ਗੁਰੂ ਗੋਬਿੰਦ ਸਿੰਘ ਮਾਰਗ 'ਤੇ ਖੁਲ੍ਹੇ ਠੇਕੇ ਤੋਂ ਬੇਖ਼ਬਰ ਜਥੇਬੰਦੀਆਂ 

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਗੁਰੂ ਗੋਬਿੰਦ ਸਿੰਘ ਮਾਰਗ ਨੇੜੇ ਰਾਮਪੁਰ ਪੁਲ (ਰੋਪੜ-ਦੋਰਾਹਾ) ਮਾਰਗ 'ਤੇ ਬਣਿਆ ਸ਼ਰਾਬ ਦਾ ਠੇਕਾ ਜਥੇਬੰਦੀਆਂ ਦੀ ਨਜ਼ਰ ਤੋਂ ਬਚਿਆ ਹੋਇਆ ਹੈ।

Liquor Shop at Guru Gobind Singh Marg

ਦੋਰਾਹਾ, 26 ਅਪ੍ਰੈਲ (ਲਾਲ ਸਿੰਘ ਮਾਂਗਟ): ਸਿੱਖ ਜਥੇਬੰਦੀਆਂ ਹਮੇਸ਼ਾਂ ਗੁਰੂ ਘਰਾਂ ਦੇ ਨੇੜੇ ਤੋਂ ਸ਼ਰਾਬ ਦੇ ਠੇਕੇ ਬੰਦ ਕਰਵਾਉਣ ਲਈ ਸੰਘਰਸ਼ ਕਰਦੀਆਂ ਰਹਿੰਦੀਆਂ ਹਨ ਪਰ ਗੁਰੂ ਗੋਬਿੰਦ ਸਿੰਘ ਮਾਰਗ ਨੇੜੇ ਰਾਮਪੁਰ ਪੁਲ (ਰੋਪੜ-ਦੋਰਾਹਾ) ਮਾਰਗ 'ਤੇ ਬਣਿਆ ਸ਼ਰਾਬ ਦਾ ਠੇਕਾ ਜਥੇਬੰਦੀਆਂ ਦੀ ਨਜ਼ਰ ਤੋਂ ਬਚਿਆ ਹੋਇਆ ਹੈ। ਇਸ ਠੇਕੇ ਨੇੜੇ ਸ੍ਰੀ ਕੇਸਗੜ੍ਹ ਸਾਹਿਬ ਆਨੰਦਪੁਰ ਦੇ ਸਾਬਕਾ ਮਰਹੂਮ ਜਥੇਦਾਰ ਬਚਿੱਤਰ ਸਿੰਘ ਦੀ ਯਾਦ ਵਿਚ ਗੁਰਦੁਆਰਾ ਉਸਰਿਆ ਹੋਇਆ ਹੈ। ਇਥੋਂ ਗੁਰਦੁਆਰਾ ਦੇਗਸਰ ਕਟਾਣਾ ਸਾਹਿਬ ਨੂੰ ਜਾਣ ਲਈ ਸੰਗਤ ਦਾ ਆਉਣਾ ਜਾਣਾ ਬਣਿਆ ਰਹਿੰਦਾ ਹੈ ਤੇ ਕੁੱਝ ਸ਼ਰਧਾਲੂ ਬੀਬੀਆਂ ਵੀ ਇਥੋਂ ਸੂਰ ਲਈ ਲੰਘਦੀਆਂ ਹਨ। ਜ਼ਿਕਰਯੋਗ ਹੈ ਕਿ ਇਨ੍ਹਾਂ ਹੀ ਠੇਕੇਦਾਰ ਨੇ ਪਿਛਲੇ ਦਿਨੀ ਬੇਗੋਵਾਲ ਵਿਖੇ ਇਕ ਮੋਟਰ ਦੇ ਕੋਠੇ ਵਿਚ ਠੇਕਾ ਖੋਲ੍ਹ ਦਿਤਾ ਸੀ ਜਿਥੇ ਲੋਕਾਂ ਦੀ ਵਿਰੋਧਤਾ ਕਾਰਨ ਰਾਤੋਂ-ਰਾਤ ਸ਼ਰਾਬ ਚੁੱਕ ਕੇ ਭਜਣਾ ਪਿਆ ਸੀ।

