Giani Harpreet Singh: ਗਿਆਨੀ ਹਰਪ੍ਰੀਤ ਸਿੰਘ ਨੂੰ ਸਾਜ਼ਿਸ਼ ਤਹਿਤ ਦੋਸ਼ੀ ਕਰਾਰ ਦਿੱਤਾ-ਮਨੁੱਖੀ ਅਧਿਕਾਰ ਸੰਗਠਨ
Giani Harpreet Singh: 'ਗਿ. ਹਰਪ੍ਰੀਤ ਸਿੰਘ ਨੂੰ ਦੋਸ਼ੀ ਸਾਬਿਤ ਕਰਨ ਲਈ ਅਦਾਲਤ ਦੇ ਰਿਕਾਰਡ ਨਜ਼ਰਅੰਦਾਜ ਕੀਤੇ'
ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਖ਼ਿਲਾਫ਼ ਲੱਗੇ ਦੋਸ਼ਾਂ ਦੇ ਮਾਮਲੇ ਦੀ ਜਾਂਚ ਕਰ ਰਹੇ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਨੇ ਆਪਣੀ ਰਿਪੋਰਟ ਪੇਸ਼ ਕੀਤੀ ਹੈ ਅਤੇ ਇਸ ਸਬੰਧੀ ਰਿਪੋਰਟ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਭੇਜੀ ਹੈ। ਜਾਂਚ ਰਿਪੋਰਟ ਵਿੱਚ ਦੋਸ਼ ਲਾਇਆ ਗਿਆ ਕਿ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸਾਜ਼ਿਸ਼ ਤਹਿਤ ਦੋਸ਼ੀ ਕਰਾਰ ਦਿੱਤਾ ਗਿਆ ਹੈ। ਸੰਗਠਨ ਨੇ ਸ਼੍ਰੋਮਣੀ ਕਮੇਟੀ ਨੂੰ ਅਪੀਲ ਕੀਤੀ ਹੈ ਕਿ ਇਸ ਕੇਸ ਦੀ ਡੂੰਘਾਈ ਨਾਲ ਜਾਂਚ ਦੀ ਲੋੜ ਹੈ ਅਤੇ ਇਸ ਦੀ ਜਾਂਚ ਕਿਸੇ ਜੱਜ ਤੋਂ ਕਰਵਾਈ ਜਾਣੀ ਚਾਹੀਦੀ ਹੈ।
ਇਹ ਜਾਂਚ ਰਿਪੋਰਟ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਮੁੱਖ ਜਾਂਚਕਰਤਾ ਸਰਬਜੀਤ ਸਿੰਘ ਵੇਰਕਾ, ਚੰਨਣ ਸਿੰਘ ਅਤੇ ਤਜਿੰਦਰ ਸਿੰਘ ਦੇ ਨਾਂ ਹੇਠ ਤਿਆਰ ਕੀਤੀ ਗਈ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਇਹ ਜਾਂਚ ਰਿਪੋਰਟ ਰਾਜਵਿੰਦਰ ਸਿੰਘ ਬੈਂਸ ਵੱਲੋਂ ਭੇਜੀ ਗਈ ਹੈ। ਛੇ ਪੰਨਿਆਂ ਦੀ ਜਾਂਚ ਰਿਪੋਰਟ ਵਿੱਚ ਦੱਸਿਆ ਗਿਆ ਕਿ ਸ਼੍ਰੋਮਣੀ ਕਮੇਟੀ ਦੇ ਅੰਤਰਿੰਗ ਕਮੇਟੀ ਮੈਂਬਰ ਅਤੇ ਚਾਰ ਹੋਰ ਮੈਂਬਰਾਂ ਵੱਲੋਂ ਸੰਗਠਨ ਕੋਲ ਇਸ ਮਾਮਲੇ ਦੀ ਜਾਂਚ ਵਾਸਤੇ ਅਪੀਲ ਕੀਤੀ ਗਈ ਸੀ। ਸੰਗਠਨ ਵੱਲੋਂ ਕੀਤੀ ਗਈ ਜਾਂਚ ਦੌਰਾਨ ਇਹ ਤੱਥ ਸਾਹਮਣੇ ਆਏ ਹਨ ਕਿ ਸਾਬਕਾ ਜਥੇਦਾਰ ਖ਼ਿਲਾਫ਼ ਲੱਗੇ ਦੋਸ਼ਾਂ ਸਬੰਧੀ ਜਾਂਚ ਦੇ ਮਾਮਲੇ ਵਿੱਚ ਪੁਲਿਸ, ਅਦਾਲਤ ਅਤੇ ਸ਼੍ਰੋਮਣੀ ਕਮੇਟੀ ਦੇ ਰਿਕਾਰਡ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ। ਸਾਬਕਾ ਜਥੇਦਾਰ ਦੀ ਸੋਸ਼ਲ ਮੀਡੀਆ ’ਤੇ ਕਿਰਦਾਰਕੁਸ਼ੀ ਕਰਨਾ ਗੰਭੀਰ ਵਿਸ਼ਾ ਹੈ ਅਤੇ ਇਸ ਦੀ ਡੂੰਘਾਈ ਨਾਲ ਜਾਂਚ ਦੀ ਲੋੜ ਹੈ।
ਮੁੱਖ ਜਾਂਚਕਰਤਾ ਨੇ ਦੱਸਿਆ ਕਿ ਸਾਬਕਾ ਜਥੇਦਾਰ ਖ਼ਿਲਾਫ਼ ਉਸ ਦੇ ਇੱਕ ਰਿਸ਼ਤੇਦਾਰ ਗੁਰਪ੍ਰੀਤ ਸਿੰਘ ਵੱਲੋਂ ਦੋਸ਼ ਲਾਏ ਗਏ ਸਨ। ਇਸ ਸਬੰਧੀ ਲੱਗੇ ਦੋਸ਼ਾਂ ਦੀ ਕਾਪੀ ਸ਼੍ਰੋਮਣੀ ਕਮੇਟੀ ਕੋਲੋਂ ਪ੍ਰਾਪਤ ਕੀਤੀ ਗਈ ਹੈ ਅਤੇ ਇਸ ਮਾਮਲੇ ਵਿੱਚ ਪੁਲਿਸ, ਅਦਾਲਤ ਅਤੇ ਸ਼੍ਰੋਮਣੀ ਕਮੇਟੀ ਦਾ ਰਿਕਾਰਡ ਵੀ ਹਾਸਲ ਕੀਤਾ ਗਿਆ। ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਵੱਲੋਂ ਬਣਾਈ ਗਈ ਜਾਂਚ ਕਮੇਟੀ ਦੀ ਰਿਪੋਰਟ ਦੇ ਨਿਚੋੜ ਦੀ ਕਾਪੀ ਵੀ ਹਾਸਲ ਕੀਤੀ ਗਈ।
ਉਨ੍ਹਾਂ ਦਾਅਵਾ ਕੀਤਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਬਣਾਈ ਗਈ ਜਾਂਚ ਕਮੇਟੀ ਦੀ ਜਾਂਚ ਇੱਕਪਾਸੜ ਹੈ ਅਤੇ ਸਾਬਕਾ ਜਥੇਦਾਰ ਨੂੰ ਦੋਸ਼ੀ ਸਾਬਤ ਕਰਨ ਲਈ ਅਦਾਲਤ ਦੇ ਰਿਕਾਰਡ ਨੂੰ ਵੀ ਅੱਖੋਂ ਪਰੋਖੇ ਕਰ ਦਿੱਤਾ ਗਿਆ। ਉਨ੍ਹਾਂ ਦਾਅਵਾ ਕੀਤਾ ਕਿ 2007 ਵਿੱਚ ਇਸ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਸ਼ਿਕਾਇਤ ਦੇ ਆਧਾਰ ’ਤੇ ਕੀਤੀ ਪੜਤਾਲ ਅਤੇ ਉਸ ਦੀ ਰਿਪੋਰਟ ਸਬੰਧੀ ਫ਼ਾਈਲ ਵੀ ਲਾਪਤਾ ਹੈ। ਇਸ ਵਿੱਚ ਦੋਸ਼ ਲਾਉਣ ਵਾਲੇ ਦੀਆਂ ਸ਼ਿਕਾਇਤਾਂ ਨੂੰ ਝੂਠਾ ਪਾਇਆ ਗਿਆ ਸੀ।
ਜਾਂਚ ਰਿਪੋਰਟ ਵਿੱਚ ਦਾਅਵਾ ਕੀਤਾ ਕਿ ਦੋਸ਼ ਲਾਉਣ ਵਾਲੇ ਗੁਰਪ੍ਰੀਤ ਸਿੰਘ ਅਤੇ ਉਸ ਦੀ ਪਤਨੀ ਦਾ ਆਪਸ ਵਿੱਚ ਪਰਿਵਾਰਕ ਝਗੜਾ ਸੀ। ਇਸ ਸਬੰਧੀ ਅਦਾਲਤ ਵਿੱਚ ਵੀ ਕੇਸ ਚੱਲਿਆ ਅਤੇ ਪੁਲਿਸ ਕੇਸ ਵੀ ਦਰਜ ਹੋਇਆ ਸੀ। ਉਨ੍ਹਾਂ ਕਿਹਾ ਕਿ 2016 ਵਿੱਚ ਦੋਵਾਂ ਦਾ ਤਲਾਕ ਹੋਇਆ ਸੀ ਅਤੇ ਉਸ ਵੇਲੇ ਤੱਕ ਸਾਬਕਾ ਜਥੇਦਾਰ ਖ਼ਿਲਾਫ਼ ਨਾਜਾਇਜ਼ ਸਬੰਧਾਂ ਬਾਰੇ ਕਦੇ ਵੀ ਉਂਗਲ ਨਹੀਂ ਉੱਠੀ। ਉਨ੍ਹਾਂ ਕਿਹਾ ਕਿ ਜੇਕਰ 2007 ਵਿੱਚ ਗਿਆਨੀ ਹਰਪ੍ਰੀਤ ਸਿੰਘ ਖ਼ਿਲਾਫ਼ ਲੱਗੇ ਦੋਸ਼ ਸਾਬਤ ਹੁੰਦੇ ਤਾਂ ਉਸ ਤੋਂ ਬਾਅਦ ਉਨ੍ਹਾਂ ਦੀ ਹੈਡ ਗ੍ਰੰਥੀ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਅਤੇ ਸ੍ਰੀ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਵਜੋਂ ਨਿਯੁਕਤੀ ਸੰਭਵ ਨਹੀਂ ਸੀ।
ਦੱਸਣਯੋਗ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਬਣਾਈ ਗਈ ਜਾਂਚ ਕਮੇਟੀ ਨੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਸੀ ਅਤੇ ਅੰਤਰਿੰਗ ਕਮੇਟੀ ਵੱਲੋਂ ਉਨ੍ਹਾਂ ਨੂੰ ਜਥੇਦਾਰ ਦੇ ਅਹੁਦੇ ਤੋਂ ਫਾਰਗ ਕਰ ਦਿੱਤਾ ਗਿਆ ਸੀ।
