ਇੰਟਰਨੈਸ਼ਨਲ ਨਗਰ ਕੀਰਤਨ ਤੋਂ ਇਕੱਤਰ ਕੀਤੀ ਜਾ ਰਹੀ ਮਾਇਆ ’ਤੇ ਉਠਣ ਲੱਗੇ ਸਵਾਲ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸ਼੍ਰੋਮਣੀ ਅਕਾਲੀ ਦਲ (ਮਾਨ) ਦੇ ਸੀਨੀਅਰ ਆਗੂ ਨੇ ਗੋਬਿੰਦ ਸਿੰਘ ਲੌਂਗੋਵਾਲ ਨੂੰ ਕੀਤਾ ਸਵਾਲ

Questions raised over International Nagar Kirtan

ਦਸੂਹਾ : ਪਾਕਿਸਤਾਨ ਦੇ ਗੁਰਦਵਾਰਾ ਨਨਕਾਣਾ ਸਾਹਿਬ ਤੋਂ ਅਰੰਭ ਹੋਏ ਇੰਟਰਨੈਸ਼ਨਲ ਨਗਰ ਕੀਰਤਨ ਜਿਸ ਦਾ ਪੰਜਾਬ ਦੀਆਂ ਸਮੂਹ ਸਿੱਖ ਸੰਗਤਾਂ ਨੇ ਅਪਣੀਆਂ ਅੱਖਾਂ ਵਿਛਾ ਕੇ ਭਰਪੂਰ ਸਵਾਗਤ ਕੀਤਾ ਅਤੇ ਦਰਸ਼ਨ ਦੀਦਾਰੇ ਕੀਤੇ। ਇਸ ਤੋਂ ਇਲਾਵਾ ਪੂਰੇ ਦੇਸ਼ ਅੰਦਰ ਸੰਗਤਾਂ ਇਸ ਨਗਰ ਕੀਰਤਨ ਦੇ ਦਰਸ਼ਨ ਕਰ ਰਹੀਆਂ ਹਨ ਪਰ ਦੂਸਰੇ ਪਾਸੇ ਇਸ ਨਗਰ ਕੀਰਤਨ ਵਿਚ ਇਕੱਤਰ ਕੀਤੀ ਜਾ ਰਹੀ ਗੋਲਕ ਦੀ ਮਾਇਆ ’ਤੇ ਸਵਾਲ ਉਠਦੇ ਨਜ਼ਰ ਆ ਰਹੇ ਹਨ। 

ਇਸ ਸਬੰਧੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ  ਨੂੰ ਸਵਾਲ ਕਰਦਿਆਂ ਸ਼੍ਰੋਮਣੀ ਅਕਾਲੀ ਦਲ (ਮਾਨ) ਦੇ ਸੀਨੀਅਰ ਆਗੂ ਮਾਸਟਰ ਕੁਲਦੀਪ ਸਿੰਘ ਮਸੀਤੀ ਨੇ ਅਪਣੇ ਬਿਆਨ ਵਿਚ ਕਿਹਾ ਹੈ ਕਿ ਕੀ ਕਮੇਟੀ ਪ੍ਰਧਾਨ ਲੌਂਗੋਵਾਲ ਸੰਗਤਾਂ ਨੂੰ ਇਕੱਤਰ ਕੀਤੀ ਜਾ ਰਹੀ ਗੋਲਕ ਦੀ ਮਾਇਆ ਦਾ ਹਿਸਾਬ ਕਿਤਾਬ ਦੇਣਗੇ ਕੀ ਸਾਰੀ ਮਾਇਆ ਨਨਕਾਣਾ ਸਾਹਿਬ ਭੇਜੀ ਜਾ ਰਹੀ ਹੈ ਜਾਂ ਇਸ ਵਿਚੋਂ ਕੁੱਝ ਹਿੱਸਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅੰਮਿ੍ਰਤਸਰ ਵੀ ਰੱਖ ਰਹੀ ਹੈ।

ਉਨ੍ਹਾਂ ਕਿਹਾ ਕਿ ਸੰਗਤਾਂ ਮੁਤਾਬਕ ਇੱਕਤਰ ਕੀਤੀ ਗਈ ਸਾਰੀ ਮਾਇਆ ਗੁਰਦਵਾਰਾ ਨਨਕਾਣਾ ਸਾਹਿਬ ਪ੍ਰਬੰਧਕੀ ਕਮੇਟੀ ਨੂੰ ਦੇਣੀ ਚਾਹੀਦੀ ਹੈ ਤਾਂ ਜੋ ਉਥੇ ਦੇ ਗੁਰੂ ਘਰਾਂ ਦੀ ਸੇਵਾ ਸੰਭਾਲ ਹੋਰ ਬਿਹਤਰ ਢੰਗ ਨਾਲ ਕੀਤੀ ਜਾ ਸਕੇ। ਮਾਸਟਰ ਕੁਲਦੀਪ ਸਿੰਘ ਮਸੀਤੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਤੋਂ ਉਪਰੋਕਤ ਸਵਾਲਾਂ ਦੇ ਜਵਾਬ ਸੰਗਤਾਂ ਸਾਹਮਣੇ ਰੱਖਣ ਦੀ ਮੰਗ ਕੀਤੀ ਹੈ।  ਇਸ ਮੌਕੇ ਉਨ੍ਹਾਂ ਨਾਲ ਹਰਜਿੰਦਰ ਸਿੰਘ ਪੰਡੋਰੀ, ਦਿਲਬਾਗ ਸਿੰਘ ਬਾਹਗਾ,ਸੁਖਵਿੰਦਰ ਸਿੰਘ ਗੜ੍ਹਦੀਵਾਲਾ ਆਦਿ ਹਾਜ਼ਰ ਸਨ।