ਮੁਕੰਮਲ ਹੋ ਚੁੱਕੇ ‘ਉੱਚਾ ਦਰ ਬਾਬੇ ਨਾਨਕ ਦਾ’ ਨੂੰ ਵੇਖ ਕੇ ਬਾਬੇ ਨਾਨਕ ਦੇ ਪ੍ਰਵਾਨੇ ਬਾਗ਼ੋ ਬਾਗ਼ ਹੋ ਗਏ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਕਿਹਾ, ਸਿੱਖਾਂ ਨੇ ਇਹੋ ਜਿਹਾ ਅਜੂਬਾ ਕਦੇ ਨਹੀਂ ਸੀ ਦਿਤਾ ਹਾਲਾਂਕਿ ਬਾਬਾ ਨਾਨਕ ਉਨ੍ਹਾਂ ਹੱਥ ਦੁਨੀਆਂ ਦਾ ਸੱਭ ਤੋਂ ਅਮੀਰ ਵਿਰਸਾ ਫੜਾ ਗਏ ਸਨ...

Ucha Dar Babe Nanak Da

‘ਉੱਚਾ ਦਰ ਬਾਬੇ ਨਾਨਕ ਦਾ’ ਬਪਰੌਰ, 26 ਅਕਤੂਬਰ (ਗੁਰਿੰਦਰ ਸਿੰਘ ਕੋਟਕਪੂਰਾ) : ਕੋਰੋਨਾ ਦੀ ਮਹਾਂਮਾਰੀ ਕਾਰਨ ਪਿਛਲੇ 7-8 ਮਹੀਨੇ ਤੋਂ ‘ਉੱਚਾ ਦਰ’ ਵਿਚ ਪਾਠਕਾਂ ਦੇ ਇਕੱਠ ਉਤੇ ਲਗਾਈ ਗਈ ਸਰਕਾਰੀ ਪਾਬੰਦੀ ਵਿਚ ਨਰਮੀ ਆਉਣ ਮਗਰੋਂ ਕਲ ਪਹਿਲੀ ਵਾਰ ਦਿੱਲੀ, ਯੂ.ਪੀ., ਹਰਿਆਣਾ ਤੇ ਪੰਜਾਬ ਵਿਚੋਂ ‘ਉੱਚਾ ਦਰ’ ਦੇ ਪ੍ਰਵਾਨੇ ਜਿਵੇਂ ਉਮਡ ਕੇ ਸ਼ੰਭੂ ਬਾਰਡਰ ਕੋਲ ਸਥਿਤ ‘ਉੱਚਾ ਦਰ’ ਵਿਖੇ ਪਹੁੰਚ ਗਏ, ਉਹ ਪਾਠਕਾਂ ਦੀ ਉੱਚਾ ਦਰ ਪ੍ਰਤੀ ਸ਼ਰਧਾ ਅਤੇ ਲਗਨ ਦੀ ਮੂੰਹੋਂ ਬੋਲਦੀ ਤਸਵੀਰ ਸੀ।

ਮੀਟਿੰਗ ਤਾਂ ਕੇਵਲ ਟਰੱਸਟੀਆਂ ਤੇ ਗਵਰਨਿੰਗ ਕੌਂਸਲ ਦੇ ਮੈਂਬਰਾਂ ਦੀ ਹੀ ਬੁਲਾਈ ਗਈ ਸੀ ਪਰ ਹੋਰ ਵੀ ਬਹੁਤ ਸਾਰੇ ਨਾਨਕ-ਪ੍ਰੇਮੀ ਉਮੜ ਕੇ ਆ ਗਏ। ‘ਉੱਚਾ ਦਰ’ ਨੂੰ ਤਿਆਰ ਹੋਇਆ ਵੇਖ ਕੇ ਉਹ ਗੱਦ ਗੱਦ ਹੋ ਗਏ। ਡੇਹਰਾਦੂਨ (ਯੂ.ਪੀ.) ਤੋਂ ਵਿਸ਼ੇਸ਼ ਤੌਰ ਤੇ ਪੁੱਜੇ ਸ. ਬਲਵਿੰਦਰ ਸਿੰਘ ਅੰਬਰਸਰੀਆ ਨੇ ਕਿਹਾ, ‘‘ਅਸੀ ਤਾਂ ‘ਉੱਚਾ ਦਰ’ ਦਾ ਨਵਾਂ ਰੂਪ ਵੇਖ ਕੇ ਅੱਜ ਬਾਗ਼ੋ ਬਾਗ਼ ਹੋ ਗਏ ਹਾਂ।’’

