ਨਿਰਗੁਨ ਸਰਗੁਨ ਨਿਰੰਕਾਰ ਦਾ ਵਿਗਿਆਨਕ ਸੱਚ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਗੁਰਬਾਣੀ ਵਿਚ ਪ੍ਰਮਾਤਮਾ ਦੇ ਤਿੰਨ ਰੂਪਾਂ ਦਾ ਜ਼ਿਕਰ ਮਿਲਦਾ ਹੈ। ਸੱਭ ਤੋਂ ਵੱਧ ਨਿਰੰਕਾਰ ਸ਼ਬਦ 35 ਵਾਰ ਵਰਤਿਆ ਗਿਆ ਹੈ।

Photo

ਗੁਰਬਾਣੀ ਵਿਚ ਪ੍ਰਮਾਤਮਾ ਦੇ ਤਿੰਨ ਰੂਪਾਂ ਦਾ ਜ਼ਿਕਰ ਮਿਲਦਾ ਹੈ। ਸੱਭ ਤੋਂ ਵੱਧ ਨਿਰੰਕਾਰ ਸ਼ਬਦ 35 ਵਾਰ ਵਰਤਿਆ ਗਿਆ ਹੈ। ਜਨਮ ਸਾਖੀਆਂ ਵਿਚ ਬਾਬੇ ਨਾਨਕ ਨੂੰ 'ਨਾਨਕ ਨਿਰੰਕਾਰੀ' ਕਿਹਾ ਗਿਆ ਹੈ। ਧਿਆਨ ਰਖਣਾ ਅਜਕਲ੍ਹ 'ਨਕਲੀ ਨਿਰੰਕਾਰੀ' ਵੀ ਇੱਟ ਪੁੱਟਿਆਂ ਨਿਕਲ ਆਉਂਦੇ ਹਨ, ਜੋ ਅਪਣੇ ਗੁਰੂ ਨੂੰ ਬਾਬੇ ਨਾਨਕ ਤੋਂ ਵੀ ਮਹਾਨ ਦਸਦੇ ਹਨ।

ਖ਼ੈਰ ਨਿਰਗੁਣ ਸ਼ਬਦ, ਗੁਰੂ ਗ੍ਰੰਥ ਸਾਹਿਬ ਵਿਚ 29 ਵਾਰ ਆਇਆ ਹੈ ਅਤੇ ਸਰਗੁਣ ਅਤੇ ਨਿਰਗੁਣ ਇਕੱਠੇ 6 ਵਾਰ ਹੀ ਆਉਂਦੇ ਹਨ। ਨਿਰਗੁਨ ਅਤੇ ਸਰਗੁਨ ਭਾਰਤੀ ਧਾਰਮਕ ਪ੍ਰੰਪਰਾ ਦਾ ਹਿੱਸਾ ਹਨ ਪ੍ਰੰਤੂ 'ਨਿਰੰਕਾਰ' ਸ਼ਬਦ ਦੀ ਵਰਤੋਂ ਬਾਬੇ ਨਾਨਕ ਨੇ ਹੀ ਪਹਿਲੀ ਵਾਰ ਅਪਣੀ ਬਾਣੀ ਵਿਚ ਕੀਤੀ ਹੈ। ਵਿਗਿਆਨ ਦੀ ਰੋਸ਼ਨੀ ਵਿਚ ਇਨ੍ਹਾਂ ਸ਼ਬਦਾਂ ਨੂੰ ਸਮਝਣ ਤੋਂ ਪਹਿਲਾਂ ਅਸੀਂ ਇਨ੍ਹਾਂ ਦੀ ਗੁਰਬਾਣੀ ਵਿਚ ਹੋਈ ਵਰਤੋਂ ਬਾਰੇ ਜਾਣੀਏ।

ਸੁਖਮਨੀ ਸਾਹਿਬ ਦੀ ਬਾਣੀ ਵਿਚ ਤਿੰਨੇ ਸ਼ਬਦ ਇਕੱਠੇ ਹੀ ਆਉਂਦੇ ਹਨ :
ਸਰਗੁਨ ਨਿਰਗੁਨ ਨਿਰੰਕਾਰ ਸੁੰਨ ਸਮਾਧੀ ਆਪਿ
ਆਪਨ ਕੀਆ ਨਾਨਕਾ ਆਪੇ ਹੀ ਫਿਰਿ ਜਾਪਿ
(ਗੁਰੂ ਗ੍ਰੰਥ ਸਾਹਿਬ, ਮ:5, ਪੰਨਾ 290)

