ਗੁਰਦਵਾਰਿਆਂ 'ਚ ਪਾਲਕੀ ਹੇਠਾਂ ਪੌੜੀ ਰੂਪੀ ਥਾਂ ਬਣੇ: ਦਿਲਗੀਰ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸਿੱਖ ਵਿਦਵਾਨ ਡਾ. ਹਰਜਿੰਦਰ ਸਿੰਘ ਦਿਲਗੀਰ ਨੇ ਕਿਹਾ ਹੈ ਕਿ ਹਰ ਗੁਰਦੁਆਰੇ ਵਿਚ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵਾਲੀ ਪਾਲਕੀ ਦੇ ਹੇਠਾਂ, ਪਾਠੀਆਂ ਅਤੇ ...

Dr. Harjinder Singh Dilgeer

ਤਰਨਤਾਰਨ: ਸਿੱਖ ਵਿਦਵਾਨ ਡਾ. ਹਰਜਿੰਦਰ ਸਿੰਘ ਦਿਲਗੀਰ ਨੇ ਕਿਹਾ ਹੈ ਕਿ ਹਰ ਗੁਰਦੁਆਰੇ ਵਿਚ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵਾਲੀ ਪਾਲਕੀ ਦੇ ਹੇਠਾਂ, ਪਾਠੀਆਂ ਅਤੇ ਕਥਾਕਾਰਾਂ ਦੀ ਸਹੂਲਤ ਵਾਸਤੇ, ਪੌੜੀ ਰੂਪੀ ਥਾਂ ਬਣਾਉਣ ਦੀ ਲੋੜ ਹੈ। ਅੱਜਕਲ ਕਈ ਲੋਕਾਂ ਨੂੰ ਗੋਡਿਆਂ ਦੇ ਦਰਦ ਦੇ ਰਹਿੰਦੇ ਹਨ, ਇਸ ਲਈ ਉਹ ਚੌਕੜੀ ਮਾਰ ਕੇ ਪਾਠ ਨਹੀਂ ਕਰ ਸਕਦੇ। ਦੂਜਾ ਡਾਕਟਰਾਂ ਅਤੇ ਖ਼ਾਸ ਕਰ ਕੇ ਫ਼ਿਜ਼ੀਊਥੈਰੇਪੀ ਦੇ ਮਾਹਰਾਂ ਦਾ ਵਿਚਾਰ ਹੈ ਕਿ ਚੌਕੜੀ ਮਾਰਨਾ ਗੋਡਿਆਂ ਅਤੇ ਹੋਰ ਹੱਡੀਆਂ ਵਾਸਤੇ ਨੁਕਸਾਨਦੇਹ ਹੈ।

ਇਸ ਕਰ ਕੇ ਜ਼ਰੂਰਤ ਹੈ ਕਿ ਪਾਲਕੀ ਦੇ ਹੇਠਾਂ ਪੌੜੀਆਂ ਵਾਂਙ ਥਾਂ ਰੱਖੀ ਜਾਵੇ ਤਾਕਿ ਪਾਠ ਕਰਨ ਵਾਲਾ ਲੱਤਾਂ ਹੇਠਾਂ ਕਰ ਕੇ ਬੈਠ ਸਕੇ ਅਤੇ ਆਸਾਨੀ ਨਾਲ ਪਾਠ ਕਰ ਸਕੇ। ਉਨ੍ਹਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਵਿਚ ਕੋਈ ਅਜਿਹੀ ਹਦਾਇਤ ਨਹੀਂ ਜਿਸ ਮੁਤਾਬਕ ਪਾਠ ਕਰਨ ਸਮੇਂ ਚੌਕੜੀ ਮਾਰ ਕੇ ਬੈਠਣਾ ਜਾਂ ਕੋਈ ਹੋਰ ਆਸਨ ਅਪਣਾਉਣਾ ਲਾਜ਼ਮੀ ਹੋਵੇ ਜਿਸ ਤਰੀਕੇ ਨਾਲ ਸੌਖਿਆਂ ਪਾਠ ਕੀਤਾ ਜਾ ਸਕੇ, ਬਿਰਤੀ ਨਾ ਟੁੱਟੇ ਉਹ ਤਰੀਕਾ ਹੀ ਸਹੀ ਹੈ।

ਉਨ੍ਹਾਂ ਹੋਰ ਕਿਹਾ ਕਿ ਸ਼੍ਰੋਮਣੀ ਕਮੇਟੀ ਦੀ ਧਾਰਮਕ ਸਲਾਹਕਾਰ ਕਮੇਟੀ ਕਈ ਦਹਾਕੇ ਪਹਿਲਾਂ ਇਹ ਮਤਾ ਪਾਸ ਕਰ ਚੁੱਕੀ ਹੈ ਕਿ ਗੁਰਦੁਆਰਿਆਂ ਵਿਚ ਕੁਰਸੀਆਂ ਰਖਣਾ ਗ਼ਲਤ ਨਹੀਂ ਹੈ ਕਿਉਂਕਿ ਅਪਾਹਜਾਂ ਜਾਂ ਗੋਡਿਆਂ ਦੀਆਂ ਦਰਦਾਂ ਵਾਲਿਆਂ ਅਤੇ ਸਿਹਤ ਸਬੰਧੀ ਹੋਰ ਮਸਲੇ ਹੋਣ ਕਰ ਕੇ ਬਹੁਤ ਸਾਰੇ ਲੋਕ ਗੁਰਦੁਆਰੇ ਜਾ ਕੇ ਸੰਗਤ ਵਿਚ ਬੈਠ ਨਹੀਂ ਸਕਦੇ।

ਇਸ ਮੁਸ਼ਕਲ ਨੂੰ ਹੱਲ ਕਰਨ ਵਾਸਤੇ ਹੁਣ ਤਾਂ ਬਹੁਤ ਗੁਰਦੁਆਰਿਆਂ ਵਿਚ ਮੂੜ੍ਹੇ, ਬੈਂਚ, ਸਟੂਲ ਜਾਂ ਕੁਰਸੀਆਂ ਰਖੀਆਂ ਜਾ ਚੁਕੀਆਂ ਹਨ। ਗੁਰਦੁਆਰੇ ਵਿਚ ਜਾਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਜ਼ਮੀਨ 'ਤੇ ਬੈਠਣ ਦਾ ਕੋਈ ਸਿਧਾਂਤ ਨਹੀਂ। 21ਵੀਂ ਸਦੀ ਵਿਚ ਲੋਕ ਪੱਥਰ ਕਾਲ ਵਲ ਨਹੀਂ ਮੁੜਦੇ ਬਲਕਿ 22ਵੀਂ ਸਦੀ ਦੀਆਂ ਤਿਆਰੀਆਂ ਕਰਦੇ ਹਨ। 

ਸਿੱਖ ਧਰਮ ਦੁਨੀਆਂ ਦਾ ਸੱਭ ਤੋਂ ਆਧੁਨਿਕ ਧਰਮ ਹੈ ਅਤੇ ਇਸ ਨੂੰ ਲੋਕਾਂ ਤਕ ਅਪਣਾ ਪੈਗ਼ਾਮ ਹਰ ਆਧੁਨਿਕ ਤੋਂ ਆਧੁਨਿਕ ਤਰੀਕੇ ਨਾਲ ਪਹੁੰਚਾਉਣ ਦੀ ਲੋੜ ਹੈ। ਗੁਰੂ ਗ੍ਰੰਥ ਸਿਹਬ ਦੀ ਹਜ਼ੂਰੀ ਵਿਚ ਸਿਰ ਢਕਣ ਤੋਂ ਸਿਵਾ ਕੋਈ ਹੋਰ ਸ਼ਰਤ ਨਹੀਂ ਹੈ। ਇਹ ਸਾਰਾ ਕੁੱਝ ਬ੍ਰਾਹਮਣੀ ਸੋਚ ਹੈ। ਉਨ੍ਹਾਂ ਕਿਹਾ ਕਿ ਉਹ ਜਾਣਦੇ ਹਨ ਕਿ ਗੁਰਮਤਿ ਤੋਂ ਅਣਜਾਣ ਪੁਜਾਰੀ, ਸਾਧ ਟੋਲੇ ਤੇ ਬ੍ਰਾਹਮਣੀ ਸੋਚ ਦੇ ਪਿਛਾਂਹ-ਖਿੱਚੂ ਲੋਕ ਇਸ ਵਿਚਾਰ 'ਤੇ ਸੜ ਬਲ ਜਾਣਗੇ ਪਰ ਵਿਦਵਾਨ ਤੇ ਸੂਝਵਾਨ ਪ੍ਰਬੰਧਕਾਂ ਨੂੰ ਪੱਥਰ ਯੁਗ ਦੇ ਇਨ੍ਹਾਂ ਲੋਕਾਂ ਦੀ ਪਰਵਾਹ ਕੀਤੇ ਬਿਨਾਂ ਇਸ ਪਾਸੇ ਵਲ ਪਹਿਲ ਕਰਨੀ ਚਾਹੀਦੀ ਹੈ।