Safar-E-Shahadat: ਸਬਰ ਤੇ ਸਿਦਕ ਦੀ ਮੂਰਤ ਮਾਤਾ ਗੁਜਰੀ ਜੀ
ਗੁਰੂ ਤੇਗ਼ ਬਹਾਦਰ ਜੀ ਦੇ ਮਹਿਲ ਮਾਤਾ ਗੁਜਰੀ ਜੀ ਜਿਨ੍ਹਾਂ ਨੂੰ ਗੁਰੂ ਨੂੰਹ, ਗੁਰੂ ਸੁਪਤਨੀ ਤੇ ਗੁਰੂ ਮਾਤਾ ਹੋਣ ਦਾ ਮਾਣ ਹਾਸਲ ਹੈ,
ਬੇਬੇ ਨਾਨਕੀ ਜੀ ਤੋਂ ਲੈ ਕੇ ਗੁਰੂ ਮਾਤਾਵਾਂ, ਗੁਰੂ ਮਹਿਲ ਤੇ ਗੁਰੂ ਸਪੁੱਤਰੀਆਂ ਦਾ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ’ਚ ਵੱਡਾ ਯੋਗਦਾਨ ਹੈ। ਡਾ. ਜਸਪਾਲ ਸਿੰਘ ਲਿਖਦੇ ਹਨ ਕਿ ਸਿੱਖ ਪੰਥ ਦੀ ਨੁਹਾਰ ਨਿਸ਼ਚਤ ਕਰਨ ਵਿਚ ਗੁਰੂ ਮਹਿਲਾਂ ਦਾ ਉਚੇਚਾ ਯੋਗਦਾਨ ਹੈ। ਭਾਵੇਂ ਗੁਰੂ ਮਹਿਲਾਂ ਦੀ ਵਡਮੁੱਲੀ ਦੇਣ ਬਾਰੇ ਸਿੱਖ ਸਰੋਤਾਂ ’ਚ ਇਤਿਹਾਸਕ ਸਮੱਗਰੀ ਦੀ ਬਹੁਤ ਘਾਟ ਹੈ ਪਰ ਫਿਰ ਵੀ ਜਿਹੜੇ ਠੋਸ ਹਵਾਲੇ ਮਿਲਦੇ ਹਨ, ਉਨ੍ਹਾਂ ਦੇ ਆਧਾਰ ’ਤੇ ਇਹ ਸਿੱਟਾ ਕਢਿਆ ਜਾ ਸਕਦਾ ਹੈ ਕਿ ਗੁਰੂ ਮਹਿਲਾਂ ਨੇ ਸਿੱਖੀ ਦਾ ਮਹੱਲ ਉਸਾਰਨ ਵਿਚ ਬੁਨਿਆਦ ਦਾ ਕੰਮ ਕੀਤਾ ਹੈ। ਗੁਰੂ ਪ੍ਰੰਪਰਾ ਦੇ ਨਾਲ ਨਾਲ ਗੁਰੂ ਮਹਿਲ ਪ੍ਰੰਪਰਾ ਵੀ ਅਪਣੇ ਆਪ ’ਚ ਇਕ ਸੰਸਥਾ ਦੇ ਰੂਪ ’ਚ ਕਾਰਜਸ਼ੀਲ ਰਹੀ ਹੈ। ਗੁਰੂ ਮਹਿਲਾਂ ਨੇ ਸਮਾਜ ਨੂੰ ਨਵੀਂ ਜੀਵਨ ਸ਼ੈਲੀ, ਦ੍ਰਿਸ਼ਟੀ ਤੇ ਨਵਾਂ ਚਿੰਤਨ ਦਿਤਾ। ਗੁਰੂ ਮਹਿਲਾਂ ਦਾ ਸਿੱਖ ਧਰਮ ਪ੍ਰ੍ਰਚਾਰਨ ਤੇ ਅਮਲੀ ਜਾਮਾ ਪਹਿਨਾਉਣ ’ਚ ਅਦੁਤੀ ਯੋਗਦਾਨ ਹੈ।
