ਬੱਚਿਆਂ ਵਾਲਿਓ ਭੁੱਲ ਨਾ ਜਾਇਓ ਸਾਹਿਬਜ਼ਾਦਿਆਂ ਦੀ ਕੁਰਬਾਨੀ ਨੂੰ

ਏਜੰਸੀ

ਪੰਥਕ, ਪੰਥਕ/ਗੁਰਬਾਣੀ

ਸੂਬਾ ਸਰਹਿੰਦ ਦੀ ਕਚਹਿਰੀ ਵਿੱਚ ਪੇਸ਼ੀ ਦੌਰਾਨ ਛੋਟੇ ਸਾਹਿਬਜ਼ਾਦਿਆਂ ਨੂੰ ਪਹਿਲਾਂ ਵੱਖੋ-ਵੱਖ ਕਿਸਮ ਦੇ ਲਾਲਚ ਦਿੱਤੇ ਗਏ

Shahidi Chote Sahibzade and Mata Gujri Ji

ਸਰਸਾ ਨਦੀ 'ਤੇ ਪਏ ਵਿਛੋੜੇ ਤੋਂ ਬਾਅਦ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦੇ ਪਹਿਲਾਂ ਕੁੰਮਾ ਮਾਸ਼ਕੀ ਦੀ ਛੰਨ 'ਚ ਪਹੁੰਚੇ, ਅਤੇ ਉਸ ਤੋਂ ਬਾਅਦ ਉਨ੍ਹਾਂ ਨੂੰ ਗੁਰੂ ਘਰ ਦਾ ਰਸੋਈਆ ਗੰਗੂ ਆਪਣੇ ਨਾਲ ਲੈ ਗਿਆ, ਜਿਸ ਦਾ ਪਿੰਡ ਮੋਰਿੰਡਾ ਕੋਲ ਸਹੇੜੀ ਦੱਸਿਆ ਜਾਂਦਾ ਹੈ। ਜਦੋਂ ਮਾਤਾ ਗੁਜਰੀ ਜੀ ਦੀ ਪੋਟਲੀ 'ਚ ਬੰਨੀਆਂ ਮੋਹਰਾਂ 'ਤੇ ਗੰਗੂ ਦਾ ਮਨ ਬੇਈਮਾਨ ਹੋ ਗਿਆ, ਅਤੇ ਮਾਤਾ ਗੁਜਰੀ ਜੀ ਨੇ ਉਸ ਨੂੰ ਮੋਹਰਾਂ ਬਿਨਾਂ ਪੁੱਛੇ ਲੈਣ ਬਦਲੇ ਟੋਕ ਦਿੱਤਾ, ਤਾਂ ਚੋਰੀ ਫ਼ੜੇ ਜਾਣ 'ਤੇ ਖਿਝੇ ਗੰਗੂ ਨੇ ਮੋਰਿੰਡਾ ਦੇ ਥਾਣੇਦਾਰ ਰਾਹੀਂ ਛੋਟੇ ਸਾਹਿਬਜ਼ਾਦਿਆਂ ਨੂੰ ਮਾਤਾ ਗੁਜਰੀ ਜੀ ਸਮੇਤ ਸੂਬਾ ਸਰਹਿੰਦ ਕੋਲ ਗ੍ਰਿਫ਼ਤਾਰ ਕਰਵਾ ਦਿੱਤਾ।  