ਨਿਰੰਕਾਰ ਪ੍ਰਭੂ ਦੀ ਪ੍ਰੀਭਾਸ਼ਾ ਵੀ ਮਿਲਦੀ ਹੈ। ਨਿਰੰਕਾਰ ਇਕ ਹੈ ਜਿਸ ਨੂੰ ੴ ਕਿਹਾ ਗਿਆ ਹੈ। ਇਕ ਤੋਂ ਅਨੇਕ ਹੋਣ ਲਈ ਨਿਰੰਕਾਰ ਨਿਰਗੁਣ ਰੂਪ ਤੋਂ ਸਰਗੁਣ ਰੂਪ ਧਾਰ ਲੈਂਦਾ ਹੈ। ਬ੍ਰਹਿਮੰਡ ਦੀ ਰਚਨਾ ਦਾ ਮੂਲ ਮਨੋਰਥ ਨਿਰਗੁਣ ਤੋਂ ਸਰਗੁਣ ਹੋਣਾ ਹੈ :
ਨਿਰੰਕਾਰ ਆਕਾਰ ਆਪਿ ਨਿਰਗਨ ਸਰਗੁਨ ਏਕ
ਏਕਹ ਏਕ ਬਖਾਨਨੋ ਨਾਨਕ ਏਕ ਅਨੇਕ
(ਗੁਰੂ ਗ੍ਰੰਥ ਸਾਹਿਬ, ਮ:5, ਪੰਨਾ 250)

ਨਿਰਗੁਣ ਤੋਂ ਸਰਗੁਣ ਹੋਣ ਦੀ ਪ੍ਰਕ੍ਰਿਆ ਹੀ ਰਚਨਾ ਦਾ ਮੂਲ ਕਾਰਣ ਹੈ :
ਨਿਰਗੁਣ ਤੇ ਸਰਗੁਨ ਦ੍ਰਿਸਟਾਰੰ
ਸਗਲ ਭਾਤਿ ਕਰ ਕਰਹਿ ਉਪਾਇਓ
(ਗੁਰੂ ਗ੍ਰੰਥ ਸਾਹਿਬ, ਮ:5, ਪੰਨਾ 250)

ਈਘੈ ਨਿਰਗੁਨ ਊਘੈ ਸਰਗੁਨ
ਕੇਲ ਕਰਤ ਬਿਚਿ ਸੁਆਮੀ ਮੇਰਾ
(ਗੁਰੂ ਗ੍ਰੰਥ ਸਾਹਿਬ, ਮ:5, ਪੰਨਾ 827)
ਨਿਰਗੁਨ ਕਰਤਾ ਸਰਗੁਨ ਕਰਤਾ
ਗੁਰ ਪ੍ਰਸਾਦਿ ਨਾਨਕ ਸਮਦ੍ਰਿਸਟਾ
(ਗੁਰੂ ਗ੍ਰੰਥ ਸਾਹਿਬ, ਮ: 5, ਪੰਨਾ 862)

 

ਵਿਗਿਆਨਕ ਪੱਖ : ਵਿਗਿਆਨੀਆਂ ਨੇ ਬ੍ਰਹਿਮੰਡ ਦੀ ਉਤਪਤੀ ਅਤੇ ਵਿਕਾਸ ਨੂੰ ਸਮਝਣ ਲਈ ਸਿਧਾਂਤਕ ਮਾਡਲ ਘੜੇ ਜੋ ਬਹੁਤ ਗੁੰਝਲਦਾਰ ਹਿਸਾਬੀ ਕਿਤਾਬੀ ਗਿਣਤੀਆਂ ਮਿਣਤੀਆਂ ਉਪਰ ਅਧਾਰਿਤ ਸਨ। ਇਨ੍ਹਾਂ ਮਾਡਲਾਂ ਦੀ ਘੋਖ ਵੀਹਵੀਂ ਸਦੀ ਵਿਚ ਹੋਈ ਅਤੇ ਪਤਾ ਲੱਗਾ ਕਿ ਬ੍ਰਹਿਮੰਡ ਦੀ ਹੋਂਦ ਤੋਂ ਪਹਿਲਾਂ ਦੀ ਅਵੱਸਥਾ ਦਾ ਕਿਆਸ ਕਰਨਾ ਨਾ-ਮੁਮਕਿਨ ਹੈ ਜਿਸ ਨੂੰ ਗੁਰਬਾਣੀ ਵਿਚ 'ਸੁੰਨ' ਅਵਸਥਾ ਕਿਹਾ ਗਿਆ ਹੈ।

