ਹਰ ਧਰਮ ਤੋਂ ਉਪਰ ਉਠ ਅਨਾਥਾਂ ਲਈ ਜੀਵਨ ਦਾ ਸਹਾਰਾ ਸ੍ਰੀ ਗੁਰੂ ਗੋਬਿੰਦ ਸਿੰਘ ਪ੍ਰਵਾਰ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਕਰੀਬਨ 80 ਅਨਾਥ ਅਤੇ 10 ਨੇਤਰਹੀਣ ਇਸ ਪ੍ਰਵਾਰ ਵਿਚ ਤਰਾਸ਼ ਰਹੇ ਹਨ ਅਪਣਾ ਭਵਿੱਖ

File Photo

ਪਟਿਆਲਾ (ਅਵਤਾਰ ਸਿੰਘ ਗਿੱਲ) : ਅੱਜ ਤੁਹਾਨੂੰ ਅਜਿਹੀ ਨਿਸ਼ਕਾਮ ਸੇਵਾ ਦੀ ਤਸਵੀਰ ਦਿਖਾਉਂਦੇ ਹਾਂ ਜਿਥੇ 92 ਅਨਾਥ ਬੱਚੇ ਅਪਣਾ ਭਵਿੱਖ ਤਾਂ ਤਰਾਸ਼ ਹੀ ਰਹੇ ਨੇ ਨਾਲ ਸਿੱਖੀ ਨਾਲ ਦਿਲੋਂ ਜੁੜ ਰਹੇ ਨੇ। ਇਨ੍ਹਾਂ ਵਿਚੋਂ ਬਹੁਤੇ ਬੱਚੇ ਨੇਤਰਹੀਣ ਨੇ ਜੋ 2 ਸਾਲ ਦੀ ਸਿਖਿਆ ਨਾਲ ਹੀ ਐਨੇ ਪਰਪੱਕ ਹੋ ਚੁੱਕੇ ਹਨ ਜੋ ਕਿ ਹੈਰਾਨ ਕਰ ਦੇਣ ਵਾਲੀ ਤਸਵੀਰ ਪੇਸ਼ ਕਰਦੇ ਨੇ। ਅਸੀਂ ਗੱਲ ਕਰ ਰਹੇ ਹਾਂ ਪਟਿਆਲਾ ਦੇ ਟਿਕਾਣਾ ਭਾਈ ਰਾਮ ਕਿਸ਼ਨ ਗੁਰਦੁਆਰਾ ਦੇ ਕਿਰਾਏ ’ਤੇ ਦਿਤੀ ਇਮਾਰਤ ਵਿਚ ਚਲ ਰਹੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪ੍ਰਵਾਰ ਗੁਰਮਤਿ ਸੰਗੀਤ ਅਕੈਡਮੀ ਦੀ ਜਿਸ ਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਹਜ਼ੂਰੀ ਰਾਗੀ ਭਾਈ ਲਖਵਿੰਦਰ ਸਿੰਘ ਜੋ ਕਿ ਖ਼ੁਦ ਨੇਤਰਹੀਣ ਹਨ ਵਲੋਂ ਖ਼ੁਦ ਸੇਵਾ ਕਰ ਕੇ ਚਲਾਇਆ ਜਾ ਰਿਹਾ ਹੈ।

ਇਥੇ 2 ਸਾਲ ਤੋਂ ਲੈ ਕੇ 20 ਸਾਲ ਤਕ ਦੇ ਅਨਾਥ ਬੱਚੇ ਅਪਣਾ ਭਵਿੱਖ ਬਣਾ ਰਹੇ ਨੇ, ਜਿਨ੍ਹਾਂ ਦਾ ਪੜ੍ਹਾਈ, ਖਾਣਾ, ਕਪੜੇ, ਰਹਿਣ ਸਹਿਣ ਦਵਾ ਦਾਰੂ ਦਾ ਸਾਰਾ ਖ਼ਰਚ ਹਜ਼ੂਰੀ ਰਾਗੀ ਭਾਈ ਲਖਵਿੰਦਰ ਸਿੰਘ ਵਲੋਂ ਕੀਤਾ ਜਾਂਦਾ ਹੈ। ਇਹ ਹੀ ਨਹੀਂ ਇਨ੍ਹਾਂ ਅਨਾਥ ਬੱਚਿਆ ਲਈ ਸਕੂਲ ਤਕ ਜਾਣ ਲਈ ਬਸਾਂ ਤਕ ਦਾ ਪ੍ਰਬੰਧ ਵੀ ਬਾਖੂਬੀ ਕੀਤਾ ਗਿਆ ਹੈ। 

ਜ਼ਿਕਰ ਕਰਨ ਵਾਲੀ ਗੱਲ ਹੈ ਕਿ ਇਥੋਂ ਤਾਲੀਮ ਹਾਸਲ ਕਰ ਕੇ ਕੁੱਝ ਬੱਚੇ ਅੱਜ ਵਿਦੇਸ਼ਾਂ ਵਿਚ ਜਾ ਕੇ ਅਪਣੀ ਜ਼ਿੰਦਗੀ ਬਾਖੂਬੀ ਜੀਅ ਵੀ ਰਹੇ ਨੇ ਨਾਲ ਜਿਸ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਉਨ੍ਹਾਂ ਨੂੰ ਇਕ ਮੁਕਾਮ ਦਿਤਾ ਉਸ ਦਾ ਪ੍ਰਚਾਰ ਵੀ ਕਰਦੇ ਹਨ। ਟਿਕਾਣਾ ਭਾਈ ਰਾਮ ਕਿਸ਼ਨ ਵਿਚ ਹਜ਼ੂਰੀ ਰਾਗੀ ਭਾਈ ਲਖਵਿੰਦਰ ਸਿੰਘ ਵਲੋਂ 7 ਕਮਰੇ 17 ਹਜ਼ਾਰ ਰੁਪਏ ਪ੍ਰਤੀ ਮਹੀਨੇ ਦੇ ਹਿਸਾਬ ਨਾਲ ਇਨ੍ਹਾਂ ਅਨਾਥ ਬੱਚਿਆਂ ਲਈ ਲੈ ਕੇ ਉਨ੍ਹਾਂ ਦਾ ਰਹਿਣ ਬਸੇਰਾ ਬਣਾਇਆ ਗਿਆ ਤੇ ਤਾਲੀਮ ਦਾ ਪ੍ਰਬੰਧ ਕੀਤਾ ਗਿਆ ਹੈ। ਕਈ ਬੱਚੇ ਪ੍ਰਾਈਵੇਟ ਸਕੂਲਾਂ ਵਿਚ ਸਿਖਿਆ ਹਾਸਲ ਕਰ ਰਹੇ ਨੇ ਤੇ ਕੁੱਝ ਕਾਲਜਾਂ ਅਤੇ ਯੂਨੀਵਰਸਿਟੀਆਂ ਤਕ ਪੁੱਜ ਚੁੱਕੇ ਹਨ ਪਰ ਇਸ ਦਾ ਵੱਡਾ ਦੁਖਦ ਪਹਿਲੂ ਵੀ ਹੈ ਜੋ ਇਮਾਰਤ ਇਨ੍ਹਾਂ ਅਨਾਥ ਬੱਚਿਆ ਲਈ ਮਹਿੰਗੇ ਕਿਰਾਏ ’ਤੇ ਲਈ ਗਈ ਹੈ, ਉਸ ਦੀ ਹਾਲਤ ਕੁੱਝ ਜ਼ਿਆਦਾ ਵਧੀਆ ਨਹੀਂ ਹੈ।

