ਚੀਫ਼ ਖ਼ਾਲਸਾ ਦੀਵਾਨ ਦੇ ਨਵੇਂ ਪ੍ਰਧਾਨ ਡਾ. ਸੰਤੋਖ ਸਿੰਘ ਨੇ ਮੱਥਾ ਟੇਕਿਆ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਦੀਵਾਨ ਨਾਲ ਪਿਛਲੇ 36 ਸਾਲਾਂ ਤੋਂ ਜੁੜੇ ਡਾ.  ਸੰਤੋਖ ਸਿੰਘ ਚੀਫ਼ ਖ਼ਾਲਸਾ ਦੀਵਾਨ ਦੇ ਮੀਤ ਪ੍ਰਧਾਨ ਦੀ ਸੇਵਾ ਵੀ ਨਿਭਾ ਚੁੱਕੇ ਹਨ

Dr. Santokh Singh

 ਅੱਜ ਚੀਫ਼ ਖ਼ਾਲਸਾ ਦੀਵਾਨ ਦੇ ਨਵੇਂ ਚੁਣੇ ਗਏ ਪ੍ਰਧਾਨ ਡਾ.  ਸੰਤੋਖ ਸਿੰਘ ਤੇ ਮੀਤ ਪ੍ਰਧਾਨ ਸਰਬਜੀਤ ਸਿੰਘ ਆਦਿ ਨੇ ਗੁਰਦਵਾਰਾ ਸ੍ਰੀ ਕਲਗੀਧਰ ਸਾਹਿਬ ਵਿਖੇ ਮੱਥਾ ਟੇਕਿਆ। ਦੀਵਾਨ ਨਾਲ ਪਿਛਲੇ 36 ਸਾਲਾਂ ਤੋਂ ਜੁੜੇ ਡਾ.  ਸੰਤੋਖ ਸਿੰਘ ਚੀਫ਼ ਖ਼ਾਲਸਾ ਦੀਵਾਨ ਦੇ ਮੀਤ ਪ੍ਰਧਾਨ ਦੀ ਸੇਵਾ ਵੀ ਨਿਭਾ ਚੁੱਕੇ ਹਨ। ਡਾ. ਸੰਤੋਖ ਸਿੰਘ ਪੰਜਾਬ ਸਟੇਟ ਬ੍ਰਾਂਚ ਆਫ਼ ਇੰਡੀਅਨ ਮੈਡੀਕਲ ਐਸੋਸੀਏਸ਼ਨ ਵਲੋਂ 'ਪੰਜਾਬ ਰਤਨ ਐਵਾਰਡ' ਨਾਲ ਵੀ ਨਿਵਾਜੇ ਜਾ ਚੁੱਕੇ ਹਨ। ਭਾਗ ਸਿੱਖ ਅਣਖੀ ਆਨਰੇਰੀ ਸਕੱਤਰ ਚੀਫ ਖਾਲਸਾ ਦੀਵਾਨ ਦੇ ਧੜੇ ਨੂੰ ਡੂੰਘੀ ਸੱਟ ਵੱਜੀ ਹੈ ਜੋ ਚੋਣ ਜਿਤ ਕੇ ਬੈਠਾ ਸੀ ਪਰ ਜਿਸ ਢੰਗ ਤੇ ਵਿਉਂਤਬੰਦੀ ਨਾਲ ਚਰਨਜੀਤ ਸਿੰਘ ਚੱਢਾ ਗਰੁੱਪ ਨੇ ਕੰਮ ਕੀਤਾ, ਉਸ ਨੇ ਸਾਰਿਆਂ ਨੂੰ ਹੈਰਾਨ ਕਰ ਦਿਤਾ। ਇਹ ਵੀ ਚਰਚਾ ਹੈ ਕਿ ਭਾਗ ਸਿੰਘ ਅਣਖੀ ਗਰੁੱਪ ਵਲੋਂ ਚੋਣ ਸਬੰਧੀ ਸਹੀ ਯੋਜਨਾਬੰਦੀ ਨਹੀਂ ਕੀਤੀ ਗਈ ਜਿਸ ਦੇ ਸਿੱਟੇ ਵਜੋਂ ਰਾਜਮਹਿੰਦਰ ਸਿੰਘ ਮਜੀਠਾ ਤੇ ਨਿਰਮਲ ਸਿੰਘ ਨੂੰ ਹਾਰ ਦਾ ਮੂੰਹ ਵੇਖਣਾ ਪਿਆ।