ਜ਼ਾਲਮ ਸੂਬਾ ਸਰਹਿੰਦ ਨੇ ਕੜਾਕੇ ਦੀ ਠੰਢ ਵਿੱਚ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਠੰਡੇ ਬੁਰਜ ਵਿੱਚ ਕੈਦ ਕੀਤਾ। ਸਖ਼ਤਾਈ ਦੇ ਬਾਵਜੂਦ ਆਪਣਾ ਸਭ ਕੁਝ ਦਾਅ 'ਤੇ ਲਾ ਕੇ ਭਾਈ ਮੋਤੀ ਰਾਮ ਮਹਿਰਾ ਨੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਤੱਕ ਗਰਮ ਦੁੱਧ ਦੀ ਸੇਵਾ ਪਹੁੰਚਾਈ, ਜਿਸ ਬਦਲੇ ਭਾਈ ਮੋਤੀ ਰਾਮ ਮਹਿਰਾ ਨੂੰ ਪਰਿਵਾਰ ਸਮੇਤ ਕੋਹਲੂ ਵਿੱਚ ਪੀੜ ਕੇ ਸ਼ਹੀਦ ਕੀਤਾ ਗਿਆ। 

ਸੂਬਾ ਸਰਹਿੰਦ ਦੀ ਕਚਹਿਰੀ ਵਿੱਚ ਪੇਸ਼ੀ ਦੌਰਾਨ ਛੋਟੇ ਸਾਹਿਬਜ਼ਾਦਿਆਂ ਨੂੰ ਪਹਿਲਾਂ ਵੱਖੋ-ਵੱਖ ਕਿਸਮ ਦੇ ਲਾਲਚ ਦਿੱਤੇ ਗਏ, ਅਤੇ ਬਾਅਦ 'ਚ ਉਨ੍ਹਾਂ ਨੂੰ ਡਰਾ-ਧਮਕਾ ਕੇ ਧਰਮ ਤਿਆਗਣ ਲਈ ਮਜਬੂਰ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ। ਪਰ ਸਾਹਿਬਜ਼ਾਦੇ ਨਾ ਤਾਂ ਕਿਸੇ ਲਾਲਚ ਵਿੱਚ ਆਏ, ਅਤੇ ਨਾ ਹੀ ਕੋਈ ਡਰਾਵਾ ਉਨ੍ਹਾਂ ਨੂੰ ਸੱਚਾਈ ਤੋਂ ਡੇਗ ਸਕਿਆ। ਹਰ ਸਵਾਲ ਦਾ ਉਨ੍ਹਾਂ ਪੂਰੀ ਦਲੇਰੀ ਨਾਲ ਜਵਾਬ ਦਿੱਤਾ, ਅਤੇ ਕਿਹਾ ਕਿ ਉਹ ਜ਼ੁਲਮ ਵਿਰੁੱਧ ਡਟ ਕੇ ਲੜਦੇ ਰਹਿਣਗੇ।   

ਵਜ਼ੀਰ ਖ਼ਾਨ ਨੇ ਕਾਜ਼ੀ ਨੂੰ ਪੁੱਛਿਆ ਕਿ ਇਨ੍ਹਾਂ ਬੱਚਿਆਂ ਨੂੰ ਕੀ ਸਜ਼ਾ ਦਿੱਤੀ ਜਾ ਸਕਦੀ ਹੈ, ਤਾਂ ਕਾਜ਼ੀ ਨੇ ਜਵਾਬ ਦਿੱਤਾ ਕਿ ਇਸਲਾਮ ਵਿੱਚ ਬੱਚਿਆਂ ਨੂੰ ਸਜ਼ਾ ਦੇਣ ਦੀ ਇਜਾਜ਼ਤ ਨਹੀਂ। ਇਹ ਸੁਣ ਕੇ ਵਜ਼ੀਰ ਖ਼ਾਨ ਨੇ ਮਲੇਰਕੋਟਲਾ ਦੇ ਨਵਾਬ ਸ਼ੇਰ ਮੁਹੰਮਦ ਖ਼ਾਨ ਨੂੰ ਕਿਹਾ ਕਿ ਉਹ ਇਨ੍ਹਾਂ ਬੱਚਿਆਂ ਨੂੰ ਸਜ਼ਾ ਦੇ ਕੇ ਆਪਣੇ ਭਰਾ ਦੀ ਮੌਤ ਦਾ ਬਦਲਾ ਲੈ ਸਕਦਾ ਹੈ। ਪਰ ਨਵਾਬ ਮਲੇਰਕੋਟਲਾ ਨੇ ਕਿਹਾ ਕਿ ਮੇਰਾ ਭਰਾ ਇਨ੍ਹਾਂ ਦੇ ਪਿਤਾ ਨਾਲ ਜੰਗ 'ਚ ਮਾਰਿਆ ਗਿਆ ਸੀ, ਅਤੇ ਪਿਤਾ ਦਾ ਬਦਲਾ ਮੈਂ ਪੁੱਤਰਾਂ ਤੋਂ ਨਹੀਂ ਲਵਾਂਗਾ। 

