ਪੀਲੀਭੀਤ ਜੇਲ ਕਾਂਡ ਦੇ ਪੀੜਤ ਸਿੱਖਾਂ ਨੂੰ ਸ਼੍ਰੋਮਣੀ ਕਮੇਟੀ ਵਲੋਂ ਸਹਾਇਤਾ
1994 ਵਿਚ ਪੀਲੀਭੀਤ ਜੇਲ ਅੰਦਰ ਅਣਮਨੁੱਖੀ ਤਸ਼ੱਦਦ ਨਾਲ ਮਾਰੇ ਗਏ ਅਤੇ ਜ਼ਖ਼ਮੀ ਹੋਏ ਸਿੱਖਾਂ ਦੇ ਪਰਵਾਰਾਂ ਨੂੰ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਵਲੋਂ....
ਅੰਮ੍ਰਿਤਸਰ, 10 ਅਗੱਸਤ (ਸੁਖਵਿੰਦਰਜੀਤ ਸਿੰਘ ਬਹੋੜੂ) : 1994 ਵਿਚ ਪੀਲੀਭੀਤ ਜੇਲ ਅੰਦਰ ਅਣਮਨੁੱਖੀ ਤਸ਼ੱਦਦ ਨਾਲ ਮਾਰੇ ਗਏ ਅਤੇ ਜ਼ਖ਼ਮੀ ਹੋਏ ਸਿੱਖਾਂ ਦੇ ਪਰਵਾਰਾਂ ਨੂੰ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਵਲੋਂ ਆਰਥਕ ਸਹਾਇਤਾ ਦੇਣ ਦੇ ਫ਼ੈਸਲੇ ਅਨੁਸਾਰ 6 ਪੀੜਤ ਪਰਵਾਰਾਂ ਨੂੰ ਸਹਾਇਤਾ ਰਾਸ਼ੀ ਦੇ ਚੈੱਕ ਤਕਸੀਮ ਕੀਤੇ ਗਏ।
ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਪੰਜ ਮ੍ਰਿਤਕਾਂ ਦੇ ਪਰਵਾਰਾਂ ਨੂੰ ਇਕ-ਇਕ ਲੱਖ ਰੁਪਏ ਅਤੇ ਇਕ ਜ਼ਖ਼ਮੀ ਪੀੜਤ ਨੂੰ 50 ਹਜ਼ਾਰ ਰੁਪਏ ਦੀ ਰਕਮ ਦੇ ਚੈੱਕ ਦਿਤੇ ਗਏ। ਸ਼੍ਰੋਮਣੀ ਕਮੇਟੀ ਦੀ 15 ਜੂਨ ਨੂੰ ਹੋਈ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਵਿਚ ਜੇਲ ਕਾਂਡ ਦੇ ਪੀੜਤਾਂ ਨੂੰ ਸਹਾਇਤਾ ਦੇਣ ਦਾ ਫ਼ੈਸਲਾ ਕੀਤਾ ਸੀ। ਸਹਾਇਤਾ ਪ੍ਰਾਪਤ ਕਰਨ ਵਾਲੇ ਪਰਵਾਰਾਂ ਵਿਚ ਮ੍ਰਿਤਕ ਕਾਰਜ ਸਿੰਘ ਪਿੰਡ ਕੁੱਕੜਕਲਾਂ, ਸਰਬਜੀਤ ਸਿੰਘ ਪਿੰਡ ਰਸੂਲਪੁਰ ਕਲਾਂ, ਤਰਸੇਮ ਸਿੰਘ ਪਿੰਡ ਸਬਾਜਪੁਰਾ, ਸੁਖਦੇਵ ਸਿੰਘ ਪਿੰਡ ਪੰਡੋਰੀ ਤਖਤਮੱਲ ਤਰਨ ਤਾਰਨ, ਦਰਸ਼ਨ ਸਿੰਘ ਭਗਵਾਨਪ੍ਰੀਤ ਨਗਰ ਦੇ ਪਰਵਾਰ ਅਤੇ ਇਕ ਜ਼ਖ਼ਮੀ ਪ੍ਰਗਟ ਸਿੰਘ ਪਿੰਡ ਚਾਹੜਪੁਰ ਗੱਗੋਮਾਹਲ ਜ਼ਿਲ੍ਹਾ ਅੰਮ੍ਰਿਤਸਰ ਸ਼ਾਮਲ ਹਨ।