ਕਿਲ੍ਹਾ ਰਾਮ ਬਾਗ਼ 'ਤੇ ਝੂਲ ਰਿਹੈ ਭਗਵਾਂ ਝੰਡਾ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਇਹ ਕਿਲ੍ਹਾ ਕਦੇ ਸਿੱਖ ਰਾਜ ਵਿਚ ਅਹਿਮ ਰੋਲ ਰਖਦਾ ਸੀ......

Qila Ram Bagh

ਤਰਨ ਤਾਰਨ : ਸਿੱਖ ਰਾਜ ਦੀ ਅਹਿਮ ਨਿਸ਼ਾਨੀ ਵਜੋਂ ਜਾਣੇ ਜਾਂਦੇ ਕਿਲ੍ਹਾ ਰਾਮ ਬਾਗ਼ 'ਤੇ ਅੱਜਕਲ ਭਗਵਾਂ ਝੰਡਾ ਝੂਲ ਰਿਹਾ ਹੈ। ਇਸ ਝੰਡੇ ਨੂੰ ਦੇਖ ਕੇ ਕੋਈ ਇਹ ਨਹੀਂ ਕਹਿ ਸਕਦਾ ਕਿ ਇਹ ਕਿਲ੍ਹਾ ਕਦੇ ਸਿੱਖ ਰਾਜ ਵਿਚ ਅਹਿਮ ਰੋਲ ਰਖਦਾ ਸੀ। ਮਹਾਰਾਜਾ ਰਣਜੀਤ ਸਿੰਘ ਦੇ ਕਾਰਜਕਾਲ ਵਿਚ ਅੰਮ੍ਰਿਤਸਰ ਨੂੰ ਵਿਸ਼ੇਸ਼ ਰੁਤਬਾ ਹਾਸਲ ਸੀ। ਸਰਕਾਰ-ਏ-ਖ਼ਾਲਸਾ ਮਹਾਰਾਜਾ ਰਣਜੀਤ ਸਿੰਘ ਅੰਮ੍ਰਿਤਸਰ ਤੇ ਲਾਹੌਰ ਵਿਚ ਅਪਣਾ ਸਮਾਂ ਬਤੀਤ ਕਰਦੇ ਸਨ। ਅੰਮ੍ਰਿਤਸਰ ਵਿਚ ਸ਼ੇਰੇ ਪੰਜਾਬ ਨਾਲ ਸਬੰਧਤ ਕਿਲ੍ਹਿਆਂ ਵਿਚੋਂ ਇਕ ਰਾਮ ਬਾਗ਼ ਦਾ ਸਮਰ ਪੈਲੇਸ ਤਾਂ ਖ਼ਸਤਾ ਹਾਲ ਵਿਚ ਹੈ ਹੀ।

ਰਾਮ ਬਾਗ਼ ਗੇਟ 'ਤੇ ਬਣੇ ਇਸ ਕਿਲ੍ਹੇ ਦੀ ਸਜਾਵਟ 'ਤੇ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਨੇ ਕਰੋੜਾਂ ਰੁਪਏ ਤਾਂ ਖ਼ਰਚ ਦਿਤੇ ਪਰ ਇਸ ਕਿਲ੍ਹੇ 'ਤੇ ਲਹਿਰਾ ਰਿਹਾ ਝੰਡਾ ਦੇਖ ਕੇ ਲੱਗਦਾ ਹੈ ਕਿ ਜਿਵੇਂ ਇਹ ਕਿਲ੍ਹਾ ਕਿਸੇ ਹੋਰ ਰਾਜ ਦੇ ਰਾਜੇ ਦੀ ਵਿਰਾਸਤ ਹੋਵੇ। ਕਿਲ੍ਹੇ ਦੇ ਬਾਹਰ ਲੱਗੇ ਬੋਰਡ ਨੂੰ ਪੜ੍ਹ ਕੇ ਪਤਾ ਲੱਗਦਾ ਹੈ ਕਿ ਇਹ ਕਿਲ੍ਹਾ ਮਹਾਰਾਜਾ ਰਣਜੀਤ ਸਿੰਘ ਦੇ ਕਾਲ ਦਾ ਹੈ।

ਇਤਿਹਾਸ ਮੁਤਾਬਕ ਸਿੱਖ ਰਾਜ ਸਮੇਂ ਅੰਮ੍ਰਿਤਸਰ ਦੀ ਹਿਫ਼ਾਜਤ ਲਈ 12 ਗੇਟਾਂ ਦਾ ਨਿਰਮਾਣ ਕੀਤਾ ਗਿਆ ਸੀ ਪਰ ਅੰਗਰੇਜ਼ ਰਾਜ ਸਮੇਂ ਇਨ੍ਹਾਂ ਗੇਟਾਂ ਦੀ ਹਾਲਤ ਤਰਸਯੋਗ ਹੋ ਗਈ ਸੀ। ਰਾਮ ਬਾਗ਼ ਕਿਲ੍ਹੇ ਵਿਚ ਲੰਮਾ ਸਮਾਂ ਪੁਲਿਸ ਦਾ ਥਾਣਾ ਚਲਦਾ ਰਿਹਾ। ਇਹ ਇਮਾਰਤ ਜਿਸ ਦੀ ਹਾਲਤ ਖ਼ਸਤਾ ਸੀ, ਦੀ ਮੁੜ ਮੁਰੰਮਤ ਲਈ ਭਾਰਤ ਸਰਕਾਰ ਵਲੋਂ ਮਿਲੇ ਫ਼ੰਡਾਂ ਤਹਿਤ ਇਸ ਦੀ ਦਿਖ ਤਾਂ ਸੁਧਰ ਗਈ ਪਰ ਵਿਰਾਸਤ ਉਜੜ ਗਈ।