ਸ. ਮਹਿੰਦਰ ਸਿੰਘ ਬਠਿੰਡਾ ਨੇ ਕਿਹਾ,‘‘ਮੇਰੇ ਸਮੇਤ ਬਹੁਤ ਸਾਰੇ ਲੋਕ ਇਹ ਨਹੀਂ ਸੀ ਦਸ ਸਕਦੇ ਕਿ ਏਨੇ ਵੱਡੇ ਅਜੂਬੇ ਵਿਚ ਵਿਖਾਇਆ ਕੀ ਜਾਵੇਗਾ, ਖ਼ਾਸ ਤੌਰ ’ਤੇ ਇਸ ਲਈ ਕਿ ਸ਼ੁਰੂ ਵਿਚ ਹੀ ਇਹ ਐਲਾਨ ਕੀਤਾ ਜਾ ਚੁੱਕਾ ਸੀ ਕਿ ਇਹ ਗੁਰਦਵਾਰਾ ਨਹੀਂ ਹੋਵੇਗਾ। ਅੱਜ ਇਸ ਵਿਚ ਜੋ ਕੁੱਝ ਵਿਖਾਇਆ ਗਿਆ ਹੈ, ਉਸ ਨੂੰ ਪਹਿਲੀ ਵਾਰ ਵੇਖ ਕੇ ਅਸੀ ਤਾਂ ਧਨ ਧਨ ਹੋ ਗਏ ਹਾਂ। ਇਸ ਤੋਂ ਚੰਗਾ ਹੋਰ ਕੁੱਝ ਸੋਚਿਆ ਵੀ ਨਹੀਂ ਸੀ ਜਾ ਸਕਦਾ।’’

ਜਲੰਧਰ ਤੋਂ ਆਏ ਸ. ਜੋਗਿੰਦਰ ਸਿੰਘ ਐਸ.ਡੀ.ਓ. ਦਾ ਕਹਿਣਾ ਸੀ ਕਿ ਜੋ ਕੁੱਝ ਅੰਦਰ ਵਿਖਾਣ ਦਾ ਪ੍ਰਬੰਧ ਕਰ ਦਿਤਾ ਗਿਆ ਹੈ, ਉਸ ਬਾਰੇ ਅਸੀ ਤਾਂ ਕਦੇ ਸੋਚ ਵੀ ਨਹੀਂ ਸੀ ਸਕਦੇ। ਅਸੀ ਅਨੰਦਪੁਰ ਸਾਹਿਬ ਦਾ ਸਰਕਾਰੀ ਅਜੂਬਾ ਵੀ ਵੇਖਿਆ ਹੈ ਪਰ ਭਾਈ ਲਾਲੋਆਂ ਵਲੋਂ ਰੋਜ਼ਾਨਾ ਸਪੋਕਸਮੈਨ ਦੀ ਅਗਵਾਈ ਵਿਚ ਜੋ ਕੁੱਝ ਦਿਤਾ ਜਾ ਰਿਹਾ ਹੈ, ਉਹ ਸਿੱਖਾਂ ਵਲੋਂ ਮਾਨਵਤਾ ਨੂੰ ਦਿਤਾ ਹੁਣ ਤਕ ਦਾ ਸੱਭ ਤੋਂ ਵਧੀਆ ਤੋਹਫ਼ਾ ਹੈ ਜਿਸ ਦਾ ਸਾਨੂੰ ਸਾਰਿਆਂ ਨੂੰ ਬੜਾ ਫ਼ਖ਼ਰ ਹੈ।’’