ਭੌਤਿਕ ਵਿਗਿਆਨੀ ਇਸ ਨੂੰ ਸਿੰਗੂਲੈਰਿਟੀ ਕਹਿੰਦੇ ਹਨ ਅਤੇ ਇਸ ਨੁਕਤੇ ਤੇ ਉਨ੍ਹਾਂ ਦੇ ਗਿਆਨ ਨੂੰ ਤਾਲਾ ਲੱਗ ਜਾਂਦਾ ਹੈ। ਬਾਬੇ ਨਾਨਕ ਦੀ ਬਾਣੀ ਇਸ 'ਸੁੰਨ' ਅਵੱਸਥਾ ਦੇ ਭੇਦ ਖੋਲ੍ਹਦੀ ਹੈ। ਪਦਾਰਥਕ ਜਗਤ ਦੀ ਖੋਜ ਤੋਂ ਸਿੱਧ ਹੋ ਗਿਆ ਕਿ ਜਦੋਂ ਅਸੀਂ ਮਾਦੇ ਦੇ ਅਸਥੂਲ ਰੂਪ ਤੋਂ ਸੂਖਮ ਰੂਪ ਵਲ ਜਾਂਦੇ ਹਾਂ ਤਾਂ ਇਹ ਸਰਗੁਣ ਅਤੇ ਨਿਰਗੁਣ ਦੇ ਦਵੰਦ ਨੂੰ ਸਮਝਣ ਵਿਚ ਸਹਾਈ ਹੁੰਦਾ ਹੈ।

ਦਿਸਦੇ ਸੰਸਾਰ ਨੂੰ ਸਰਗੁਣ ਸਰੂਪ ਮੰਨਿਆ ਗਿਆ ਹੈ ਅਤੇ ਅਣਦਿਸਦੇ ਸੂਖਮ ਕਣਾਂ ਨੂੰ ਨਿਰਗੁਣ ਨਾਲ ਤੁਲਨਾ ਕਰ ਸਕਦੇ ਹਾਂ। ਗੁਰਬਾਣੀ ਵਿਚ ਨਿਰਗੁਣ ਤੋਂ ਸਰਗੁਣ ਜਾਂ ਸੂਖਮ ਤੋਂ ਅਸਥੂਲ ਹੋਣ ਬਾਰੇ ਜ਼ਿਕਰ ਮਿਲਦਾ ਹੈ ਜਦਕਿ ਵਿਗਿਆਨਕ ਖੋਜ ਅਸਥੂਲ ਤੋਂ ਸੂਖਮ ਵਲ ਜਾ ਰਹੀ ਹੈ :
ਰਵਿ ਰਹਿਆ ਸਰਬਤ ਠਾਈ ਸੂਖਮੋ ਅਸਥੂਲ
(ਗੁਰੂ ਗ੍ਰੰਥ ਸਾਹਿਬ, ਮ: 5, ਪੰਨਾ 987)

ਨਾਨਕ ਸੋ ਸੂਖਮ ਸੋਈ ਅਸਥੂਲੁ
(ਗੁਰੂ ਗ੍ਰੰਥ ਸਾਹਿਬ, ਮ:5, ਪੰਨਾ 281)


