ਮੱਧ ਪ੍ਰਦੇਸ਼ ਤੋਂ ਸਿਕਲੀਗਰ ਸਿੱਖਾਂ ਦਾ ਜਥਾ ਗੁਰਧਾਮਾਂ ਦੇ ਦਰਸ਼ਨਾਂ ਲਈ ਅੰਮ੍ਰਿਤਸਰ ਪੁੱਜਾ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਮੱਧ ਪ੍ਰਦੇਸ਼ ਦੇ ਵੱਖ-ਵੱਖ ਪਿੰਡਾਂ 'ਚ ਵਿਚ ਵਸਦੇ ਸਿਕਲੀਗਰ ਸਿੱਖਾਂ ਦੇ ਇਕ ਜਥੇ ਨੇ ਅੱਜ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕੀਤੇ.......

Jatha of Sikligar Sikhs from Madhya Pradesh

ਅੰਮ੍ਰਿਤਸਰ : ਮੱਧ ਪ੍ਰਦੇਸ਼ ਦੇ ਵੱਖ-ਵੱਖ ਪਿੰਡਾਂ 'ਚ ਵਿਚ ਵਸਦੇ ਸਿਕਲੀਗਰ ਸਿੱਖਾਂ ਦੇ ਇਕ ਜਥੇ ਨੇ ਅੱਜ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕੀਤੇ। ਸਿੱਖ ਕੌਂਸਲ ਆਫ਼ ਸਕਾਟਲੈਂਡ ਦੇ ਉਪਰਾਲੇ ਨਾਲ ਵੱਖ ਵੱਖ ਗੁਰ-ਅਸਥਾਨਾਂ ਦੇ ਦਰਸ਼ਨ ਕਰਨ ਪੰਜਾਬ ਪੁੱਜੇ ਸਿਕਲੀਗਰ ਸਿੱਖਾਂ ਦੇ ਇਸ ਜਥੇ ਵਿਚ 170 ਮੈਂਬਰ ਸ਼ਾਮਲ ਹਨ। ਅਪਣੀ ਅੱਠ ਦਿਨਾਂ ਦੀ ਯਾਤਰਾ ਦੇ ਪਹਿਲੇ ਦਿਨ ਜਥੇ ਵਿਚ ਸ਼ਾਮਲ ਸੰਗਤ ਵਲੋਂ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਇਲਾਵਾ ਸਥਾਨਕ ਗੁਰਦੁਆਰਾ ਸਾਹਿਬਾਨ ਦੇ ਦਰਸ਼ਨ ਕੀਤੇ ਗਏ। ਇਸੇ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਿੱਖ ਕੌਂਸਲ ਆਫ਼ ਸਕਾਟਲੈਂਡ ਦੇ ਨੁਮਾਇੰਦਿਆਂ ਅਤੇ ਸਿਕਲੀਗਰ ਸਿੱਖ ਸੰਗਤ

ਦੇ ਆਗੂਆਂ ਨੂੰ ਗੁਰੂ ਬਖ਼ਸ਼ਿਸ਼ ਸਿਰੋਪਾਉ ਦੇ ਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਸਿੱਖ ਕੌਂਸਲ ਆਫ਼ ਸਕਾਟਲੈਂਡ ਦੇ ਮੁੱਖ ਸੇਵਾਦਾਰ ਸੁਲੱਖਣ ਸਿੰਘ ਸਮਰਾ ਤੇ ਜਨਰਲ ਸਕੱਤਰ ਗੁਰਦੀਪ ਸਿੰਘ ਸਮਰਾ ਨੇ ਦਸਿਆ ਕਿ ਉਨ੍ਹਾਂ ਵਲੋਂ ਇਹ ਸੰਸਥਾ ਸੰਨ 2002 ਵਿਚ ਸ਼ੁਰੂ ਕੀਤੀ ਗਈ ਸੀ ਅਤੇ ਉਦੋਂ ਤੋਂ ਲੈ ਕੇ ਸਿਕਲੀਗਰ ਸਿੱਖਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਦਸਿਆ ਕੌਂਸਲ ਵਲੋਂ ਸਮੇਂ-ਸਮੇਂ ਜਿਥੇ ਸਿਕਲੀਗਰ ਸੰਗਤ ਨੂੰ ਗੁਰਧਾਮਾਂ ਦੇ ਦਰਸ਼ਨ ਕਰਵਾਏ ਜਾਂਦੇ ਹਨ, ਉਥੇ ਹੀ ਅੱਖਾਂ ਦੇ ਕੈਂਪ ਅਤੇ ਬੱਚਿਆਂ ਦੀ ਪੜ੍ਹਾਈ ਲਈ ਵੀ ਕਾਰਜ ਕੀਤਾ ਜਾ ਰਿਹਾ ਹੈ।