ਸ. ਜੋਗਿੰਦਰ ਸਿੰਘ, ਸ. ਭਗਤ ਸਿੰਘ ਆਈ.ਏ.ਐਸ. ਅਤੇ ਬੀਬੀ ਦਲਜੀਤ ਕੌਰ ਨੇ ਪੁਰਜ਼ੋਰ ਅਪੀਲ ਕੀਤੀ ਕਿ ‘ਉੱਚਾ ਦਰ’ ਚਾਲੂ ਕਰਨ ਲਈ, ਸਰਕਾਰੀ ਮੰਜ਼ੂਰੀ, ਸਰਕਾਰੀ ਸ਼ਰਤਾਂ ਪੂਰੀਆਂ ਕਰਨ ਮਗਰੋਂ ਹੀ ਮਿਲੇਗੀ ਤੇ ਉਨ੍ਹਾਂ ਲਈ ਹੋਰ 3-4 ਕਰੋੜ ਲਗਣੇ ਲਾਜ਼ਮੀ ਹਨ। ਸਾਰੇ ਰਲ ਕੇ ਇਸ ਦਾ ਪ੍ਰਬੰਧ ਅਗਲੇ ਕੁੱਝ ਦਿਨਾਂ ਵਿਚ ਕਰ ਦਿਉ ਤਾਕਿ ਚਾਲੂ ਕਰਨ ਦੀ ਆਗਿਆ ਲੈਣ ਲਈ ਅਰਜ਼ੀ ਪਾ ਦਿਤੀ ਜਾਏ। ਸਰਕਾਰੀ ਅਫ਼ਸਰਾਂ ਦੀਆਂ ਦੋ ਤਿੰਨ ਟੀਮਾਂ ਆ ਕੇ ਨਿਰੀਖਣ ਕਰਨ ਮਗਰੋਂ ਆਗਿਆ ਦੇਣਗੀਆਂ। 

‘ਉੱਚਾ ਦਰ..’ ਦੀ ਉਸਾਰੀ ਲਈ ਵਿਆਜ ’ਤੇ ਰੁਪਿਆ ਲਾਉਣ ਵਾਲਿਆਂ ਨੂੰ ਵਿਰੋਧੀਆਂ ਵਲੋਂ ਭੇਜੀਆਂ ਬੇਨਾਮੀ ਝੂਠੀਆਂ ਚਿੱਠੀਆਂ ਵਰਗੀਆਂ ਅਨੇਕਾਂ ਉਦਾਹਰਣਾਂ ਦਿੰਦਿਆਂ ਸ. ਜੋਗਿੰਦਰ ਸਿੰਘ ਨੇ ਦਾਅਵਾ ਕੀਤਾ ਕਿ ਜੇਕਰ ਰੱਬ ਦਾ ਡਰ ਵੀ ਨਾ ਮੰਨਣ ਵਾਲੀਆਂ ਕਾਲੀਆਂ ਸ਼ਕਤੀਆਂ ਰੁਕਾਵਟਾਂ ਪੈਦਾ ਕਰਨ ਤੋਂ ਹੀ ਬਾਜ਼ ਰਹਿੰਦੀਆਂ ਤਾਂ 2015-16 ਵਿਚ ਹੀ ‘ਉੱਚਾ ਦਰ ਬਾਬੇ ਨਾਨਕ ਦਾ’ ਮੁਕੰਮਲ ਹੋ ਜਾਣਾ ਸੀ ।

ਏਕਸ ਕੇ ਬਾਰਕ ਜਥੇਬੰਦੀ ਦੇ ਪ੍ਰਧਾਨ ਇੰਜ. ਬਲਵਿੰਦਰ ਸਿੰਘ ਮਿਸ਼ਨਰੀ ਨੇ ਆਖਿਆ ਕਿ ਜਿਹੜੇ ਲੋਕ ਕਹਿੰਦੇ ਸਨ ਕਿ ਇਨ੍ਹਾਂ ਨੇ ਕੋਈ ‘ਉੱਚਾ ਦਰ..’ ਨਹੀਂ ਬਣਾਉਣਾ, ਇਨ੍ਹਾਂ ਨੇ ਪੈਸੇ ਖਾ ਜਾਣੇ ਹਨ ਜਾਂ ਪੈਸੇ ਲੈ ਕੇ ਭੱਜ ਜਾਣਾ ਹੈ, ਉਹ ਹੁਣ ਖ਼ੁਦ ਆ ਕੇ ਦੇਖ ਲੈਣ ਕਿ 100 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਜਾ ਰਹੇ ‘ਉੱਚਾ ਦਰ ਬਾਬੇ ਨਾਨਕ ਦਾ’ ਵਿਚ ਇਕ ਇਕ ਚੀਜ਼ ਬਾਬੇ ਨਾਨਕ ਦੇ ਦਰਸ਼ਨ ਕਰਵਾਉਂਦੀ ਹੈ ਤੇ ਇਥੇ ਬਾਬੇ ਨਾਨਕ ਦੀ ਸੂਰਤ ਅਤੇ ਸੀਰਤ ਦੇ ਦਰਸ਼ਨ ਹੁੰਦੇ ਹਨ।