ਕਾਜ਼ੀ ਅਤੇ ਨਵਾਬ ਮਲੇਰਕੋਟਲਾ ਦਾ ਸਾਹਿਬਜ਼ਾਦਿਆਂ ਪ੍ਰਤੀ ਰੁਖ਼ ਨਰਮ ਪੈਂਦਾ ਦੇਖ, ਦੀਵਾਨ ਸੁੱਚਾ ਨੰਦ ਨੇ ਚਾਲ ਖੇਡੀ। ਉਸ ਨੇ ਕਈ ਅਜਿਹੇ ਸਵਾਲ ਚੁੱਕੇ ਜਿਨ੍ਹਾਂ ਨਾਲ ਉਸ ਨੇ ਵਜ਼ੀਰ ਖ਼ਾਨ ਨੂੰ ਸਾਹਿਬਜ਼ਾਦਿਆਂ ਵਿਰੁੱਧ ਭੜਕਾਇਆ। ਸੁੱਚਾ ਨੰਦ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਸਾਹਿਬਜ਼ਾਦਿਆਂ ਵਿਰੁੱਧ ਬੜੀਆਂ ਇਤਰਾਜ਼ਯੋਗ ਦਲੀਲਾਂ ਵਰਤ ਕੇ ਵਜ਼ੀਰ ਖ਼ਾਨ ਨੂੰ ਉਕਸਾਇਆ ਕਿ ਉਹ ਹਰ ਹੀਲੇ ਇਨ੍ਹਾਂ ਬੱਚਿਆਂ ਨੂੰ ਸਜ਼ਾ ਦੇਵੇ। 

ਵਜ਼ੀਰ ਖ਼ਾਨ ਨੇ ਜਦੋਂ ਕਾਜ਼ੀ ਤੋਂ ਸਜ਼ਾ ਬਾਰੇ ਦੁਬਾਰਾ ਪੁੱਛਿਆ, ਤਾਂ ਇਸਲਾਮ 'ਚ ਬੱਚਿਆਂ ਨੂੰ ਸਜ਼ਾ ਦੀ ਮਨਾਹੀ ਦੀ ਗੱਲ ਕਹਿਣ ਵਾਲੇ ਕਾਜ਼ੀ ਨੇ ਵਜ਼ੀਰ ਖ਼ਾਨ ਨੂੰ ਖ਼ੁਸ਼ ਕਰਨ ਦੇ ਮਕਸਦ ਨਾਲ ਦੋਵੇਂ ਸਾਹਿਬਜ਼ਾਦਿਆਂ ਨੂੰ ਜਿਉਂਦਿਆਂ ਨੀਹਾਂ ਵਿੱਚ ਚਿਣ ਦੇਣ ਦਾ ਫ਼ਤਵਾ ਸੁਣਾ ਦਿੱਤਾ। ਉਹ ਭੈੜਾ ਸਮਾਂ ਆਇਆ ਜਦੋਂ ਸਾਹਿਬਜ਼ਾਦਿਆਂ ਨੂੰ ਕੰਧਾਂ ਵਿੱਚ ਚਿਣਿਆ ਜਾਣ ਲੱਗਿਆ। ਮੋਢਿਆਂ ਤੱਕ ਆ ਕੇ ਕੰਧ ਡਿੱਗ ਪਈ, ਤੇ ਸਾਹਿਬਜ਼ਾਦੇ ਬੇਹੋਸ਼ ਹੋ ਗਏ। 

