ਉੱਤਰਾਖੰਡ ਦੇ ਗੁਰਦੁਆਰਾ ਸਾਹਿਬ 'ਚ ਹੋਏ ਨਾਚ ਦਾ ਸ਼੍ਰੋਮਣੀ ਕਮੇਟੀ ਨੇ ਲਿਆ ਸਖ਼ਤ ਨੋਟਿਸ 

ਏਜੰਸੀ

ਪੰਥਕ, ਪੰਥਕ/ਗੁਰਬਾਣੀ

ਤਾਜ਼ਾ ਘਟਨਾ ਨੇ ਸਿੱਖ ਸੰਗਤਾਂ ਦੇ ਮਨਾਂ ਨੂੰ ਭਾਰੀ ਠੇਸ ਪਹੁੰਚਾਈ ਹੈ, ਜਿਸ ਕਾਰਨ ਸੰਗਤਾਂ ਅੰਦਰ ਭਾਰੀ ਰੋਸ ਹੈ।

SGPC

 

ਅੰਮ੍ਰਿਤਸਰ  : ਜਨਮ ਅਸ਼ਟਮੀ ਮੌਕੇ ਉਤਰਾਖੰਡ ਦੇ ਊਧਮ ਸਿੰਘ ਨਗਰ ਸਥਿਤ ਗੁਰਦੁਆਰੇ ਵਿਚ ਸਿੱਖ ਰਹਿਤ ਮਰਯਾਦਾ ਦੀ ਕਥਿਤ ਉਲੰਘਣਾ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸਿੱਖਾਂ ਵਿਚ ਕਾਫ਼ੀ ਰੋਸ ਹੈ। ਇਸ ਘਟਨਾ ਤੋਂ ਬਾਅਦ ਸਿੱਖਾਂ ਦੀ ਸਰਵਉੱਚ ਧਾਰਮਿਕ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਐੱਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਇਸ ਦਾ ਸਖ਼ਤ ਨੋਟਿਸ ਵੀ ਲਿਆ ਹੈ।

ਇਹ ਘਟਨਾ ਉੱਤਰਾਖੰਡ ਸਥਿਤ ਗਦਰਪੁਰ ਤਹਿਸੀਲ ਦੇ ਪਿੰਡ ਬਲਰਾਮ ਨਗਰ ਦੇ ਗੁਰਦੁਆਰੇ ਦੀ ਦੱਸੀ ਜਾ ਰਹੀ ਹੈ। ਜਿਥੇ ਇੱਕ ਕੁੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਨੱਚੀ ਸੀ। ਇਸ ਸਬੰਧੀ ਸ੍ਰੀ ਅਕਾਲ ਤਖ਼ਤ ਦੇ ਸਕੱਤਰੇਤ ਵਿਚ ਕਈ ਸ਼ਿਕਾਇਤਾਂ ਵੀ ਪੁੱਜੀਆਂ ਹਨ। ਐਡਵੋਕੇਟ ਧਾਮੀ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਅੰਦਰ ਕੋਈ ਕਾਰਜ ਗੁਰਮਤਿ ਮਰਯਾਦਾ ਅਨੁਸਾਰ ਹੀ ਹੋ ਸਕਦਾ ਹੈ, ਗੁਰਮਤਿ ਵਿਰੋਧੀ ਕਿਸੇ ਵੀ ਕਾਰਜ ਨੂੰ ਕਰਨ ਦੀ ਸਖ਼ਤ ਮਨਾਈ ਹੈ। ਉਨ੍ਹਾਂ ਕਿਹਾ ਕਿ ਤਾਜ਼ਾ ਘਟਨਾ ਨੇ ਸਿੱਖ ਸੰਗਤਾਂ ਦੇ ਮਨਾਂ ਨੂੰ ਭਾਰੀ ਠੇਸ ਪਹੁੰਚਾਈ ਹੈ, ਜਿਸ ਕਾਰਨ ਸੰਗਤਾਂ ਅੰਦਰ ਭਾਰੀ ਰੋਸ ਹੈ।

ਜਾਣਕਾਰੀ ਅਨੁਸਾਰ ਉੱਤਰਾਖੰਡ ਦੇ ਇਸ ਇਲਾਕੇ ਵਿਚ ਸਿੱਖਾਂ ਦੀ ਗਿਣਤੀ ਬਹੁਤ ਘੱਟ ਹੈ ਅਤੇ ਬਹੁਤ ਸਾਰੇ ਅਜਿਹੇ ਅਸਥਾਨ ਬਣੇ ਹਨ, ਜਿਥੇ ਮੰਦਰ ਅਤੇ ਗੁਰਦੁਆਰਾ ਸਾਹਿਬ ਇੱਕੋ ਚਾਰ-ਦੀਵਾਰੀ ਅੰਦਰ ਹਨ। ਉਨ੍ਹਾਂ ਕਿਹਾ ਕਿ ਇਸ ਬਾਰੇ ਸਥਾਨਕ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਤਾਲਮੇਲ ਕਰਕੇ ਮੁਕੰਮਲ ਪੜਤਾਲ ਕੀਤੀ ਜਾਵੇਗੀ ਅਤੇ ਜਿਸ ਥਾਂ ਵੀ ਗੁਰੂ ਸਾਹਿਬ ਦੇ ਸਤਿਕਾਰ ਵਿਚ ਢਿੱਲ ਦਿਖਾਈ ਦਿੱਤੀ, ਉਥੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੇੜਲੇ ਗੁਰਦੁਆਰਾ ਸਾਹਿਬਾਨ ਵਿਖੇ ਪਹੁੰਚਾ ਦਿੱਤੇ ਜਾਣਗੇ।