37 ਸਾਲ ਪੁਰਾਣੇ ਮਾਮਲੇ ਵਿਚ ਸਿੱਖ ਜਹਾਜ਼ ਅਗ਼ਵਾਕਾਰਾਂ ਬਾਰੇ ਅਦਾਲਤੀ ਫ਼ੈਸਲਾ ਅੱਜ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸਿੱਖ ਜਹਾਜ਼ ਅਗ਼ਵਾਕਾਰਾਂ ਸਤਨਾਮ ਸਿੰਘ ਅਤੇ ਤਜਿੰਦਰਪਾਲ ਸਿੰਘ 'ਤੇ 37 ਸਾਲ ਬਾਅਦ ਦੇਸ਼ਧ੍ਰੋਹ ਦੀਆਂ ਨਵੀਆਂ ਧਾਰਾਵਾਂ ਤਹਿਤ ਸ਼ੁਰੂ ਕੀਤੇ ਗਏ...........

Satnam Singh and Tejinderpal Singh

ਤਰਨਤਾਰਨ, ਨਵੀਂ ਦਿੱਲੀ : ਸਿੱਖ ਜਹਾਜ਼ ਅਗ਼ਵਾਕਾਰਾਂ ਸਤਨਾਮ ਸਿੰਘ ਅਤੇ ਤਜਿੰਦਰਪਾਲ ਸਿੰਘ 'ਤੇ 37 ਸਾਲ ਬਾਅਦ ਦੇਸ਼ਧ੍ਰੋਹ ਦੀਆਂ ਨਵੀਆਂ ਧਾਰਾਵਾਂ ਤਹਿਤ ਸ਼ੁਰੂ ਕੀਤੇ ਗਏ ਮੁਕੱਦਮੇ ਦਾ ਫ਼ੈਸਲਾ ਦਿੱਲੀ ਦੇ ਪਟਿਆਲਾ ਹਾਊਸ ਵਿਖੇ ਵਧੀਕ ਸੈਸ਼ਨ ਜੱਜ ਅਜੇ ਪਾਂਡੇ ਦੀ ਅਦਾਲਤ ਵਿਚ 27 ਅਗੱਸਤ ਨੂੰ ਸੁਣਾਇਆ ਜਾਵੇਗਾ। 
ਦਿੱਲੀ ਦੀ ਅਦਾਲਤ ਵਿਚ ਦੋਵਾਂ ਸਿੰਘਾਂ ਉਤੇ ਦੇਸ਼ ਵਿਰੁਧ ਜੰਗ ਛੇੜਣ ਦੇ ਦੋਸ਼ਾਂ ਹੇਠ ਮੁਕੱਦਮਾ ਚਲ ਰਿਹਾ ਹੈ। ਦੋਵਾਂ ਪਾਸਿਆਂ ਦਾ ਪੱਖ ਸੁਣਨ ਤੋਂ ਬਾਅਦ ਵਧੀਕ ਸੈਸ਼ਨ ਜੱਜ ਨੇ ਫ਼ੈਸਲੇ ਲਈ 27 ਅਗੱਸਤ ਸਮਾਂ 11 ਵਜੇ ਤੈਅ ਕੀਤਾ ਹੈ।

ਦਸਣਯੋਗ ਹੈ ਕਿ ਗਜਿੰਦਰ ਸਿੰਘ, ਸਤਨਾਮ ਸਿੰਘ, ਜਸਬੀਰ ਸਿੰਘ, ਕਰਨ ਸਿੰਘ ਅਤੇ ਤਜਿੰਦਰਪਾਲ ਸਿੰਘ ਜੋ ਭਾਰਤੀ ਜਹਾਜ਼ ਨੂੰ ਅਗ਼ਵਾ ਕਰ ਕੇ ਲਾਹੌਰ ਲੈ ਗਏ ਸਨ ਉਹ ਸੱਭ ਦਲ ਖ਼ਾਲਸਾ ਨਾਲ ਸਬੰਧਤ ਹਨ। ਸਤਨਾਮ ਸਿੰਘ ਅਤੇ ਤਜਿੰਦਰਪਾਲ ਸਿੰਘ ਨੂੰ ਛੱਡ ਬਾਕੀ ਤਿੰਨੇ ਹਾਈਜੈਕਰ ਭਾਰਤ ਤੋਂ ਬਾਹਰ ਵੱਖ-ਵੱਖ ਮੁਲਕਾਂ ਵਿਚ ਰਹਿੰਦੇ ਹਨ। ਦਲ ਖ਼ਾਲਸਾ ਨੇ 29 ਸਤੰਬਰ 1981 ਨੂੰ 111 ਯਾਤਰੀਆਂ ਅਤੇ 6 ਜਹਾਜ਼ ਚਾਲਕ ਮੈਂਬਰਾਂ ਵਾਲੇ ਇੰਡੀਅਨ ਏਅਰਲਾਈਨਜ਼ ਦਾ ਜਹਾਜ਼ ਅਗ਼ਵਾ ਪੂਰੀ ਦੁਨੀਆਂ ਦਾ ਧਿਆਨ ਭਾਰਤ ਵਿਚ ਸਿੱਖਾਂ ਉਤੇ ਹੋ ਰਹੇ ਜ਼ੁਲਮਾਂ ਵੱਲ ਖਿਚਣ

