ਅੰਮ੍ਰਿਤਧਾਰੀ ਸਿੱਖ ਬੱਚੇ ਦੀ ਕਿਰਪਾਨ ਉਤਰਵਾਉਣ ਵਾਲੇ ਸਕੂਲ ਦੇ ਪ੍ਰਿੰਸੀਪਲ ਨੇ ਮੰਗੀ ਮੁਆਫ਼ੀ

ਏਜੰਸੀ

ਪੰਥਕ, ਪੰਥਕ/ਗੁਰਬਾਣੀ

ਉੱਤਰ ਪ੍ਰਦੇਸ਼ ਬੋਰਡ ਦੀ ਦਸਵੀਂ ਜਮਾਤ ਦੇ ਇਮਤਿਹਾਨ ਦੌਰਾਨ ਵਾਪਰੀ ਘਟਨਾ

Sarbjit Singh (In Center)
  • ਸਕੂਲ ਪ੍ਰਿੰਸੀਪਲ ਪ੍ਰੇਮ ਚੰਦ ਨੇ ਇਸ ਬਾਰੇ ਸਟਾਫ਼ ਨੂੰ ਜਾਣਕਾਰੀ ਨਾ ਹੋਣ ਦਾ ਜ਼ਿਕਰ ਕਰਦਿਆਂ ਦੁੱਖ ਪ੍ਰਗਟ ਕੀਤਾ

ਗੌਤਮਬੁੱਧ ਨਗਰ (ਉੱਤਰ ਪ੍ਰਦੇਸ਼): ਬੀਤੇ ਦਿਨੀਂ ਉੱਤਰ ਪ੍ਰਦੇਸ਼ (ਯੂ.ਪੀ.) ਬੋਰਡ ਦੀ ਦਸਵੀਂ ਜਮਾਤ ਦੇ ਇਮਤਿਹਾਨ ’ਚ ਇਕ ਵਿਦਿਆਰਥੀ ਸਰਬਜੀਤ ਸਿੰਘ ਨੂੰ ਇਮਤਿਹਾਨ ’ਚ ਬੈਠਕ ਲਈ ਕਿਰਪਾਨ ਉਤਾਰਨ ਲਈ ਕਹਿਣ ਦਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਪਚੋਕਰਾ ਵਾਸੀ ਸਰਬਜੀਤ ਸਿੰਘ ਯੂ.ਪੀ. ਬੋਰਡ ਇਮਿਤਹਾਨ ਦੇਣ ਲਈ ਜ਼ਿਲ੍ਹੇ ਦੇ ਆਦਰਸ਼ ਇੰਟਰ ਕਾਲਜ ਰੋਨੀਜਾ ’ਚ ਗਿਆ ਸੀ। ਸਕੂਲ ਪ੍ਰਬੰਧਕਾਂ ਵਲੋਂ ਅੰਮ੍ਰਿਤਧਾਰੀ ਸਿੱਖ ਬੱਚੇ ਸਰਬਜੀਤ ਸਿੰਘ ਨੂੰ ਅਪਣਾ ਕਕਾਰ ਕਿਰਪਾਨ ਉਤਾਰਨ ਲਈ ਕਿਹਾ ਗਿਆ ਜਿਸ ਦੀ ਸੂਚਨਾ ਬੱਚੇ ਨੇ ਅਪਣੇ ਪਰਿਵਾਰ ਨੂੰ ਦਿਤੀ।

ਉਸ ਦੇ ਪਿਤਾ ਗੁਰਬਚਨ ਸਿੰਘ ਨੇ ਤੁਰਤ ਇਹ ਮਾਮਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਪ੍ਰਬੰਧ ਅਧੀਨ ਕਾਰਜਸ਼ੀਲ ਉੱਤਰ ਪ੍ਰਦੇਸ਼ ਸਿੱਖ ਮਿਸ਼ਨ ਹਾਪੁੜ ਦੇ ਇੰਚਾਰਜ ਬ੍ਰਿਜਪਾਲ ਸਿੰਘ ਦੇ ਧਿਆਨ ’ਚ ਲਿਆਂਦਾ, ਜਿਸ ਉਪਰੰਤ ਯੂ.ਪੀ. ਸਿੱਖ ਮਿਸ਼ਨ ਵਲੋਂ ਸਖ਼ਤੀ ਨਾਲ ਕਾਰਵਾਈ ਕਰਦੇ ਹੋਏ ਇਸ ਦੀ ਸ਼ਿਕਾਇਤ ਉੱਤਰ ਪ੍ਰਦੇਸ਼ ਮਾਧਮਿਕ ਸਿੱਖਿਆ ਨਿਦੇਸ਼ਕ ਡਾ. ਮਹਿੰਦਰ ਸਿੰਘ ਅਤੇ ਯੂ.ਪੀ. ਸਰਕਾਰ ਦੇ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਸ. ਪਰਵਿੰਦਰ ਸਿੰਘ ਜੀ ਪਾਸ ਕੀਤੀ ਗਈ। ਸ. ਪਰਵਿੰਦਰ ਸਿੰਘ ਵਲੋਂ ਤੁਰਤ ਕਾਰਵਾਈ ਕਰਦਿਆਂ ਸਬੰਧਤ ਉੱਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ। ਭਵਿੱਖ ’ਚ ਅਜਿਹੀ ਘਟਨਾ ਨਾ ਵਾਪਰੇ ਨੂੰ ਮੁੱਖ ਰੱਖਦਿਆਂ ਕਾਰਵਾਈ ਕਰਦੇ ਹੋਏ ਸਿੱਖ ਬੱਚੇ ਸਰਬਜੀਤ ਸਿੰਘ ਨੂੰ ਸਨਮਾਨ ਸਹਿਤ ਸਮੇਤ ਕਿਰਪਾਨ ਇਮਤਿਹਾਨ ’ਚ ਬਿਠਾਇਆ ਗਿਆ। 

ਸਬੰਧਤ ਸਕੂਲ ਪ੍ਰਿੰਸੀਪਲ ਪ੍ਰੇਮ ਚੰਦ ਨੇ ਇਸ ਘਟਨਾ ’ਤੇ ਸਟਾਫ਼ ਨੂੰ ਇਸ ਸਬੰਧੀ ਜਾਣਕਾਰੀ ਨਾ ਹੋਣ ਦਾ ਜ਼ਿਕਰ ਕਰਦਿਆਂ ਦੁੱਖ ਪ੍ਰਗਟ ਕੀਤਾ ਅਤੇ ਮੁਆਫ਼ੀ ਮੰਗੀ। ਉਨ੍ਹਾਂ ਭਵਿੱਖ ਵਿਚ ਕਦੇ ਵੀ ਅਜਿਹੀ ਘਟਨਾ ਨਾ ਹੋਣ ਦੇਣ ਦਾ ਵਿਸ਼ਵਾਸ ਵੀ ਦਿਵਾਇਆ। ਸਬੰਧਤ ਪਰਿਵਾਰ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਉੱਤਰ ਪ੍ਰਦੇਸ਼ ਸਿੱਖ ਮਿਸ਼ਨ ਹਾਪੁੜ ਵਲੋਂ ਤੁਰਤ ਕਾਰਵਾਈ ਕਰਨ ਲਈ ਧੰਨਵਾਦ ਕੀਤਾ ਗਿਆ।