ਹਰ ਕੀ ਪੌੜੀ ਜਾ ਰਹੇ ਸਿੱਖ ਜਥੇ ਨੂੰ ਹੱਦ ’ਤੇ ਰੋਕਿਆ, ਜਾਮ ਲਗਾਉਣ ਦੀ ਕੋਸ਼ਿਸ਼

ਏਜੰਸੀ

ਪੰਥਕ, ਪੰਥਕ/ਗੁਰਬਾਣੀ

ਅਸੀਂ ਗੁਰਦੁਆਰੇ ਲਈ ਲੜਦੇ ਰਹਾਂਗੇ : ਗੁਰਚਰਨ ਸਿੰਘ

ਸਿੱਖ ਜਥਾ

ਹਰਿਦੁਆਰ : ਹਰਿਦੁਆਰ ’ਚ ਹਰ ਕੀ ਪੌੜੀ ਗਿਆਨ ਗੋਦੜੀ ਗੁਰਦੁਆਰੇ ਦੀ ਮੰਗ ਨੂੰ ਲੈ ਕੇ ਹਰਿਦੁਆਰ ਜਾ ਰਹੇ ਸਿੱਖਾਂ ਦੇ ਜਥੇ ਨੂੰ ਪੁਲਿਸ ਨੇ ਰੋਕ ਲਿਆ। ਇਸ ਦੌਰਾਨ ਲੋਕਾਂ ਨੇ ਜਾਮ ਲਗਾਉਣ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਕਿਸੇ ਤਰ੍ਹਾਂ ਉਨ੍ਹਾਂ ਨੂੰ ਸਮਝਾਇਆ ਅਤੇ ਵਾਪਸ ਦਿੱਲੀ ਭੇਜ ਦਿਤਾ।

ਵੀਰਵਾਰ ਸਵੇਰੇ ਕਰੀਬ 10 ਵਜੇ ਜਦੋਂ ਆਲ ਇੰਡੀਆ ਸਿੱਖ ਕਾਨਫਰੰਸ ਦੇ ਪ੍ਰਧਾਨ ਗੁਰਚਰਨ ਸਿੰਘ ਬੱਬਰ ਦੀ ਅਗਵਾਈ ਵਿਚ ਸਿੱਖ ਦਿੱਲੀ ਤੋਂ ਨਾਰਸਨ ਬਾਰਡਰ ਰਾਹੀਂ ਹਰਿਦੁਆਰ ਜ਼ਿਲ੍ਹੇ ਵਿਚ ਦਾਖਲ ਹੋ ਰਹੇ ਸਨ, ਸੂਚਨਾ ਮਿਲਦੇ ਹੀ ਪੁਲਿਸ ਅਤੇ ਪ੍ਰਸ਼ਾਸਨ ਨੇ ਨਾਰਸਨ ਚੈੱਕਪੋਸਟ ’ਤੇ ਸੁਰੱਖਿਆ ਪ੍ਰਬੰਧ ਸਖਤ ਕਰ ਦਿਤੇ। ਇਸ ਦੌਰਾਨ ਪੁਲਿਸ ਨੇ ਸਰਹੱਦ ’ਤੇ ਪਹੁੰਚੇ ਸਮੂਹ ਨੂੰ ਰੋਕ ਦਿਤਾ ਪਰ ਸਿੱਖਾਂ ਦਾ ਜਥਾ ਹਰ ਕੀ ਪੌੜੀ ਜਾਣ ’ਤੇ ਅੜਿਆ ਰਿਹਾ ਅਤੇ ਹਾਈਵੇਅ ਜਾਮ ਕਰਨ ਦੀ ਕੋਸ਼ਿਸ਼ ਕੀਤੀ। 

ਇਸ ’ਤੇ ਜੁਆਇੰਟ ਮੈਜਿਸਟਰੇਟ ਆਸ਼ੀਸ਼ ਮਿਸ਼ਰਾ, ਸੀ.ਓ. ਮੈਂਗਲੌਰ ਵਿਵੇਕ ਕੁਮਾਰ, ਕੋਤਵਾਲੀ ਇੰਚਾਰਜ ਸ਼ਾਂਤੀ ਕੁਮਾਰ ਨੇ ਗੁਰਚਰਨ ਸਿੰਘ ਬੱਬਰ ਅਤੇ ਹੋਰਾਂ ਨੂੰ ਸਮਝਾਇਆ ਅਤੇ ਉਨ੍ਹਾਂ ਨੂੰ ਵਾਪਸ ਦਿੱਲੀ ਭੇਜ ਦਿਤਾ। ਇਸ ਤੋਂ ਪਹਿਲਾਂ ਗੁਰਚਰਨ ਸਿੰਘ ਨੇ ਇਕ ਪ੍ਰੈਸ ਕਾਨਫਰੰਸ ’ਚ ਕਿਹਾ ਕਿ ਹਰਿਦੁਆਰ ਹਰ ਕੀ ਪੌੜੀ ਵਿਖੇ ਸਿੱਖਾਂ ਦੇ ਲਗਭਗ 400 ਸਾਲ ਪੁਰਾਣੇ ਗੁਰਦੁਆਰੇ ਨੂੰ ਢਾਹ ਦਿਤਾ ਗਿਆ ਹੈ। ਉਨ੍ਹਾਂ ਕਿਹਾ, ‘‘ਅਸੀਂ ਅਪਣੇ ਗੁਰਦੁਆਰੇ ਲਈ ਲੜਨ ਲਈ ਹਰਿਦੁਆਰ ਜਾਣਾ ਚਾਹੁੰਦੇ ਸੀ ਪਰ ਪੁਲਿਸ ਨੇ ਸਾਨੂੰ ਨਹੀਂ ਜਾਣ ਦਿਤਾ।’’ ਉਨ੍ਹਾਂ ਕਿਹਾ ਕਿ ਉਹ ਗੁਰਦੁਆਰੇ ਲਈ ਲੜਦੇ ਰਹਿਣਗੇ। ਇਸ ਮੌਕੇ ਰਾਜਿੰਦਰ ਸਿੰਘ, ਅਵਤਾਰ ਸਿੰਘ, ਤੇਜੇਂਦਰ ਕੌਰ ਬੱਬਰ, ਸਿੰਮੀ ਬੱਬਰ, ਸੌਰਭ ਸ਼ਰਮਾ, ਸੰਜੇ ਕੁਮਾਰ ਆਦਿ ਹਾਜ਼ਰ ਸਨ।