ਗੁਰੂ ਤੇਗ਼ ਬਹਾਦਰ ਜੀ ਦੇ ਮਹਿਲ ਮਾਤਾ ਗੁਜਰੀ ਜੀ ਜਿਨ੍ਹਾਂ ਨੂੰ ਗੁਰੂ ਨੂੰਹ, ਗੁਰੂ ਸੁਪਤਨੀ ਤੇ ਗੁਰੂ ਮਾਤਾ ਹੋਣ ਦਾ ਮਾਣ ਹਾਸਲ ਹੈ, ਉਨ੍ਹਾਂ ਨੂੰ ਸ਼ਹੀਦ ਪਤੀ ਦੀ ਸੁਪਤਨੀ, ਸ਼ਹੀਦ ਪੁੱਤਰ ਦੀ ਮਾਤਾ ਤੇ ਸ਼ਹੀਦ ਪੋਤਰਿਆਂ ਦੀ ਦਾਦੀ ਹੋਣ ਦਾ ਵੀ ਮਾਣ ਹਾਸਲ ਹੈ। ਮਾਤਾ ਗੁਜਰੀ ਜੀ ਸਬਰ, ਸੰਤੋਖ, ਸੇਵਾ-ਸਿਮਰਨ ਤੇ ਕੁਰਬਾਨੀ ਦੀ ਮਿਸਾਲ ਹਨ ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾ ਸਰੋਤ ਹੈ। ਮਾਤਾ ਗੁਜਰੀ ਜੀ ਦੇ ਜਨਮ ਬਾਰੇ ਭਾਵੇਂ ਸਿੱਖ ਸਰੋਤਾਂ ’ਚ ਕੋਈ ਪੁਖਤਾ ਜਾਣਕਾਰੀ ਨਹੀਂ ਪਰ ਉਨ੍ਹਾਂ ਦੇ ਵਿਆਹ ਦੀ ਤਰੀਕ ਦਾ ਵਰਣਨ ਜ਼ਰੂਰ ਮਿਲਦਾ ਹੈ। ਇਸੇ ਤਰੀਕ ਤੋਂ ਵਿਦਵਾਨਾਂ ਨੇ ਉਨ੍ਹਾਂ ਦੀ ਜਨਮ ਦੀ ਤਰੀਕ ਦਾ ਅੰਦਾਜ਼ਾ ਲਾਇਆ ਹੈ।
ਇਤਿਹਾਸ ’ਚ ਉਨ੍ਹਾਂ ਦੇ ਜਨਮ ਦੀਆਂ ਵਖਰੀਆਂ ਤਰੀਕਾਂ ਲਿਖੀਆਂ ਮਿਲਦੀਆਂ ਹਨ ਪ੍ਰੰਤੂ ਵਧੇਰੇ ਵਿਦਵਾਨ ਸੰਮਤ 1681 ਬਿਕਰਮੀ (1624 ਈ.) ਨੂੰ ਸਹੀ ਮੰਨਦੇ ਹਨ। ਮਾਤਾ ਗੁਜਰੀ ਜੀ ਦਾ ਜਨਮ ਕਰਤਾਰਪੁਰ ਜ਼ਿਲ੍ਹਾ ਜਲੰਧਰ ਵਿਖੇ ਭਾਈ ਲਾਲ ਚੰਦ ਸੁਭਿਖੀ ਦੇ ਘਰ ਮਾਤਾ ਬਿਸ਼ਨ ਕੌਰ ਦੀ ਕੁੱਖੋਂ 23 ਕਤਕ (ਮੱਘਰ ਵਦੀ 7) ਸੰਮਤ 1681 ਬਿਕਰਮੀ (1624ਈ.) ਨੂੰ ਹੋਇਆ। (ਪ੍ਰਧਾਨ ਸ਼੍ਰੋ.