕਾਬ ਗੰਜ ਵਿਚ (ਅੱਜ ਤੋਂ 14 ਸਾਲ ਪਹਿਲਾਂ) ਕੁੜੀ ਨੂੰ ਅੱਗੇ ਕਰ ਕੇ, ਲਾਵਾਂ ਫੇਰੇ ਹੋਏ ਸਨ, ਜੋ ਮੈਂ ਨਹੀਂ ਸਨ ਕਰਵਾਏ, ਸਿਰਫ ਸਟੇਜ 'ਤੇ ਪਿਛੇ ਹੋ ਕੇ ਬੈਠਾ ਹੋਇਆ ਸੀ। ਪਰ ਅਕਾਲ ਤਖ਼ਤ 'ਤੇ ਮੇਰੀ ਪੇਸ਼ੀ ਹੋ ਗਈ। ਮੈਂ ਉਥੋਂ ਸੁਰਖ਼ਰੂ ਵੀ ਹੋ ਗਿਆ, ਪਰ ਜਥੇਬੰਦੀਆਂ ਨੇ ਮੈਨੂੰ ਛੇਕ ਦਿਤਾ ਹੋਇਐ ਤੇ ਅੱਜ ਤਕ ਬਦਲਾ ਲਿਆ ਜਾ ਰਿਹੈ। ਕਿਉਂ? ਸਾਡੇ ਏਥੇ ਕਿਸੇ ਦੀ ਘਾਲਣਾ ਦਾ ਮੁੱਲ ਕਿਉਂ ਨਹੀਂ ਪਾਇਆ ਜਾਂਦਾ?”