ਹਰਿਆਣੇ ਦੇ ਸਾਰੇ ਸਿੱਖ ਅਪਣੀਆਂ ਵੋਟਾਂ 30 ਸਤੰਬਰ ਤਕ ਜ਼ਰੂਰ ਬਣਵਾਉਣ : ਦੀਦਾਰ ਸਿੰਘ ਨਲਵੀ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਕਿਹਾ, ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਵੋਟਾਂ ਰਾਹੀਂ ਹਰਿਆਣੇ ਵਿਚ ਵਸਦੇ ਸਿੱਖਾਂ ਦੀ ਗਿਣਤੀ ਦਾ ਪਤਾ ਲੱਗੇਗਾ

File Photo


 

ਕਰਨਾਲ,  26 ਸਤੰਬਰ (ਪਲਵਿੰਦਰ ਸਿੰਘ ਸੱਗੂ): ਅੱਜ ਹਰਿਆਣਾ ਸਿੱਖ ਗੁਰਦਵਾਰਾ ਮੈਨੇਜਮੈਂਟ ਕਮੇਟੀ ਦੇ ਸੀਨੀਅਰ ਮੈਂਬਰ ਦੀਦਾਰ ਸਿੰਘ ਨਲਵੀ ਨੇ ਹਰਿਆਣਾ ਤੋਂ ਰੋਜ਼ਾਨਾ ਸਪੋਕਸਮੈਨ ਦੇ ਪੱਤਰਕਾਰਾਂ ਨਾਲ ਫ਼ੋਨ ਰਾਹੀਂ ਗੱਲਬਾਤ ਕਰਦੇ ਹੋਏ ਹਰਿਆਣੇ ਦੇ ਸਿੱਖਾਂ ਨੂੰ ਅਪੀਲ ਕੀਤੀ ਕਿ ਹਰਿਆਣੇ ਵਿਚ ਵਸਦੇ ਸਾਰੇ ਸਿੱਖ ਹਰਿਆਣਾ ਸਿੱਖ ਗੁਰਦਵਾਰਾ ਮੈਨੇਜਮੈਂਟ ਕਮੇਟੀ ਲਈ ਅਪਣੀਆਂ ਵੋਟਾਂ ਜ਼ਰੂਰ ਬਣਵਾਉਣ ਕਿਉਂਕਿ ਇਨ੍ਹਾਂ ਵੋਟਾਂ ਰਾਹੀਂ ਹੀ ਹਰਿਆਣੇ ਦੇ ਸਿੱਖਾਂ ਦੀ ਮਰਦ ਸ਼ੁਮਾਰੀ ਹੋਵੇਗੀ | ਹਰਿਆਣੇ ਦੇ ਸਿੱਖਾਂ ਦੀਆਂ ਜਿੰਨੀਆਂ ਜ਼ਿਆਦਾ ਵੋਟਾਂ ਹੋਣਗੀਆਂ ਉਨ੍ਹਾਂ ਵੋਟਾਂ ਦੇ ਆਧਾਰ ਤੇ ਹਰਿਆਣੇ ਦੇ ਸਿੱਖਾਂ ਦੀ ਹਰਿਆਣਾ ਦੀ ਰਾਜਨੀਤੀ ਵਿਚ ਮਾਣ ਸਨਮਾਨ ਮਿਲੇਗਾ |
ਉਨ੍ਹਾਂ ਕਿਹਾ ਕਿ ਹਰਿਆਣਾ ਸੂਬਾ ਬਣਨ ਤੋਂ ਬਾਅਦ ਪਹਿਲੀ ਵਾਰੀ ਹਰਿਆਣੇ ਦੇ ਸਿੱਖਾਂ ਨੂੰ ਵੋਟਾਂ ਬਣਵਾਉਣ ਦਾ ਅਧਿਕਾਰ ਮਿਲ ਰਿਹਾ ਹੈ | ਇਸ ਲਈ ਮੈਂ ਸਾਰੇ ਹਰਿਆਣੇ ਦੇ ਸਿੱਖਾਂ ਨੂੰ ਅਪੀਲ ਕਰਾਂਗਾ ਕਿ ਹਰਿਆਣੇ ਵਿਚ ਵਸਦੇ ਸਾਰੇ ਸਿੱਖ ਅਪਣੀਆਂ ਵੋਟਾਂ ਜ਼ਰੂਰ ਬਣਵਾਉਣ, ਵੋਟਾਂ ਬਣਾਉਣ ਦੀ 30 ਸਤੰਬਰ ਆਖ਼ਰੀ ਤਰੀਕ ਹੈ | 30 ਸਤੰਬਰ ਤਕ ਸਾਰੇ ਸਿੱਖ ਅਪਣੇ ਫ਼ਾਰਮ ਭਰ ਕੇ ਅਪਣੇ ਹਲਕੇ ਦੇ ਪਟਵਾਰੀ ਕੋਲ ਜਮ੍ਹਾਂ ਕਰਵਾ ਕੇ ਸਲਿਪ ਜ਼ਰੂਰ ਲੈਣ | ਉਨ੍ਹਾਂ ਕਿਹਾ ਕਿ ਹਰਿਆਣੇ ਵਿਚ ਸਿੱਖਾਂ ਦੀ ਜਿੰਨੀ ਜ਼ਿਆਦਾ ਗਿਣਤੀ ਹੋਵੇਗੀ ਉਸ ਗਿਣਤੀ ਦੇ ਆਧਾਰ ਤੇ ਹੀ ਸਿੱਖਾਂ ਨੂੰ ਰਾਜਨੀਤਕ ਫ਼ਾਇਦਾ ਮਿਲੇਗਾ ਅਤੇ ਹਰਿਆਣਾ ਦੀ ਰਾਜਨੀਤੀ ਵਿਚ ਸਿੱਖਾਂ ਦਾ ਕੱਦ ਵਧੇਗਾ ਤਾਂ ਹੀ ਹਰਿਆਣਾ ਦੇ ਸਿੱਖ ਸਰਕਾਰਾਂ ਕੋਲੋਂ ਅਪਣੇ ਹੱਕ ਲੈ ਸਕਣਗੇ |