ਉਨੀਵੀਂ ਸਦੀ ਦੇ ਅਖ਼ੀਰ ਵਿਚ (1899 ਈਸਵੀ) ਜਰਮਨੀ ਦੇ ਭੌਤਿਕ ਵਿਗਿਆਨੀ ਮੈਕਸ ਪਲਾਂਕ ਨੇ ਇਕ ਇਨਕਲਾਬੀ ਸਿਧਾਂਤ ਪੇਸ਼ ਕੀਤਾ ਜਿਸ ਨੂੰ 'ਕੁਆਂਟਮ ਸਿਧਾਂਤ' ਕਿਹਾ ਜਾਂਦਾ ਹੈ। ਆਈਨਸਟਾਈਨ ਨੇ ਇਸ ਸਿਧਾਂਤ ਦੀ ਪ੍ਰਯੋਗਿਕ ਪੜਚੋਲ ਦਵਾਰਾ ਇਸ ਦੀ ਪ੍ਰੋੜ੍ਹਤਾ ਕਰ ਦਿਤੀ ਅਤੇ ਨੋਬਲ ਪੁਰਸਕਾਰ ਹਾਸਲ ਕੀਤਾ। ਇਸ ਦਾ ਮੁੱਖ ਮੁੱਦਾ ਇਹ ਸੀ ਕਿ ਪਦਾਰਥਕ ਜਗਤ ਦਾ ਜੋ ਪ੍ਰਪੰਚ ਤਰੰਗਾਂ ਰਾਹੀਂ ਸਮਝਿਆ ਜਾਂਦਾ ਸੀ ਉਹ ਅਧੂਰਾ ਸੱਚ ਹੈ ਅਤੇ ਪੂਰਨ ਸੱਚ ਜਾਣਨ ਲਈ ਕੁਆਂਟਮ ਸਿਧਾਂਤ ਦੀ ਵਰਤੋਂ ਲਾਜ਼ਮੀ ਹੈ।

ਉਦਾਹਰਣ ਲਈ ਪ੍ਰਕਾਸ਼  (ਰੇਡੀਏਸ਼ਨ) ਸਦੀਆਂ ਤੋਂ ਤਰੰਗ ਸਿਧਾਂਤ  (ਵੇਵ ਥੀਊਰੀ) ਨਾਲ ਸਮਝਿਆ-ਸਮਝਾਇਆ ਜਾਂਦਾ ਰਿਹਾ ਹੈ ਪਰੰਤੂ ਮੈਕਸ ਪਲਾਂਕ ਨੇ ਸਿੱਧ ਕਰ ਦਿਤਾ ਕਿ ਇਹ ਪੂਰਨ ਸੱਚ ਨਹੀਂ। ਪੂਰਾ ਸੱਚ ਜਾਣਨ ਲਈ ਤਰੰਗ ਅਤੇ ਕੁਆਂਟਮ ਸਿਧਾਂਤ ਦੋਵੇਂ ਹੀ ਜ਼ਰੂਰੀ ਹਨ। ਇਸ ਦੁਬਿਧਾ ਨੇ ਨਵੀਂ ਖੋਜ ਨੂੰ ਹੋਰ ਪ੍ਰਫੁੱਲਤ ਕੀਤਾ।

ਫਰਾਂਸ ਦੇ ਇਕ ਵਿਗਿਆਨੀ (ਲੂਈ ਡੀ ਬਰਾਏ) ਨੇ ਇਸ ਤੋਂ ਅੱਗੇ ਹੋਰ ਕਦਮ ਪੁਟਿਆ ਅਤੇ ਪੇਸ਼ੀਨਗੋਈ ਕੀਤੀ ਕਿ ਮਾਦੇ ਦੇ ਸੂਖਮ ਕਣ ਵੀ ਤਰੰਗ ਰੂਪ ਵਿਚ ਵਿਚਰਦੇ ਹਨ। ਸੋ ਇਹ ਮਨੌਤ ਮੈਕਸ ਪਲਾਂਕ ਦੇ ਸਿਧਾਂਤ ਨੂੰ ਪੁੱਠਾ ਗੇੜਾ ਦੇਣ ਬਰਾਬਰ ਸੀ। ਮੈਕਸ ਪਲਾਂਕ ਨੇ ਤਰੰਗ ਦੀ ਬਜਾਏ ਕੁਆਂਟਮ ਸਿਧਾਂਤ ਦੀ ਪੇਸ਼ਕਸ਼ ਕੀਤੀ ਜਦਕਿ ਲੂਈ ਡੀ ਬਰਾਏ ਨੇ ਕਣਾਂ  (ਕੁਆਂਟਾ) ਨੂੰ ਤਰੰਗ ਰੂਪ ਵਿਚ ਪੇਸ਼ ਕੀਤਾ।