ਭਾਵੇਂ ਸ਼ੋਮਣੀ ਅਕਾਲੀ ਦਲ ਨਾਲ ਸਬੰਧਤ ਸ਼ਹਿਰੀ ਸਿੱਖਾਂ ਨੇ ਵੀ ਪਾਰਟੀ ਉਮੀਦਵਾਰ ਦੇ ਹੱਕ ਵਿਚ ਪ੍ਰਚਾਰ ਕੀਤਾ ਪਰ ਅਸਫ਼ਲਤਾ ਮਿਲੀ। ਇਸ ਤੋਂ ਇਲਾਵਾ ਚੀਫ਼ ਖ਼ਾਲਸਾ ਦੀਵਾਨ ਦੇ ਮੈਂਬਰ ਧਨਾਢ ਅਤੇ ਆਰਥਕ ਪੱਖੋ ਮਜ਼ਬੂਤ ਹਨ, ਜਿਨ੍ਹਾਂ ਆਜ਼ਾਦੀ ਨਾਲ ਵੋਟਾਂ ਪਾਈਆਂ ਤੇ ਕਿਸੇ ਦੇ ਆਖੇ ਨਹੀਂ ਲੱਗੇ। ਇਨ੍ਹਾਂ ਦੀ ਗਿਣਤੀ 40 ਦੇ ਕਰੀਬ ਦੱਸੀ ਜਾ ਰਹੀ ਹੈ। ਧਨਰਾਜ ਸਿੰਘ ਗਰੁੱਪ ਨੂੰ ਭਾਵੇਂ ਘੱਟ ਵੋਟਾਂ ਮਿਲੀਆਂ ਪਰ ਚਰਚਾ ਹੈ ਕਿ ਉਹ ਵੀ ਆਖ਼ਰੀ ਮੌਕੇ ਪਾਸਾ ਪਲਟ ਗਏ। ਨਵੇਂ ਅਹੁਦੇ ਦੀਆਂ ਜ਼ਿੰਮੇਵਾਰੀਆਂ ਸੰਭਾਲਦਿਆਂ ਡਾ. ਸੰਤੌਖ ਸਿੰਘ ਨੇ ਸਾਰਿਆਂ ਦਾ ਧਨਵਾਦ ਕੀਤਾ ਤੇ ਇਸ ਸੇਵਾ ਨੂੰ ਨਿਭਾਉਣ ਦਾ ਭਰੋਸਾ ਦਿਤਾ। ਉਨ੍ਹਾਂ ਕਿਹਾ ਕਿ ਭਵਿੱਖ ਵਿਚ ਚੀਫ਼ ਖ਼ਾਲਸਾ ਦੀਵਾਨ ਦੀ ਕਾਰਜ ਪ੍ਰਣਾਲੀ ਨੂੰ ਪੁਰੀ ਤਰ੍ਹਾਂ ਪਾਰਦਰਸ਼ੀ ਤੇ ਲੋਕਤੰਤਰੀ ਬਣਾਉਣ ਦਾ ਹਰ ਸੰਭਵ ਯਤਨ ਕੀਤਾ ਜਾਵੇਗਾ ਤੇ ਇਸ ਮੰਤਵ ਲਈ ਲੋੜੀਂਦੀਆਂ ਤਬਦੀਲੀਆਂ ਵੀ ਕੀਤੀਆਂ ਜਾਣਗੀਆਂ।