ਬਰਸਾਤਾਂ ਕਾਰਨ ਅਕਸਰ ਛੱਤਾਂ ਚੋਣ ਲਗਦੀਆਂ ਹਨ ਅਤੇ ਕੋਈ ਹੋਰ ਹਾਦਸਾ ਵਾਪਰਨ ਦਾ ਵੀ ਖਦਸ਼ਾ ਬਣਿਆ ਰਹਿੰਦਾ ਹੈ। ਗੱਲਬਾਤ ਕਰਦਿਆਂ ਬੱਚਿਆਂ ਦੇ ਰਹਿਣ ਸਹਿਣ ਦੀ ਦੇਖਭਾਲ ਕਰਨ ਵਾਲੇ ਭਾਈ ਜੋਗਿੰਦਰ ਸਿੰਘ ਨੇ ਗੱਲਬਾਤ ਕਰਦਿਆਂ ਦਸਿਆ ਕਿ ਉਨ੍ਹਾਂ ਵਲੋਂ ਵਾਰ ਵਾਰ ਗੁਰਦੁਆਰਾ ਮੈਨੇਜਮੈਂਟ ਨਾਲ ਗੱਲਬਾਤ ਕੀਤੀ ਗਈ ਕਿ ਸਾਨੂੰ ਹੋਰ ਥਾਂ ਮੁਹਈਆ ਕਰਵਾਈ ਜਾਵੇ, ਜਦੋਂ ਕਿ ਉਸੇ ਇਮਾਰਤ ਵਿਚ ਕਈ ਆਮ ਪ੍ਰਵਾਰ ਵੀ ਕਿਰਾਏ ’ਤੇ ਰਹਿ ਰਹੇ ਹਨ ਪਰ ਮੈਨੇਜਮੈਂਟ ਵਲੋਂ ਕਦੇ ਉਨ੍ਹਾਂ ਦੀ ਗੱਲ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ।

ਦੂਜਾ ਉਨ੍ਹਾਂ ਨੂੰ ਹੀ ਇਮਾਰਤ ਖ਼ਾਲੀ ਕਰਨ ਲਈ ਦਬਾਅ ਬਣਾਇਆ ਜਾਣ ਲੱਗਾ। ਸਾਡੇ ਵਲੋਂ ਇਸ ਰਹਿਣ ਬਸੇਰੇ ਵਿਚ ਅਪਣੀ ਜ਼ਿੰਦਗੀ ਗੁਜ਼ਰ ਬਸਰ ਕਰ ਰਹੇ 16 ਸਾਲਾ ਨੇਤਰਹੀਣ ਈਸ਼ਮੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਕਿਹਾ ਕਿ ਉਹ ਉਤਰ ਪ੍ਰਦੇਸ਼ ਜ਼ਿਲ੍ਹਾ ਗੋਰਖਪੁਰ ਨਾਲ ਸਬੰਧ ਰਖਦਾ ਹੈ ਅਤੇ ਬਚਪਨ ਤੋਂ ਹੀ ਇਥੇ ਅਪਣਾ ਭਵਿੱਖ ਤਰਾਸ਼ ਰਿਹਾ ਹੈ ਅਤੇ ਉਸ ਨੇ ਦਸਿਆ ਕਿ ਚਾਰ ਸਾਲਾਂ ਵਿਚ ਉਸ ਨੇ 80 ਰਾਗ ਅਤੇ ਹਰਮੋਨੀਅਮ ਵਜਾਉਣਾ ਅਤੇ ਅਪਣੀ ਸਿਖਿਆ ਨੂੰ ਜਾਰੀ ਰਖਿਆ ਤੇ ਭਵਿੱਖ ਵਿਚ ਉਹ ਇਥੇ ਰਹਿ ਕੇ ਹੀ ਅਪਣਾ ਜੀਵਨ ਬਿਤਾਉਣਾ ਚਾਹੁੰਦਾ ਹੈ। 