ਪ੍ਰਯੋਗਾਂ ਦਵਾਰਾ ਦੋਵੇਂ ਸਿਧਾਂਤ ਸਥਾਪਤ ਹੋ ਚੁੱਕੇ ਹਨ ਅਤੇ ਇਹ ਮੰਨਿਆ ਜਾ ਰਿਹਾ ਹੈ ਕਿ ਸਥੂਲ ਅਤੇ ਸੂਖਮ ਜਗਤ ਦੇ ਭੇਦ (ਰਹੱਸ) ਜਾਣਨ ਲਈ ਤਰੰਗ ਅਤੇ ਕੁਆਂਟਮ ਸਿਧਾਂਤ ਦੋਵੇਂ ਹੀ ਜ਼ਰੂਰੀ ਹਨ। ਜੇਕਰ ਪਦਾਰਥਕ ਜਗਤ ਵਿਚ 'ਦਵੰਦ' ਪੈਦਾ ਹੋ ਚੁਕਾ ਹੈ ਅਤੇ ਪੂਰਨ ਸੱਚ ਜਾਣਨਾ ਇਕ ਸਮੱਸਿਆ ਬਣ ਗਈ ਹੈ ਤਾਂ ਇਸ ਦਾ ਹੱਲ ਕਿਥੋਂ ਲੱਭੀਏ?

ਮੇਰੀ ਨਿੱਜੀ ਰਾਏ ਹੈ ਕਿ ਇਹ ਦਵੰਦ ਨਿਰੰਕਾਰ ਦਾ ਪੈਦਾ ਕੀਤਾ ਹੋਇਆ ਹੈ ਅਤੇ ਇਸ ਦੀ ਸਮਝ ਬ੍ਰਹਮ ਗਿਆਨ ਦਵਾਰਾ ਮਿਲ ਜਾਂਦੀ ਹੈ। ਨਿਰੰਕਾਰ ਦੇ ਨਿਰਗੁਣ ਅਤੇ ਸਰਗੁਣ ਸਰੂਪ, ਤਰੰਗ ਅਤੇ ਕੁਆਂਟਮ ਸਿਧਾਂਤ ਨੂੰ ਸਮਝਣ ਵਿਚ ਸਹਾਈ ਹੁੰਦੇ ਹਨ। ਨਿਰਗੁਣ ਸਰੂਪ ਸ਼ਕਤੀ ਦਾ ਸੋਮਾਂ ਤਰੰਗ ਰੂਪ ਮੰਨਿਆ ਜਾ ਸਕਦਾ ਹੈ ਅਤੇ ਪਦਾਰਥਕ ਜਗਤ ਉਸ ਦਾ ਸਰਗੁਣ ਸਰੂਪ, ਜਿਸ ਵਿਚ ਮਨੁੱਖ ਅਤੇ ਬ੍ਰਹਿਮੰਡ ਦੇ ਸਾਰੇ ਅਕਾਰ ਸ਼ਾਮਲ ਹਨ।

ਬਾਣੀ ਦਾ ਗਿਆਨ ਪਦਾਰਥਕ ਜਗਤ ਤੋਂ ਸੂਖਮ ਜਗਤ ਵਲ ਲੈ ਜਾਂਦਾ ਹੈ ਅਤੇ ਇਸ ਪ੍ਰਕ੍ਰਿਆ ਨੂੰ ਸਮਝਣ ਵਿਚ ਵਿਗਿਆਨ ਦੀ ਸੇਧ ਸਹਾਈ ਹੋਵੇਗੀ। ਨਿਰੰਕਾਰ ਦੇ ਤਰੰਗ ਰੂਪ ਬਾਰੇ ਗੁਰਬਾਣੀ ਵਿਚੋਂ ਸ਼ਪੱਸ਼ਟ ਗਵਾਹੀ ਮਿਲ ਜਾਂਦੀ ਹੈ :
ਪਸਰਿਉ ਆਪਿ ਹੋਇ ਅਨਤ ਤਰੰਗ
ਲਖੇ ਨ ਜਾਹਿ ਪਾਰਪ੍ਰਬਹਮ ਕੇ ਰੰਗ
(ਗੁਰੂ ਗ੍ਰੰਥ ਸਾਹਿਬ, ਮ. 5, ਪੰਨਾ 275)

ਮੋਬਾਈਲ : 94175-53347
ਪ੍ਰੋ. ਹਰਦੇਵ ਸਿੰਘ ਵਿਰਕ