ਗੁ.ਪ੍ਰ. ਕਮੇਟੀ ਦੁਆਰਾ ਮਾਤਾ ਗੁਜਰੀ ਜੀ ਦੇ ਜਨਮ ਦੀ ਸਹੀ ਤਰੀਕ ਨਿਸ਼ਚਤ ਕਰਨ ਸਬੰਧੀ ਸਿੱਖ ਇਤਿਹਾਸ ਰਿਸਰਚ ਬੋਰਡ ਰਾਹੀਂ ਬਣਾਏ ਗਈ ਸਬ ਕਮੇਟੀ ਦੀ ਰਿਪੋਰਟ ਅਨੁਸਾਰ) ਭਾਈ ਲਾਲ ਚੰਦ ਜੀ ਦਾ ਪ੍ਰਵਾਰਕ ਪਿਛੋਕੜ ਲਖਨੌਰ ਦਾ ਸੀ ਪਰ ਆਪ ਜੀ ਕੰਮਕਾਰ ਕਾਰਨ ਕਰਤਾਰਪੁਰ ਆ ਵਸੇ। ਕਰਤਾਰਪੁਰ ਨਗਰ ਗੁਰੂ ਅਰਜਨ ਸਾਹਿਬ ਨੇ ਵਸਾਇਆ ਸੀ। ਭਾਈ ਲਾਲ ਚੰਦ ਜੀ, ਗੁਰੂ ਸਾਹਿਬ ਦੇ ਸ਼ਰਧਾਲੂ ਸਨ। ਭਾਈ ਲਾਲ ਚੰਦ ਜੀ ਦੇ ਦੋ ਸਪੁੱਤਰ ਮਿਹਰ ਚੰਦ ਤੇ ਕ੍ਰਿਪਾਲ ਚੰਦ ਸਨ। ਮਿਹਰ ਚੰਦ ਲਖਨੌਰ ਵਿਖੇ ਰਹਿੰਦੇ ਸੀ ਤੇ ਕ੍ਰਿਪਾਲ ਚੰਦ ਪਿਤਾ ਨਾਲ ਕਰਤਾਰਪੁਰ ਰਹਿੰਦੇ ਸੀ।
ਪੁਰਾਤਨ ਸਮੇਂ ਛੋਟੀ ਉਮਰ ’ਚ ਹੀ ਲੜਕੀਆਂ ਦਾ ਵਿਆਹ ਕਰ ਦਿਤਾ ਜਾਂਦਾ ਸੀ ਪ੍ਰੰਤੂ ਸਹੁਰੇ ਘਰ ਬਾਲਗ ਹੋਣ ਤੇ ਤੋਰਿਆ ਜਾਂਦਾ ਸੀ। ਇਸੇ ਤਰ੍ਹਾਂ ਜਦੋਂ (ਮਾਤਾ) ਗੁਜਰੀ ਜੀ ਦੀ ਉਮਰ ਸੱਤ-ਅੱਠ ਸਾਲ ਦੇ ਕਰੀਬ ਹੋਈ ਤਾਂ ਭਾਈ ਲਾਲ ਨੇ ਉਨ੍ਹਾਂ ਦੇ ਰਿਸ਼ਤੇ ਬਾਰੇ ਸੋਚਿਆ। ਗੁਰੂ ਹਰਿਗੋਬਿੰਦ ਸਾਹਿਬ ਜਦੋਂ ਅਪਣੇ ਸਪੁੱਤਰ ਸੂਰਜ ਮੱਲ ਨੂੰ ਸ੍ਰੀ ਕਰਤਾਰਪੁਰ ਵਿਆਹੁਣ ਆਏ ਤਾਂ ਇਸ ਬਰਾਤ ’ਚ ਭਾਈ ਲਾਲ ਚੰਦ ਨੇ ਤੇਗ਼ ਬਹਾਦਰ ਜੀ ਨੂੰ ਪਸੰਦ ਕਰ ਲਿਆ। ਗੁਰੂ ਪ੍ਰਵਾਰ ਨਾਲ ਇਸ ਰਿਸ਼ਤੇ ਦੀ ਸਹਿਮਤੀ ਹੋਣ ਮਗਰੋਂ (ਮਾਤਾ) ਗੁਜਰੀ ਤੇ (ਗੁਰੂ) ਤੇਗ਼ ਬਹਾਦਰ ਜੀ ਦਾ ਵਿਆਹ 1689 ਬਿਕਰਮੀ (1632ਈ.) ਨੂੰ ਕਰਤਾਰਪੁਰ ਵਿਖੇ ਹੋਇਆ। (ਮਾਤਾ) ਗੁਜਰੀ ਜੀ ਦਾ ਅੰਮ੍ਰਿਤਸਰ ਗੁਰੂ ਕੇ ਮਹਿਲ ਬੜੇ ਚਾਵਾਂ ਨਾਲ ਡੋਲਾ ਲਿਆਂਦਾ ਗਿਆ। ਗੁਰੂ ਹਰਿਗੋਬਿੰਦ ਜੀ ਦਾ ਹਕੂਮਤ ਨਾਲ ਟਕਰਾਅ ਵਧਣ ਕਰ ਕੇ ਪ੍ਰਵਾਰ ਨੂੰ ਅੰਮ੍ਰਿਤਸਰ ਛੱਡਣਾ ਪਿਆ ਤੇ ਆਪ ਕੀਰਤਪੁਰ ਸਾਹਿਬ ਆ ਗਏ। ਗੁਰੂ ਹਰਿਗੋਬਿੰਦ ਸਾਹਿਬ ਨੇ ਵੱਡੇ ਸਪੁੱਤਰ ਬਾਬਾ ਗੁਰਦਿੱਤਾ ਜੀ ਦੇ ਹੋਣਹਾਰ ਬੇਟੇ ਗੁਰੂ ਹਰਿਰਾਏ ਸਾਹਿਬ ਨੂੰ ਗੁਰਗੱਦੀ ਦਾ ਵਾਰਸ ਥਾਪਿਆ। ਛੇਵੇਂ ਪਾਤਸ਼ਾਹ ਦੇ ਪ੍ਰਲੋਕ ਗਮਨ ਤੋਂ ਬਾਅਦ ਮਾਤਾ ਨਾਨਕੀ ਜੀ ਅਪਣੇ ਸਪੁੱਤਰ ਤੇ ਨੂੰਹ ਨੂੰ ਲੈ ਕੇ ਪੇਕੇ ਪਿੰਡ ਬਕਾਲੇ ਆ ਕੇ ਰਹਿਣ ਲੱਗੇ, ਜਿੱਥੇ (ਗੁਰੂ) ਤੇਗ਼ ਬਹਾਦਰ ਜੀ ਨੇ ਤਪੱਸਿਆ ਕੀਤੀ।
ਮੱਖਣ ਸ਼ਾਹ ਲੁਬਾਣੇ ਵਲੋਂ ਗੁਰੂ ਤੇਗ਼ ਬਹਾਦਰ ਜੀ ਨੂੰ ਗੁਰੂ ਪ੍ਰਗਟ ਕਰਨ ਬਾਅਦ ਗੁਰੂ ਪ੍ਰਵਾਰ ਧੀਰ ਮੱਲੀਆਂ ਤੋਂ ਖਹਿੜਾ ਛੁਡਵਾਉਂਦਾ ਹੋਇਆ ਕੀਰਤਪੁਰ ਸਾਹਿਬ ਆ ਗਿਆ। ਇੱਥੇ ਰਹਿੰਦਿਆਂ ਹੀ ਬਿਲਾਸਪੁਰ ਦੇ ਰਾਜੇ ਦੀਪ ਚੰਦ ਦੀ ਪਤਨੀ ਰਾਣੀ ਚੰਪਾ ਤੋਂ ਜ਼ਮੀਨ ਲੈ ਕੇ ‘ਚੱਕ ਨਾਨਕੀ’ ਨਾਂ ਦਾ ਨਗਰ ਵਸਾਇਆ ਜਿਸ ਨੂੰ ਬਾਅਦ ’ਚ ਅਨੰਦਪੁਰ ਸਾਹਿਬ ਆਖਿਆ ਜਾਣ ਲੱਗਾ। ਇਥੋਂ ਹੀ ਗੁਰੂ ਤੇਗ਼ ਬਹਾਦਰ ਜੀ ਨੇ ਅਪਣੇ ਪ੍ਰਵਾਰ ਸਮੇਤ ਬੰਗਾਲ-ਬਿਹਾਰ ਤੇ ਅਸਾਮ ਦੀਆਂ ਯਾਤਰਾਵਾਂ ਕੀਤੀਆਂ। ਗੁਰੂ ਤੇਗ਼ ਬਹਾਦਰ ਜੀ ਜਦੋਂ 1665 ਈ. ’ਚ ਗੁਰਮਤਿ ਪ੍ਰਚਾਰ ਲਈ ਗਏ ਤਾਂ ਉਸ ਸਮੇਂ ਮਾਤਾ ਗੁਜਰੀ ਜੀ ਉਨ੍ਹਾਂ ਨਾਲ ਸਨ। ਗੁਰੂ ਜੀ ਸਾਰੇ ਪ੍ਰਵਾਰ ਨੂੰ ਪਟਨਾ ਨਗਰ ਵਿਖੇ ਛੱਡ ਕੇ ਆਪ ਢਾਕਾ ਵਲ ਚਲੇ ਗਏ।
ਪਟਨਾ ਵਿਖੇ ਹੀ ਮਾਤਾ ਗੁਜਰੀ ਜੀ ਦੀ ਕੁੱਖੋਂ ਪੋਹ ਸੁਦੀ ਸੱਤਵੀਂ 23 ਪੋਹ ਸੰਮਤ 1723ਬਿ. (22 ਦਸੰਬਰ 1666) ਨੂੰ ਬਾਲਕ ਗੋਬਿੰਦ ਰਾਏ ਜੀ ਨੇ ਜਨਮ ਲਿਆ। ਕੱੁਝ ਸਮੇਂ ਬਾਅਦ ਗੁਰੂ ਨੌਵੇਂ ਪਾਤਸ਼ਾਹ ਨੇ ਅਪਣੇ ਸਾਰੇ ਪ੍ਰਵਾਰ ਨੂੰ ਆਨੰਦਪੁਰ ਸਾਹਿਬ ਬੁਲਾ ਲਿਆ। ਅਜੇ ਬਹੁਤਾ ਸਮਾਂ ਨਹੀਂ ਸੀ ਬੀਤਿਆ ਕਿ ਕਸ਼ਮੀਰ ਦੇ ਪੰਡਤ ਕ੍ਰਿਪਾ ਰਾਮ ਦੀ ਅਗਵਾਈ ਹੇਠ ਗੁਰੂ ਤੇਗ਼ ਬਹਾਦਰ ਜੀ ਦੇ ਦਰਬਾਰ ਹਾਜ਼ਰ ਹੋਏ। ਔਰੰਗਜ਼ੇਬ ਦੇ ਜ਼ੁਲਮਾਂ ਦੇ ਸਤਾਏ ਹੋਏ ਕਸ਼ਮੀਰੀ ਪੰਡਤਾਂ ਨੇ ਗੁਰੂ ਜੀ ਨੂੰ ਅਪਣੀ ਵਿਥਿਆ ਸੁਣਾਈ, ਤਾਂ ਕੋਲ ਖੜੇ ਬਾਲ ਗੋਬਿੰਦ, ਪਿਤਾ ਜੀ ਨੂੰ ਸ਼ਹੀਦ ਹੋਣ ਲਈ ਔਰੰਗਜ਼ੇਬ ਦੇ ਦਰਬਾਰ ਵਲ ਤੋਰਦੇ ਹਨ। ਮਾਤਾ ਗੁਜਰੀ ਜੀ ਦੇ ਸਿਰ ਬਹੁਤ ਵੱਡੀ ਜ਼ਿੰਮੇਵਾਰੀ ਆ ਪਈ।