ਇਸ ਤੋਂ ਬਾਅਦ ਜੱਲਾਦਾਂ ਨੂੰ ਬੁਲਾ ਕੇ ਸਾਹਿਬਜ਼ਾਦਿਆਂ ਨੂੰ ਜ਼ਿਬ੍ਹਾ ਕਰਨ, ਭਾਵ ਉਨ੍ਹਾਂ ਦੇ ਗਲ਼ੇ ਕੱਟਣ ਦਾ ਹੁਕਮ ਸੁਣਾਇਆ ਗਿਆ। ਸਮਾਣੇ ਦੇ ਦੋ ਜੱਲਾਦਾਂ ਸਾਸ਼ਲ ਬੇਗ ਅਤੇ ਬਾਸ਼ਲ ਬੇਗ ਨੇ ਮੁਗ਼ਲ ਹਾਕਮਾਂ ਦੇ ਹੁਕਮਾਂ 'ਤੇ ਜ਼ਿਬ੍ਹਾ ਕਰਨ ਦਾ ਪਾਪ ਕਮਾਇਆ। ਸਾਹਿਬਜ਼ਾਦਿਆਂ ਦੇ ਅਕਾਲ ਚਲਾਣੇ ਦੀ ਖ਼ਬਰ ਸੁਣਨ ਤੋਂ ਬਾਅਦ, ਮਾਤਾ ਗੁਜਰੀ ਜੀ ਨੇ ਵੀ ਆਪਣਾ ਸਰੀਰ ਤਿਆਗ ਦਿੱਤਾ। 

ਸਤਿਕਾਰਯੋਗ ਦੀਵਾਨ ਟੋਡਰ ਮੱਲ ਨੇ ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਦੇ ਅੰਤਿਮ ਸਸਕਾਰ ਵਾਸਤੇ ਸੋਨੇ ਦੀਆਂ ਮੋਹਰਾਂ ਖੜ੍ਹੀਆਂ ਕਰਕੇ ਦੁਨੀਆ ਦੀ ਸਭ ਤੋਂ ਮਹਿੰਗੀ ਜ਼ਮੀਨ ਖਰੀਦੀ। ਜਿਸ ਥਾਂ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਿਆ ਗਿਆ, ਉਸ ਥਾਂ 'ਤੇ ਅੱਜ ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ, ਅਤੇ ਜਿਸ ਥਾਂ 'ਤੇ ਤਿੰਨਾਂ ਸ਼ਹੀਦਾਂ ਦਾ ਸਸਕਾਰ ਕੀਤਾ ਗਿਆ, ਉਸ ਥਾਂ 'ਤੇ ਗੁਰਦੁਆਰਾ ਜੋਤੀ ਸਰੂਪ ਸਾਹਿਬ ਸੁਸ਼ੋਭਿਤ ਹੈ। 

ਇਨ੍ਹਾਂ ਥਾਵਾਂ 'ਤੇ ਸੰਗਤ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ, ਸਾਹਿਬਜ਼ਾਦਾ ਬਾਬਾ ਫ਼ਤਿਹ ਸਿੰਘ ਜੀ ਅਤੇ ਮਾਤਾ ਗੁਜਰੀ ਜੀ ਨੂੰ ਸ਼ਰਧਾ ਦੇ ਫ਼ੁੱਲ ਭੇਟ ਕਰਨ ਲਈ ਦੁਨੀਆ ਦੇ ਕੋਨੇ-ਕੋਨੇ ਤੋਂ ਪਹੁੰਚਦੀ ਹੈ। ਦੂਰੋਂ-ਨੇੜਿਓਂ ਪਹੁੰਚੀ ਸਾਰੀ ਸੰਗਤ ਦੀ ਹਾਜ਼ਰੀ ਗੁਰੂ ਚਰਨਾਂ 'ਚ ਪ੍ਰਵਾਨ ਹੋਵੇ।