ਉਨ੍ਹਾਂ ਚਾਲੂ ਹੋਣ ਤੋਂ ਪਹਿਲਾਂ ਵੀ, ਹਰ ਪ੍ਰਵਾਰ ਨੂੰ ਹਰ ਐਤਵਾਰ ਇਥੇ ਆ ਕੇ ਖ਼ੁਦ ਦੇਖਣ ਦਾ ਸੱਦਾ ਦਿੰਦਿਆਂ ਆਖਿਆ ਕਿ ‘ਉੱਚਾ ਦਰ..’ ਵਿਖੇ ਤੁਸੀ ਬਾਬੇ ਨਾਨਕ ਨਾਲ ਖ਼ੁਦ ਗੱਲਾਂ ਕਰ ਰਹੇ ਮਹਿਸੂਸ ਕਰੋਗੇ। ਉਨ੍ਹਾਂ ਦਸਿਆ ਕਿ ਦੁਨੀਆਂ ਭਰ ’ਚ ਬਣੇ ਇਤਿਹਾਸਕ ਗੁਰਦਵਾਰਿਆਂ ਅਤੇ ਹੋਰ ਧਾਰਮਕ ਸਥਾਨਾਂ ਤੋਂ ਵਖਰੇ ਇਸ ਮਿਊਜ਼ੀਅਮ ’ਚ ਪਹਿਲੀ ਵਾਰ ਹਿੰਦੂਆਂ, ਮੁਸਲਮਾਨਾਂ ਤੇ ਈਸਾਈਆਂ ਅਥਵਾ ਗ਼ੈਰ ਸਿੱਖਾਂ ਅਤੇ ਗ਼ੈਰ ਭਾਰਤੀਆਂ ਅਰਥਾਤ ਅੰਗਰੇਜ਼ਾਂ ਸਮੇਤ ਵਖਰੀ-ਵਖਰੀ ਜਾਤ-ਪਾਤ, ਨਸਲ ਅਤੇ ਧਰਮ ਨਾਲ ਸਬੰਧਤ ਲੋਕਾਂ ਦੇ ਬਾਬੇ ਨਾਨਕ ਸਬੰਧੀ ਵਿਚਾਰ ਪੜ੍ਹਨ-ਸੁਣਨ ਅਤੇ ਦੇਖਣ ਨੂੰ ਮਿਲਣਗੇ।

ਉਨ੍ਹਾਂ ਆਖਿਆ ਕਿ ਅਰਬਾਂ ਰੁਪਏ ਦੇ ਸਾਲਾਨਾ ਬਜਟ ਵਾਲੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਸਿੱਖ ਗੁਰਦਵਾਰਾ ਮੈਨੇਜਮੈਂਟ ਕਮੇਟੀਆਂ ਉਹ ਕਾਰਜ ਨਹੀਂ ਕਰ ਸਕੀਆਂ, ਜੋ ਇਕ ਸ਼ੇਰ ਦਿਲ ਆਦਮੀ ਸ. ਜੋਗਿੰਦਰ ਸਿੰਘ ਨੇ ਕਰ ਦਿਖਾਇਆ ਹੈ ਜਦਕਿ ਸ. ਜੋਗਿੰਦਰ ਸਿੰਘ ਨੂੰ ਸਹਿਯੋਗ ਦੇਣ ਦੀ ਬਜਾਇ ਗੁਰਦਵਾਰਿਆਂ ’ਤੇ ਕਾਬਜ਼ ਧਿਰ ਨੇ ਝੂਠੇ ਪੁਲਿਸ ਮਾਮਲੇ ਦਰਜ ਕਰਵਾਏ, ਇਸ਼ਤਿਹਾਰਾਂ ’ਤੇ ਪਾਬੰਦੀ ਲਾਉਂਦਿਆਂ ਆਰਥਕ ਨਾਕਾਬੰਦੀ ਕੀਤੀ।