ਬਾਲ ਗੋਬਿੰਦ ਰਾਏ ਦੇ ਗੁਰੂ ਬਣਨ ਤੋਂ ਬਾਅਦ ਉਨ੍ਹਾਂ ਦਾ ਵਿਆਹ ਕੀਤਾ, ਘਰ ’ਚ ਪੋਤਰਿਆਂ ਦੀਆਂ ਕਿਲਕਾਰੀਆਂ ਨੇ ਖ਼ੁਸ਼ੀਆਂ ਤੇ ਖੇੜੇ ਪ੍ਰਦਾਨ ਕੀਤੇ। ਗੁਰੂ ਗੋਬਿੰਦ ਸਿੰਘ ਜੀ ਵਲੋਂ ਖ਼ਾਲਸਾ ਸਾਜਣ ਤੋਂ ਬਾਅਦ ਪਹਾੜੀ ਰਾਜਿਆਂ ਦੀ ਬੁਖਲਾਹਟ ਨੇ ਹਕੂਮਤ ਦੇ ਅਜਿਹੇ ਕੰਨ ਭਰੇ ਕਿ ਗੁਰੂ ਸਾਹਿਬ ਨੂੰ ਆਨੰਦਪੁਰ ਸਾਹਿਬ ਦਾ ਕਿਲ੍ਹਾ ਛਡਣਾ ਪਿਆ। ਇਸ ਵਿਛੋੜੇ ’ਚ ਗੁਰੂ ਪ੍ਰਵਾਰ ਖ਼ੇਰੂੰ ਖ਼ੇਰੂੰ ਹੋ ਗਿਆ। ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦੇ ਗੰਗੂ ਰਸੋਈਏ ਨਾਲ ਉਸ ਦੇ ਪਿੰਡ ਖੇੜੀ ਆ ਗਏ। ਗੰਗੂ ਨੇ ਲਾਲਚ ਵਸ ਛੋਟੇ ਬੱਚਿਆਂ ਤੇ ਮਾਤਾ ਜੀ ਨੂੰ ਮੋਰਿੰਡੇ ਦੇ ਕੋਤਵਾਲ ਰਾਹੀਂ ਨਵਾਬ ਵਜ਼ੀਰ ਖ਼ਾਂ ਦੇ ਹਵਾਲੇ ਕਰ ਦਿਤਾ। ਸਾਹਿਬਜ਼ਾਦਿਆਂ ਨੂੰ ਦੀਨ ਤੋਂ ਡੁਲਾਉਣ ਦੇ ਯਤਨ ਕੀਤੇ ਗਏ ਪਰ ਸਾਹਿਬਜ਼ਾਦੇ ਡੋਲੇ ਨਾ।
ਅਖ਼ੀਰ ਉਨ੍ਹਾਂ ਨੂੰ ਨੀਹਾਂ ’ਚ ਚਿਣ ਕੇ ਸ਼ਹੀਦ ਕਰ ਦਿਤਾ ਗਿਆ। ਕਈ ਦਿਨਾਂ ਤੋਂ ਭੁੱਖ ਤੇ ਠੰਢ ਦੀ ਮਾਰ ਕਾਰਨ ਅਤੇ ਬਿਰਧ ਅਵਸਥਾ ਹੋਣ ਕਰ ਕੇ ਮਾਤਾ ਗੁਜਰੀ ਜੀ 13 ਪੋਹ ਸੰਮਤ 1761 (1704ਈ.) ਨੂੰ ਪ੍ਰਲੋਕ ਗਮਨ ਕਰ ਗਏ। ਜਿਸ ਥਾਂ ਸਾਹਿਬਜ਼ਾਦਿਆਂ ਤੇ ਮਾਤਾ ਜੀ ਦਾ ਸਸਕਾਰ ਕੀਤਾ ਗਿਆ, ਉੱਥੇ ਗੁਰਦੁਆਰਾ ਜੋਤੀ ਸਰੂਪ ਸਾਹਿਬ ਸੁਸ਼ੋਭਤ ਹੈ, ਜਿੱਥੇ ਸੰਗਤਾਂ ਸ਼ਹੀਦਾਂ ਨੂੰ ਸਿਜਦਾ ਕਰਦੀਆਂ ਹਨ। ਫ਼ਤਿਹਗੜ੍ਹ ਸਾਹਿਬ ਸ਼ਹੀਦੀ ਸਭਾ ਮੌਕੇ ਪਿਛਲੇ ਕਈ ਸਾਲਾਂ ਤੋਂ ਮਾਤਾ ਗੁਜਰੀ ਜੀ ਨੂੰ ‘ਗੁਜਰ ਕੌਰ’ ਲਿਖਿਆ ਜਾਣ ਲੱਗਾ ਹੈ ਜੋ ਕਿ ਗ਼ਲਤ ਰਵਾਇਤ ਹੈ। ਇਤਿਹਾਸ ’ਚ ਕਿਤੇ ਵੀ ਗੁਜਰ ਕੌਰ ਦਾ ਜ਼ਿਕਰ ਨਹੀਂ ਆਇਆ। ਹੁਣ ਤਕ ਅਸੀ ਮਾਤਾ ਗੁਜਰੀ ਜੀ ਹੀ ਪੜ੍ਹਦੇ-ਸੁਣਦੇ ਆਏ ਹਾਂ। ਸ਼੍ਰੋ.ਗੁ.ਪ੍ਰ. ਕਮੇਟੀ ਤੇ ਅਕਾਲ ਤਖ਼ਤ ਜੀ ਦੇ ਜਥੇਦਾਰ ਜੀ ਨੂੰ ਬੇਨਤੀ ਹੈ ਕਿ ਉਹ ਪੰਥ ਨੂੰ ਇਸ ਦੁਬਿਧਾ ਦਾ ਸ਼ਿਕਾਰ ਨਾ ਹੋਣ ਦੇਣ। ਗੁਰਦੁਆਰਾ ਜੋਤੀ ਸਰੂਪ ਸਾਹਿਬ ਦੇ ਗੇਟ ’ਤੇ ਇਕ ਬੋਰਡ ਲੱਗਾ ਹੈ ਜਿਸ ’ਤੇ ਮਾਤਾ ਗੁਜਰ ਕੌਰ ਲਿਖਿਆ ਹੋਇਆ ਹੈ। ਸੰਗਤ ਨੂੰ ਵੀ ਨਿਮਰਤਾ ਸਹਿਤ ਬੇਨਤੀ ਹੈ ਕਿ ਇਤਿਹਾਸ ਨੂੰ ਵਿਗਾੜਿਆ ਨਾ ਜਾਵੇ, ਗੁਰੂ ਸਾਹਿਬ, ਗੁਰੂ ਮਹਿਲ ਤੇ ਗੁਰਸਿੱਖਾਂ ਦੇ ਨਾਂ ਜੋ ਇਤਿਹਾਸ ਵਿਚ ਦਰਜ ਹਨ, ਉਨ੍ਹਾਂ ਨੂੰ ਹੂਬਹੂ ਉਵੇਂ ਹੀ ਲਿਖਿਆ ਜਾਵੇ ਤਾਕਿ ਪੰਥ ਵਿਚ ਦੁਬਿਧਾ ਪੈਦਾ ਨਾ ਹੋਵੇ।