ਭਾਈ ਜੋਗਿੰਦਰ ਸਿੰਘ ਨੇ ਭਰੇ ਮਨ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਥਾਂ ਘੱਟ ਹੋਣ ਕਾਰਨ ਸਾਨੂੰ ਮਜਬੂਰਨ ਇਕ ਕਮਰੇ ਵਿਚ 20 ਤੋਂ 25 ਬੱਚਿਆਂ ਨੂੰ ਰਾਤ ਸਮੇਤ ਪਾਉਣਾ ਪੈਂਦਾ ਹੈ। ਬੇਸ਼ੱਕ ਕਮਰੇ ਏਅਰ ਕੰਡੀਸ਼ਨ ਹਨ ਜੋ ਇਨ੍ਹਾਂ ਬੱਚਿਆਂ ਨੂੰ ਇਹ ਨਾ ਲੱਗੇ ਕਿ ਇਹ ਅਨਾਥ ਹਨ ਜਾਂ ਕਿਸੇ ਰਹਿਣ ਬਸੇਰੇ ਵਿਚ ਰਹਿ ਰਹੇ ਹਨ। ਤੁਸੀਂ ਆਪ ਹੀ ਸੋਚ ਸਕਦੇ ਹੋ ਕਿ ਪੰਜ ਬੈੱਡਾਂ ’ਤੇ 25 ਬੱਚੇ ਆਖ਼ਰ ਕਿਸ ਤਰ੍ਹਾਂ ਮੁਸ਼ਕਲ ਨਾਲ ਅਪਣੀ ਰਾਤ ਗੁਜ਼ਾਰਦੇ ਹੋਣਗੇ। ਉਥੇ ਹੀ ਜਦੋਂ ਉਨ੍ਹਾਂ ਨੂੰ ਇਹ ਸਵਾਲ ਪੁਛਿਆ ਗਿਆ ਕਿ ਤੁਸੀਂ ਇੰਨਾ ਚੰਗਾ ਕਾਰਜ ਕਰ ਰਹੇ ਹੋ ਕੀ ਤੁਸੀਂ ਕਿਸੇ ਤੋਂ ਮਦਦ ਨਹੀਂ ਲੈਂਦੇ?

ਤਾਂ ਉਨ੍ਹਾਂ ਜਵਾਬ ਦਿਤਾ ਕਿ ਭਾਈ ਸਾਹਿਬ ਲਖਵਿੰਦਰ ਸਿੰਘ (ਹਜ਼ੂਰੀ ਰਾਗੀ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ) ਵਲੋਂ ਕਿਹਾ ਗਿਆ ਹੈ ਕਿ ਚਾਹੇ ਉਨ੍ਹਾਂ ਦਾ ਕੁੱਝ ਵੀ ਵਿਕ ਜਾਵੇ ਪਰ ਉਹ ਕਿਸੇ ਅੱਗੇ ਹੱਥ ਨਹੀਂ ਅੱਡਣਗੇ ਪਰ ਇਥੇ ਸਵਾਲ ਇਹ ਖੜਾ ਹੁੰਦਾ ਹੈ ਕਿ ਆਖ਼ਰ ਪ੍ਰਸ਼ਾਸਨ ਅਤੇ ਖ਼ੁਦ ਨੂੰ ਸਮਾਜ ਸੇਵੀ ਅਖਵਾਉਣ ਵਾਲੇ ਲੋਕ ਇਨ੍ਹਾਂ ਬੱਚਿਆ ਬਾਰੇ ਕੁੱਝ ਕਿਉਂ ਨਹੀਂ ਸੋਚਦੇ? ਆਖ਼ਰ ਕਿਉਂ ਪ੍ਰਸ਼ਾਸ਼ਨ ਚੁੱਪੀ ਵੱਟ ਕੇ ਬੈਠਾ ਹੈ, ਜਦੋਂ ਕਿ ਗੁਰਦੁਆਰਾ ਮੈਨੇਜਮੈਂਟ ਕਮੇਟੀ ਇਨ੍ਹਾਂ ਅਨਾਥ ਬੱਚਿਆਂ ਨੂੰ ਇਕ ਵਾਰ ਦੁਬਾਰਾ ਫਿਰ ਬੇਘਰ ਕਰਨ ’ਤੇ ਤੁਲੀ ਹੋਈ ਹੈ।