ਮਨੁੱਖੀ ਅਧਿਕਾਰ ਸੰਗਠਨ ਦੇ ਮੁੱਖ ਜਾਂਚਕਰਤਾ ਸਰਬਜੀਤ ਸਿੰਘ ਵਿਰਕ ਨੇ ਬੋਲਦਿਆਂ ਕਿਹਾ ਕਿ ਅਸੀਂ ਜਦੋਂ ਮਾਮਲੇ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਸ੍ਰੋਮਣੀ ਕਮੇਟੀ ਦੀ ਸਰਬ ਕਮੇਟੀ ਨੇ ਜਾਣ ਬੁੱਝ ਕੇ ਸਾਰਾ ਰਿਕਾਰਡ ਖੁਰਦ ਬੁਰਦ ਕੀਤਾ। ਸਾਜ਼ਿਸ਼ ਤਹਿਤ ਇਕ ਪਾਸੜ ਜਾਂਚ ਕਰਵਾਈ ਗਈ।
ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੀ ਰਿਪੋਰਟ 'ਤੇ ਬਲਜੀਤ ਸਿੰਘ ਦਾਦੂਵਾਲ ਦਾ ਬਿਆਨ ਸਾਹਮਣੇ ਆਇਆ ਹੈ।ਉਨ੍ਹਾਂ ਕਿਹਾ ਕਿ ਸਾਰੇ ਪੰਥ ਤੇ ਕੌਮ ਨੂੰ ਪਤਾ ਹੈ ਕਿ ਜੋ ਵੀ ਘਟਨਾਕ੍ਰਮ ਪਿਛਲੇ ਸਮੇਂ ਵਾਪਰਿਆ ਉਹ ਸ਼੍ਰੋਮਣੀ ਕਮੇਟੀ ਨੇ ਬਾਦਲ ਪ੍ਰਵਾਰ ਦੇ ਇਸ਼ਾਰੇ 'ਤੇ ਕੀਤਾ ਸੀ। ਜਿਹੜੀ ਤਿੰਨ ਕਮੇਟੀ ਨੇ ਆਪਣੀ ਰਿਪੋਰਟ ਦਿੱਤੀ, ਉਸ ਦਾ ਕੋਈ ਆਧਾਰ ਨਹੀਂ। ਰਿਪੋਰਟ ਵੀ ਉਨ੍ਹਾਂ ਨੇ ਦਿੱਤੀ ਜੋ ਖ਼ੁਦ ਗੁਨਾਹਕਾਰ ਹਨ। ਜਿਹੜੇ ਬੰਦੇ ਖ਼ੁਦ ਦਾਗ਼ੀ ਹੋਣ ਉਹ ਇਕ ਜਥੇਦਾਰ ਦੀ ਜਾਂਚ ਕਰਨ. ਇਹ ਬਹੁਤ ਹੀ ਬਦਕਿਸਮਤੀ ਦੀ ਗੱਲ ਹੈ।
ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੀ ਰਿਪੋਰਟ 'ਤੇ SGPC ਮੈਂਬਰ ਮਿੱਠੂ ਸਿੰਘ ਕਾਹਨੇਕੇ ਨੇ ਬੋਲਦਿਆਂ ਕਿਹਾ ਕਿ 2 ਦਸੰਬਰ ਵਾਲੇ ਫ਼ੈਸਲੇ ਤੋਂ ਬਾਅਦ ਹੀ ਗਿਆਨੀ ਹਰਪ੍ਰੀਤ ਸਿੰਘ ਦੀ ਕਿਰਦਾਰਕੁਸ਼ੀ ਹੋਣ ਲੱਗ ਪਈ ਸੀ। ਉਨ੍ਹਾਂ ਵਿਰੁਧ ਬਦਲਾਖੋਰੀ ਨੀਤੀ ਅਪਣਾਈ ਗਈ। ਮਿੱਠੂ ਸਿੰਘ ਕਾਹਨੇਕੇ ਨੇ ਕਿਹਾ ਕਿ ਮਨੁੱਖੀ ਅਧਿਕਾਰ ਸੰਗਠਨ ਨੇ ਬਿਲਕੁਲ ਸਹੀ ਰਿਪੋਰਟ ਦਿੱਤੀ ਹੈ। ਅਸੀਂ ਭਲਕੇ ਸ਼੍ਰੋਮਣੀ ਕਮੇਟੀ ਦੇ ਬਜਟ ਇਜਲਾਸ ਵਿਚ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ ਵਿਚ ਆਵਾਜ਼ ਬੁਲੰਦ ਕਰਾਂਗੇ।