ਜੇਕਰ ਸ਼੍ਰੋਮਣੀ ਕਮੇਟੀ ਜਾਂ ਦਿੱਲੀ ਕਮੇਟੀ ਅਜਿਹਾ ਪ੍ਰਾਜੈਕਟ ਤਿਆਰ ਕਰਵਾਉਂਦੀ ਤਾਂ ਉਹ 500-600 ਕਰੋੜ ਰੁਪਏ ’ਚ ਵੀ ਤਿਆਰ ਨਹੀਂ ਸੀ ਹੋਣਾ ਅਤੇ ਹੁਣ 400 ਕਰੋੜ ਰੁਪਏ ਦੀ ਲਾਗਤ ਨਾਲ ਸ਼੍ਰੋਮਣੀ ਕਮੇਟੀ ਵਲੋਂ ਤਿਆਰ ਕਰਵਾਏ ਗਏ ਸ੍ਰੀ ਆਨੰਦਪੁਰ ਸਾਹਿਬ ਵਿਖੇ ‘ਵਿਰਾਸਤ-ਏ-ਖ਼ਾਲਸਾ’ ਨਾਲ ਸੰਗਤਾਂ ‘ਉੱਚਾ ਦਰ..’ ਦੀ ਤੁਲਨਾ ਕਰ ਸਕਦੀਆਂ ਹਨ। ਐਡਵੋਕੇਟ ਗੁਰਬਚਨ ਸਿੰਘ ਟੋਨੀ, ਸੁਖਵਿੰਦਰ ਸਿੰਘ ਬੱਬੂ, ਕਸ਼ਮੀਰ ਸਿੰਘ ਮੁਕਤਸਰ ਅਤੇ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਆਖਿਆ ਕਿ ਉੱਤਰ ਤੋਂ ਦੱਖਣ ਅਤੇ ਪੂਰਬ ਤੋਂ ਪੱਛਮ ਤਕ ਗੁਰੂ ਨਾਨਕ ਪਾਤਸ਼ਾਹ ਦੀਆਂ ਉਦਾਸੀਆਂ, ਦੌਰੇ ਜਾਂ ਯਾਤਰਾਵਾਂ ਦੀ ਜਾਣਕਾਰੀ ਵਿਸਥਾਰ ਸਹਿਤ ‘ਉੱਚਾ ਦਰ ਬਾਬੇ ਨਾਨਕ ਦਾ’ ਵਿਖੇ ਮਿਲਣ ਕਰ ਕੇ ਇਹ ਪ੍ਰਾਜੈਕਟ ਦੁਨੀਆਂ ਭਰ ਦਾ ਇਕ ਵਿਲੱਖਣ ਤੇ ਨਿਵੇਕਲਾ ਪ੍ਰਾਜੈਕਟ ਮੰਨਿਆ ਜਾਵੇਗਾ।

ਅੰਤ ਵਿਚ ਪੰਜਾਬ ਨਾਲ ਸਬੰਧਤ ਇਕ 31 ਮਿੰੰਟ ਦੀ ਦਸਤਾਵੇਜ਼ੀ ਫ਼ਿਲਮ ਵੀ ਦਿਖਾਈ ਗਈ ਜਿਸ ਵਿਚ ਪੰਜਾਬ ਦਾ ਵੇਦ ਕਾਲ ਤੋਂ ਲੈ ਕੇ ਹੁਣ ਤਕ ਦਾ ਪੂਰਾ ਇਤਿਹਾਸ, ਵਿਦਵਾਨਾਂ ਦੇ ਮੂੰਹੋਂ ਸੁਣਾਇਆ ਗਿਆ ਜੋ ਬਹੁਤ ਪ੍ਰਭਾਵਸ਼ਾਲੀ ਤੇ ਬਾਕਮਾਲ ਸੀ ਤੇ ਹਰ ਕਿਸੇ ਨੇ ਫ਼ਿਲਮ ਬਹੁਤ ਪਸੰਦ ਕੀਤੀ।  ਸ. ਜੋਗਿੰਦਰ ਸਿੰਘ ਨੇ ਦਸਿਆ ਕਿ ਇਸ ਤਰ੍ਹਾਂ ਦੀਆਂ 15-15 ਮਿੰਟ ਦੀਆਂ ਕੁਲ 8 ਫ਼ਿਲਮਾਂ ਦੀ ਤਿਆਰੀ ਕੀਤੀ ਜਾ ਚੁੱਕੀ ਹੈ, ਜੋ ਸਰਲ ਭਾਸ਼ਾ ’ਚ ਅਤੇ ਛੇਤੀ ਸਮਝ ਆਉਣ ਵਾਲੀਆਂ ਗਿਆਨ ਵਧਾਊ ਫ਼ਿਲਮਾਂ ਹੋਣਗੀਆਂ। ਅਖ਼ੀਰ ’ਚ ਸਾਰੀ ਸੰਗਤ ਨੇ ਇਕੱਠਿਆਂ ਬੈਠ ਕੇ ਲੰਗਰ ਛਕਿਆ।