ਦੂਜੇ ਪਾਸੇ ਵਣ ਵਿਭਾਗ ਦੋਰਾਹਾ ਦੇ ਚਰਚਿਤ ਰੇਂਜਰ ਅਰਵਿੰਦਰ ਸਿੰਘ ਨੇ ਇਸ ਠੇਕੇ ਪ੍ਰਤੀ ਘੇਸਲ ਵੱਟ ਕੇ ਠੇਕੇਦਾਰਾਂ ਨੂੰ ਮਨਮਾਨੀਆਂ ਕਰਨ ਲਈ ਖੁੱਲ੍ਹਾ ਛੱਡ ਦਿਤਾ ਹੈ ਕਿਉਕਿ ਠੇਕੇਦਾਰਾਂ ਨੇ ਵਣ ਵਿਭਾਗ ਤੋਂ ਠੇਕਾ ਖੋਲ੍ਹਣ ਲਈ ਇਜਾਜ਼ਤ ਨਹੀਂ ਲਈ, ਬਲਕਿ ਨਾਜਾਇਜ਼ ਉਸਾਰੀ, ਪਾਣੀ ਵਾਲਾ ਪੰਪ ਲਾ ਕੇ ਪੂਰਨ ਤੌਰ 'ਤੇ ਕਬਜ਼ਾ ਕਰ ਲਿਆ ਗਿਆ ਹੈ। ਵਣ ਗਾਰਡ, ਬਲਾਕ ਅਫ਼ਸਰ ਸਾਰੇ ਅਧਿਕਾਰੀਆਂ ਦੀ ਚੁੱਪੀ ਕਈ ਸਵਾਲ ਖੜੇ ਕਰਦੀ ਹੈ। ਵਣ ਵਿਭਾਗ ਦੋਰਾਹਾ ਦੇ ਰੇਂਜਰ ਅਰਵਿੰਦਰ ਸਿੰਘ ਨੇ ਕੁੱਝ ਕੁ ਹਜ਼ਾਰ ਦੀ ਪਰਚੀ ਕੱਟ ਕੇ ਠੇਕੇਦਾਰਾਂ ਦਾ ਰਾਹ ਪਧਰਾ ਕਰ ਦਿਤਾ ਹੈ। ਮਤਲਬ ਕਿ ਉਹ ਸਾਲ ਭਰ ਠੇਕੇ ਵਲ ਨਹੀਂ ਝਾਕਣਗੇ ਜੋ ਸਿਆਸੀ ਸ਼ਹਿ ਦਾ ਨਤੀਜਾ ਕਿਹਾ ਜਾ ਸਕਦਾ ਹੈ।ਦੂਜੇ ਪਾਸੇ ਵਣ ਵਿਭਾਗ ਨੇ ਇਸ ਮਾਰਗ ਨੂੰ ਦੋਰਾਹਾ ਤੋਂ ਰੋਪੜ ਤਕ ਐਟਲਾਟਾਂ ਟੋਲ-ਵੇ ਰੋਪੜ ਨੂੰ ਐਗਰੀਮੈਂਟ ਦੁਆਰਾ 15 ਸਾਲ ਲਈ ਦਿਤਾ ਹੋਇਆ ਹੈ। ਇਸ ਮਾਰਗ ਦੀ ਸੜਕ ਤੇ 15 ਮੀਟਰ ਦੇ ਘੇਰੇ ਦੀ ਮਾਲਕੀ ਟੋਲ ਵੇ ਕੋਲ ਹੋਣ ਕਰ ਕੇ ਐਟਲਾਟਾਂ ਟੋਲ-ਵੇ ਰੋਪੜ ਨੇ ਸ਼ਰਾਬ ਦੇ ਠੇਕੇਦਾਰ ਵਲੋਂ ਠੇਕਾ ਖੋਲ੍ਹਣ ਲਈ ਕੀਤੇ ਨਾਜਾਇਜ਼ ਕਬਜ਼ੇ ਬਾਰੇ ਪੁਲਿਸ ਕੋਲ ਦਰਖ਼ਾਸਤ ਦੇ ਕੇ ਠੇਕੇਦਾਰਾਂ ਵਿਰੁਧ ਮਾਮਲਾ ਦਰਜ ਕਰਨ ਲਈ ਗੁਹਾਰ ਲਾਈ ਹੋਈ ਹੈ।