ਅਤੇ ਸਿੱਖ ਆਗੂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਰਿਹਾਈ ਦੀ ਮੰਗ ਦੇ ਇਰਾਦੇ ਨਾਲ ਕੀਤਾ ਸੀ। ਸਤਿਨਾਮ ਸਿੰਘ ਨੇ ਕੇਸ ਬਾਰੇ ਜਾਣਕਾਰੀ ਦਿੰਦਿਆਂ ਦਸਿਆ ਕਿ ਉਨ੍ਹਾਂ 1981 ਵਿਚ ਸਿੱਖ ਕੌਮ ਦੇ ਹੱਕ ਅਤੇ ਇਨਸਾਫ਼ ਲੈਣ ਦੇ ਮੰਤਵ ਨਾਲ ਇਹ ਕਦਮ ਚੁਕਿਆ ਸੀ। ਉਨ੍ਹਾਂ ਕਿਹਾ ਕਿ ਉਹ ਇਸ ਕੇਸ ਵਿਚ ਪਹਿਲਾਂ ਹੀ 14 ਸਾਲ ਦੀ ਕੈਦ ਭੁਗਤ ਚੁਕੇ ਹਨ ਅਤੇ ਉਹ ਅੱਜ ਵੀ ਚੜ੍ਹਦੀ ਕਲਾ ਅਤੇ ਹੌਂਸਲੇ ਵਿਚ ਹਨ ਅਤੇ ਅੱਗੇ ਜੋ ਅਕਾਲ ਪੁਰਖ ਨੂੰ ਭਾਵੇਗਾ। ਪਾਰਟੀ ਪ੍ਰਧਾਨ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਕ ਉਮਰ ਕੈਦ ਦੀ ਸਜ਼ਾ ਭੁਗਤਣ ਤੋਂ ਬਾਅਦ ਦੋਵਾਂ ਸਿੰਘਾਂ ਦੇ ਸਿਰ ਉਤੇ ਦੂਜੀ ਉਮਰ ਕੈਦ ਦੀ ਸਜ਼ਾ ਦੀ ਤਲਵਾਰ ਲਟਕ ਰਹੀ ਹੈ।

ਉਨ੍ਹਾਂ ਕਿਹਾ ਕਿ ਭਾਰਤੀ ਜਸਟਿਸ ਸਿਸਟਮ ਅੰਦਰ ਸ਼ਾਇਦ ਇਹ ਪਹਿਲੀ ਵਾਰ ਹੈ ਕਿ ਸਜ਼ਾ ਭੁਗਤਣ ਤੋਂ ਬਾਅਦ ਉਸੇ ਕੇਸ ਵਿਚ ਮੁੜ ਟਰਾਇਲ 'ਤੇ ਪਾਇਆ ਗਿਆ ਹੋਵੇ। ਉਨ੍ਹਾਂ ਦਸਿਆ ਕਿ ਸੰਸਾਰ ਭਰ ਦੇ ਸਿੱਖਾਂ ਦੀਆਂ ਨਜ਼ਰਾਂ ਇਸ ਕੇਸ ਉਤੇ ਹਨ। ਪਾਰਟੀ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਕਿਹਾ ਕਿ ਸਿੱਖ ਅਗ਼ਵਾਕਾਰਾਂ ਨੂੰ ਜਹਾਜ਼ ਅਗ਼ਵਾ ਦੇ ਦੋਸ਼ ਹੇਠ ਪਹਿਲਾਂ ਪਾਕਿਸਤਾਨ ਅਦਾਲਤ ਵਲੋਂ ਸਜ਼ਾ ਦਿਤੀ ਗਈ ਅਤੇ ਉਸ ਤੋਂ ਬਾਅਦ ਭਾਰਤੀ ਅਦਾਲਤ ਵਲੋਂ ਉਨ੍ਹਾਂ ਨੂੰ ਬਰੀ ਕੀਤਾ ਗਿਆ। ਪਿਛਲੇ ਸਾਲ ਉਸੇ ਘਟਨਾ ਲਈ ਨਵੇਂ ਦੋਸ਼ਾਂ ਹੇਠ ਮੁੜ ਮੁਕੱਦਮਾ ਸ਼ੁਰੂ ਕੀਤਾ ਗਿਆ ਸੀ ਜੋ ਅਪਣੇ ਆਪ ਵਿਚ ਹੀ ਗ਼ੈਰ ਕਾਨੂੰਨੀ ਹੈ।